ਅਮਰੀਕੀ ਮਜ਼ਦੂਰ ਦਿਵਸ ਦਾ ਪਿਛੋਕੜ

ਡਾ. ਚਰਨਜੀਤ ਸਿੰਘ ਗੁਮਟਾਲਾ

(ਸਮਾਜ ਵੀਕਲੀ)

ਅਮਰੀਕੀ ਮਜ਼ਦੂਰ ਦਿਵਸ ‘ਤੇ ਵਿਸ਼ੇਸ਼

ਅੱਜ ਭਾਵੇਂ 1 ਮਈ ਨੂੰ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਪਰ ਅਮਰੀਕਾ ਵਿੱਚ ਮਜ਼ਦੂਰ ਦਿਵਸ ਸਤੰਬਰ ਦੇ ਪਹਿਲੇ ਸੋਮਵਾਰ ਮਨਾਇਆ ਜਾਂਦਾ ਹੈ, ਹਾਲਾਂਕਿ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਦਾ ਜਨਮ-ਦਾਤਾ ਵੀ ਅਮਰੀਕਾ ਹੀ ਹੈ।ਇਸ ਸਾਲ ਅਮਰੀਕਾ ਵਿਚ ਇਹ ਦਿਨ 6 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ।ਅਮਰੀਕਾ ਵਾਂਗ ਕਨੇਡਾ ਵਿਚ ਇਹ ਦਿਨ ਉਸੇ ਦਿਨ ਮਨਾਇਆ ਜਾਂਦਾ ਹੈ ਤੇ ਕੌਮੀ ਛੁੱਟੀ ਹੁੰਦੀ ਹੈ।ਬਾਕੀ ਸਾਰੀ ਦੁਨੀਆਂ ਵਿਚ ਇਹ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ।ਅਮਰੀਕਾ ਤੇ ਕਨੇਡਾ ਦੀਆਂ ਮਜਦੂਰ ਜਥੇਬੰਦੀਆਂ ਪਹਿਲੀ ਮਈ ਨੂੰ ਵੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਉਂਦੀਆਂ ਹਨ।ਹੁਣ ਸੁਆਲ ਪੈਦਾ ਹੁੰਦਾ ਹੈ ਕਿ ਜਦ ਬਾਕੀ ਸਾਰੀ ਦੁਨੀਆਂ ਵਿਚ ਇਹ ਦਿਵਸ ਪਹਿਲੀ ਮਈ ਮਨਾਇਆ ਜਾਂਦਾ ਹੈ ਤਾਂ ਇਨ੍ਹਾਂ ਦੋਵਾਂ ਮੁਲਕਾਂ ਵਿਚ ਕਿਉਂ ਨਹੀਂ?ਅਮਰੀਕੀ ਹਾਕਮ ਮਈ ਦਿਵਸ ਨੂੰ ਕਮਿਉਨਿਸਟ ਪੱਖੀ ਤੇ ਅਰਾਜਕਤਾ ( ਅਨਾਰਕਿਸਟ) ਸਮਝਦੇ ਹਨ।ਜਿਵੇਂ ਦੀਵਾਲੀ ਵਾਲੇ ਦਿਨ ਭਾਰਤ ਵਿੱਚ ਕਾਰਖਾਨੇਦਾਰ ਮਜ਼ਦੂਰਾਂ ਨੂੰ ਤੋਹਫ਼ੇ ਦਿੰਦੇ ਹਨ ਉਸੇ ਤਰ੍ਹਾਂ ਅਮਰੀਕਾ ਤੇ ਕਨੇਡਾ ਵਿੱਚ ਵੀ ਮਾਲਕ ਆਪਣੇ ਨੌਕਰਾਂ ਦੀ ਖੂਬ ਸੇਵਾ ਕਰਦੇ ਹਨ। ਇਹ ਦਿਨ ਉਨ੍ਹਾਂ ਅਮਰੀਕਾ ਕਾਮਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਨੂੰ ਖੁਸ਼ਹਾਲ ਬਣਾਇਆ ਅਤੇ ਇਸ ਦੀ ਭਲਾਈ ਲਈ ਕੰਮ ਕੀਤਾ। ਅਮਰੀਕੀ ਕਿਰਤੀ ਨੇ ਨਾ ਕੇਵਲ ਅਮਰੀਕਾ ਸਗੋਂ ਸਾਰੀ ਦੁਨੀਆਂ ਲਈ ਰਾਹ ਦਸੇਰਾ ਦਾ ਕੰਮ ਕੀਤਾ ਹੈ।

ਜਿੱਥੋਂ ਤੀਕ ਇਸ ਦਿਨ ਦੀ ਸ਼ੁਰੂਆਤ ਦਾ ਸੰਬੰਧ ਹੈ, 1880 ਵਿੱਚ ਮੰਦਵਾੜੇ ਨੇ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੰਦੇ ਕਾਰਨ ਮਜ਼ਦੂਰਾਂ ਦੀ ਤਨਖਾਹ ਘੱਟ ਗਈ ਅਤੇ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਹੋਇਆ। ਇਸ ਮੌਕੇ ‘ਤੇ ਨਾਇਟਸ ਆਫ ਲੇਬਰ ਨਾਂ ਦੀ ਜਥੇਬੰਦੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਈ। ਉਸ ਨੇ ਮਜ਼ਦੂਰਾਂ ਦੀਆਂ ਪਰੰਪਰਾਗਤ ਮੰਗਾਂ, ਜਿਨ੍ਹਾਂ ਵਿੱਚ ਦਿਨ ਵਿੱਚ ਕੰਮ ਕਰਨ ਦਾ ਸਮਾਂ 8 ਘੰਟੇ ਕਰਨ, ਸਹਿਕਾਰੀ ਅਦਾਰੇ ਸਥਾਪਤ ਕਰਨ, ਬਾਲ ਮਜ਼ਦੂਰੀ ਉਪਰ ਪਾਬੰਦੀ ਲਾਉਣ, ਔਰਤਾਂ ਤੇ ਮਰਦਾਂ ਨੂੰ ਬਰਾਬਰ ਤਨਖਾਹ ਦੇਣ, ਮਜ਼ਦੂਰੀ ਅੰਕੜਿਆਂ ਲਈ ਵੱਖਰਾ ਬਿਉਰੋ ਸਥਾਪਤ ਕਰਨ, ਜ਼ੇਲ੍ਹ ਮਜ਼ਦੂਰੀ ਲਈ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ, ਪੜਾਅਵਾਰ ਇਨਕਮ ਟੈਕਸ ਲਾਉਣ, ਰੇਲਵੇ ਤੇ ਟੈਲੀਗ੍ਰਾਫ ਵਿਭਾਗ ਸਰਕਾਰ ਨੂੰ ਸੌਂਪਣ, ਪਬਲਿਕ ਜ਼ਮੀਨ ਅਸਲੀ ਆਬਾਦਕਾਰਾਂ ਲਈ ਰੀਜ਼ਰਵ ਕਰਨ ਆਦਿ ਸ਼ਾਮਲ ਸਨ, ਨੂੰ ਲੈ ਕੇ 5 ਸਤੰਬਰ 1882 ਨੂੰ ਨਿਊਯਾਰਕ ਸਿਟੀ ਵਿੱਚ ਇੱਕ ਬਹੁਤ ਵੱਡੀ ਪ੍ਰੇਡ ਦਾ ਆਯੋਜਨ ਕੀਤਾ। ਇਸ ਦਿਨ ਮੰਗਲਵਾਰ ਸੀ। ਮਜ਼ਦੂਰਾਂ ਨੇ ਆਪਣੀ ਤਨਖਾਹ ਕਟਾਕੇ ਇਸ ਪ੍ਰੇਡ ਵਿੱਚ ਭਾਗ ਲਿਆ। ਨਿਊਯਾਰਕ ਦੇ ਜਿਹੜੇ ਮਜ਼ਦੂਰ ਇਸ ਪ੍ਰੇਡ ਵਿੱਚ ਸ਼ਾਮਲ ਨਾ ਹੋਏ ਉਨ੍ਹਾਂ ਨੂੰ ਯੂਨੀਅਨ ਨੇ ਜੁਰਮਾਨਾ ਕੀਤਾ। ਇਸ ਪ੍ਰੇਡ ਵਿੱਚ ਨਿਊਯਾਰਕ ਸਿਟੀ ਦੇ ਸੈਂਟਰਲ ਲੇਬਰ ਯੂਨੀਅਨ ਦੇ ਸੈਕਟਰੀ ਮੈਥਿਊ ਮੈਗਾਇਰ ਨੇ ਇਸ ਦਿਨ ਲੇਬਰ ਡੇ ਦੇ ਤੌਰ ‘ਤੇ ਛੁੱਟੀ ਕਰਨ ਦੀ ਤਜਵੀਜ਼ ਰੱਖੀ।

ਨਾਇਟਸ ਆਫ ਲੇਬਰ ਜਥੇਬੰਦੀ ਦੀ ਨੀਂਹ 9 ਦਸੰਬਰ 1869 ਨੂੰ ਫਿਲਾਡੈਲਫੀਆ ਵਿਖੇ 9 ਦਰਜ਼ੀਆਂ ਨੇ ਹੁਨਰਮੰਦ ਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਇੱਕ ਸਾਂਝੀ ਜਥੇਬੰਦੀ ਬਨਾਉਣ ਲਈ ਰੱਖੀ ਸੀ। ਸਟੀਫਨਸ ਜੋ ਕਿ ਪੇਸ਼ੇ ਵਜੋਂ ਦਰਜ਼ੀ ਸੀ, ਇਸ ਦਾ ਲੀਡਰ ਸੀ। ਹੌਲੀ ਹੌਲੀ ਇਸ ਵਿੱਚ ਸਭ ਤਰ੍ਹਾਂ ਦੇ ਕਾਮੇ ਸ਼ਾਮਲ ਹੋ ਗਏ ਤੇ ਇਹ ਇੱਕ ਮਜ਼ਬੂਤ ਜਥੇਬੰਦੀ ਬਣ ਗਈ। ਅਸਲ ਵਿੱਚ ਇਸ ਲਾਮਬੰਦੀ ਪਿੱਛੇ ਅਮਰੀਕੀ ਗ੍ਰਹਿ ਯੁੱਧ (1861-1865) ਸੀ ਜਿਸ ਨੇ ਕਿਰਤੀਆਂ ਨੂੰ ਜਾਗਰੂਕ ਕੀਤਾ ਤੇ ਉਹ ਆਪਣੇ ਹੱਕਾਂ ਲਈ ਲਾਮਬੰਦ ਹੋਣੇ ਸ਼ੁਰੂ ਹੋਏ।

5 ਸਤੰਬਰ 1883 ਨੂੰ ਸੈਂਟਰਲ ਲੇਬਰ ਯੂਨੀਅਨ ਵਲੋਂ ਦੂਜਾ ਮਜ਼ਦੂਰ ਦਿਵਸ ਛੁੱਟੀ ਦੇ ਤੌਰ ‘ਤੇ ਮਨਾਇਆ ਗਿਆ। ਪਰ 1884 ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। 1894 ਵਿੱਚ ਯੂ.ਐਸ. ਕਾਂਗਰਸ ਨੇ ਇਸ ਨੂੰ ਕੌਮੀ ਛੁੱਟੀ ਵਜੋਂ ਮਾਨਤਾ ਦਿੱਤੀ। ਇਸ ਦਿਨ ਪ੍ਰੇਡਾਂ ਹੁੰਦੀਆਂ ਹਨ, ਮਜ਼ਦੂਰਾਂ ਤੇ ਰਾਜਨੀਤਕ ਆਗੂਆਂ ਵੱਲੋਂ ਭਾਸ਼ਨ ਦਿੱਤੇ ਜਾਂਦੇ ਹਨ।

ਜਿੱਥੋਂ ਤੀਕ 1 ਮਈ ਨੂੰ ਬਾਕੀ ਦੇਸ਼ਾਂ ਵਿੱਚ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਦਾ ਸੰਬੰਧ ਹੈ, ਇਸ ਦਾ ਪਿਛੋਕੜ ਵੀ ਅਮਰੀਕਾ ਨਾਲ ਜੁੜਿਆ ਹੋਇਆ ਹੈ। ਇਕ ਮਈ 1886 ਨੂੰ ਅਮੈਰਿਕਨ ਲੇਬਰ ਫੇਡਰੇਸ਼ਨ ਨੇ ਕੰਮ ਦਾ ਸਮਾਂ 8 ਘੰਟੇ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ। ਇਸ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਲੱਖਾਂ ਕਾਮੇ ਕੰਮ ਛੱਡ ਕੇ ਹੜਤਾਲ ਵਿੱਚ ਸ਼ਾਮਲ ਹੋ ਗਏ ਤੇ ਦਿਨ-ਬ-ਦਿਨ ਹੜਤਾਲੀ ਕਾਮਿਆਂ ਦੀ ਗਿਣਤੀ ਵੱਧਣ ਲੱਗੀ। 3 ਮਈ ਨੂੰ ਮਜ਼ਦੂਰ ਆਗੂ ਅਗਸਤ ਸਪਾਇਸ ਸ਼ਿਕਾਗੋ ਵਿਖੇ ਮੈਕ ਕਾਰਰੇ ਗਏ। ਰਾਤ ਨੂੰ ਮਜ਼ਦੂਰ ਆਗੂਆਂ ਨੇ ਮੀਟਿੰਗ ਕਰਕੇ ਇਨ੍ਹਾਂ ਮੌਤਾਂ ਦੇ ਰੋਸ ਵਜੋਂ ਰੈਲੀ ਕਰਨ ਦਾ ਫੈਸਲਾ ਕੀਤਾ।

4 ਮਈ ਨੂੰ ਸ਼ਿਕਾਗੋ ਦੇ ਹੇਅ ਮਾਰਕੀਟ ਸੁਕੇਅਰ ਵਿੱਚ ਇੱਕ ਜ਼ਬਰਦਸਤ ਰੈਲੀ ਕੀਤੀ ਗਈ। 176 ਪੁਲੀਸ ਕਰਮਚਾਰੀਆਂ ਨੇ ਇਸ ਰੈਲੀ ਨੂੰ ਖਿਡਾਉਣ ਲਈ ਕਾਮਿਆਂ ਉਪਰ ਮਿਲਟਰੀ ਦੀ ਤਰ੍ਹਾਂ ਹਮਲਾ ਕੀਤਾ। ਕਿਸੇ ਅਗਿਆਤ ਵਿਅਕਤੀ ਨੇ ਇੱਕ ਡੈਨੇਮਾਇਟ ਬੰਬ ਸੁੱਟਿਆ, ਜਿਸ ਨਾਲ ਇੱਕ ਪੁਲੀਸ ਅਫ਼ਸਰ ਮਾਰਿਆ ਗਿਆ ਤੇ ਕਈ ਜ਼ਖ਼ਮੀ ਹੋ ਗਏ। ਇਸ ਦੇ ਜੁਆਬ ਵਿੱਚ ਪੁਲੀਸ ਨੇ ਗੋਲੀ ਚਲਾ ਦਿੱਤੀ। ਘੱਟੋ ਘੱਟ 4 ਮਜ਼ਦੂਰ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਪੁਲੀਸ ਦੀ ਆਪਣੀ ਗੋਲੀ ਨਾਲ 6 ਪੁਲੀਸ ਕਰਮਚਾਰੀ ਵੀ ਮਾਰੇ ਗਏ। ਬੰਬ ਸੁੱਟਣ ਵਾਲੇ ਦਾ ਕੋਈ ਥਹੁ-ਪਤਾ ਨਾ ਲੱਗਾ। ਪੁਲੀਸ ਨੇ ਮੀਟਿੰਗ ਵਿੱਚ ਭਾਸ਼ਨ ਦੇਣ ਵਾਲਿਆਂ ਅਤੇ ਪ੍ਰਬੰਧਕਾਂ ਨੂੰ ਫੜ ਲਿਆ। ਮਜ਼ਦੂਰ ਆਗੂ ਅਲਬਰਟ ਪਾਰਸਨਸ ਬਚ ਨਿਕਲਿਆ, ਪਰ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਵੀ ਆਪਣੇ ਸਾਥੀਆਂ ਨਾਲ ਮੁਕੱਦਮੇ ਵਿੱਚ ਸ਼ਾਮਲ ਹੋ ਗਿਆ। ਅੱਠ ਆਗੂਆਂ ਉਪਰ ਮੁਕੱਦਮਾ ਚਲਾਇਆ ਗਿਆ।

ਸੱਤਾਂ ਨੂੰ ਫਾਂਸੀ ਦੀ ਸਜ਼ਾ ਅਤੇ ਇੱਕ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮੁਕੱਦਮੇ ਵਿੱਚ ਬਚਾਅ ਪੱਖ ਦੇ ਵਕੀਲ ਨੂੰ ਸੁਣਿਆ ਨਾ ਗਿਆ ਤੇ ਜਿਸ ਜੱਜ ਕੋਲ ਇਹ ਮੁਕੱਦਮਾ ਲੱਗਿਆ ਉਹ ਮਜ਼ਦੂਰ ਵਿਰੋਧੀ ਸੀ। 11 ਨਵੰਬਰ 1887 ਨੂੰ ਫਾਂਸੀ ਦੇਣ ਦੀ ਮਿਤੀ ਤਹਿ ਕੀਤੀ ਗਈ। 10 ਨਵੰਬਰ ਨੂੰ ਗਵਰਨਰ ਨੇ 2 ਦੀ ਸਜ਼ਾ ਘੱਟ ਕਰਕੇ ਉਮਰ ਕੈਦ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਨੂੰ ਫਾਂਸੀ ਲੱਗਣ ਤੋਂ ਬਚਾ ਲਿਆ ਗਿਆ। ਲਾਉਸ ਲਿੰਗ ਨੇ ਧਮਾਕਾਯੋਗ ਡੈਨੇਮਾਇਟ ਟੋਪੀ ਚੱਕ ਮਾਰ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ ਤੇ ਬਾਕੀ ਚਾਰ ਆਗੂਆਂ ਜਿਨ੍ਹਾਂ ਵਿੱਚ ਅਗਸਤ ਸਪਾਇਸ, ਅਡਲਫ ਫਿਸ਼ਰ, ਐਲਬਰਟ ਪਾਰਨਸ ਅਤੇ ਜਾਰਜ ਏਜੰਲਸ ਸ਼ਾਮਲ ਸਨ ਨੂੰ 11 ਨਵੰਬਰ ਨੂੰ ਫਾਂਸੀ ਦਿੱਤੀ ਗਈ। ਇਸ ਦਿਨ ਨੂੰ “ਬਲੈਕ ਫਰਾਈਡੇ” ਕਰਕੇ ਜਾਣਿਆ ਜਾਂਦਾ ਹੈ।

1893 ਵਿੱਚ ਉਹਨਾਂ ਦੀ ਯਾਦ ਵਿੱਚ ਹੇਅ ਮਾਰਕੀਟ ਸ਼ਹੀਦੀ ਸਮਾਰਕ ਬਣਾਇਆ ਗਿਆ ਜੋ 25 ਜੂਨ 1893 ਨੂੰ ਸਮਰਪਿਤ ਕੀਤਾ ਗਿਆ। ਇਸ ਯਾਦਗਾਰ ਦੇ ਮੱਥੇ ‘ਤੇ ਅਗਸਤ ਸਪਾਇਸ ਦੇ ਆਖਰੀ ਸ਼ਬਦ ਉਕਰੇ ਹੋਏ ਹਨ। ਅਗਲੇ ਦਿਨ ਸੂਬਾਈ ਗਵਰਨਰ ਨੇ 3 ਬਚੇ ਹੋਏ ਲੀਡਰਾਂ ਪਾਸੋਂ ਮਾਫੀ ਮੰਗੀ ਕਿਉਂਕਿ ਅਮਰੀਕੀ ਸੰਵਿਧਾਨ ਪੁਰ-ਅਮਨ ਢੰਗ ਨਾਲ ਇਕੱਠੇ ਹੋਣ ‘ਤੇ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ ਪਰ ਜੱਜ ਨੇ ਇਨ੍ਹਾਂ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ। 1889 ਵਿੱਚ ਦੂਜੀ ਸੋਸ਼ਲਿਸਟ ਇੰਟਰਨੈਸ਼ਨਲ ਦੀ ਪਹਿਲੀ ਪੈਰਿਸ ਕਾਂਗਰਸ ਨੇ ਪਹਿਲੀ ਮਈ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੇਬਰ-ਡੇ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਭਾਰਤ ਸਮੇਤ ਸਾਰੇ ਦੇਸ਼ਾਂ ਵਿੱਚ 1 ਮਈ ਨੂੰ ਅੰਤਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ।

ਇਸ ਪਿੱਛੋਂ ਅਮਰੀਕੀ ਕਿਰਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣ ਲੱਗੀਆਂ। ਕਿਰਤੀਆਂ ਨੂੰ 65 ਸਾਲ ਪਿੱਛੋਂ ਪੈਨਸ਼ਨ ਮਿਲਣ ਲੱਗੀ। ਸਮਾਜਿਕ ਸੁਰੱਖਿਆ ਮੁਹੱਈਆ ਹੋਣ ਲੱਗੀ। ਕਿਰਤੀਆਂ ਨੂੰ ਛਾਂਟੀ ਸਮੇਂ ਵਿਸ਼ੇਸ਼ ਰਾਸ਼ੀ ਦਿੱਤੀ ਜਾਣ ਲੱਗੀ। ਹੁਣ ਵੀ 6 ਮਹੀਨੇ ਤੋਂ ਵੱਧ ਨੌਕਰੀਆਂ ਤੋਂ ਹਟਾਏ ਕਾਮਿਆਂ ਨੂੰ ਸਰਕਾਰ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਕੰਮ ਦੇ ਘੰਟੇ ਨਿਸ਼ਚਿਤ ਹੋਣ ਲੱਗੇ ਤੇ ਸਰਕਾਰ ਕੰਮ ਕਰਨ ਦੇ ਘੱਟੋ ਘੱਟ ਦਰ ਨਿਸ਼ਚਿਤ ਕਰਨ ਲੱਗੀ।

 

ਡਾ. ਚਰਨਜੀਤ ਸਿੰਘ ਗੁਮਟਾਲਾ

0019375739812 ਡੇਟਨ,ਓਹਾਇਹੋ, ਯੂ ਐਸ ਏ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਲਝਿਆ ਤਾਣਾ
Next articleसत्ता के इशारे पर जांच एजेंसियों का नतमस्तक होना लोकतंत्र के लिए खतरनाक- रिहाई मंच