ਘੱਟ ਗਿਣਤੀ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਦੇ ਬੇਰੋਜਗਾਰਾਂ ਨੂੰ ਸਸਤੀ ਵਿਆਜ ਦਰ ‘ਤੇ ਦਿੱਤੇ ਜਾਂਦੇ ਕਰਜ਼ਿਆਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ
ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਵਿਅਕਤੀਆਂ ਲਈ ਸਵੈ ਰੋਜ਼ਗਾਰ ਦੀ ਸਥਾਪਤੀ ਸੰਬੰਧੀ ਚੁੱਕੇ ਜਾ ਰਹੇ ਕਦਮਾਂ ਤਹਿਤ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਘੱਟ ਗਿਣਤੀ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਦੇ ਬੇਰੋਜਗਾਰਾਂ ਨੂੰ ਸਸਤੀ ਵਿਆਜ ਦਰ ‘ਤੇ ਦਿੱਤੇ ਜਾਂਦੇ ਕਰਜ਼ਿਆਂ ਬਾਰੇ ਜਾਣਕਾਰੀ ਦੇਣ ਲਈ ਪਿੰਡ ਭਾਮ ਦੇ ਪੰਚਾਇਤ ਘਰ ਵਿਖੇ 9 ਦਸੰਬਰ ਨੂੰ ਸਵੇਰੇ 11.00 ਵਜੇ ਵਿਖੇ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ।
ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਸੰਦੀਪ ਸੈਣੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਨਾਲ ਸਬੰਧਤ ਪੜ੍ਹੇ ਲਿਖੇ ਭਾਗ ਲੈਣ ਵਾਲੇ ਬਿਨੈਕਾਰਾਂ ਨੂੰ ਬੈਕਫਿੰਕੋ ਵਲੋਂ ਸਸਤੇ ਵਿਆਜ਼ ਦਰਾਂ ‘ਤੇ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਬੈਕਫਿੰਕੋ ਦੇ ਕਾਰਜਕਾਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਲਾਏ ਜਾ ਰਹੇ ਕੈਂਪ ਵਿਚ ਬੈਕਫਿੰਕੋ ਵਲੋੰ ਮੁਹੱਈਆ ਕਰਵਾਏ ਜਾਂਦੇ ਕਰਜ਼ਿਆਂ ਦੀ ਮੁਕੰਮਲ ਸੂਚੀ ਅਤੇ ਕਰਜ਼ੇ ਪ੍ਰਾਪਤ ਕਰਨ ਬਾਰੇ ਸਾਰੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਜਾਵੇਗਾ।
ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਨੇ ਲੋਕਾਂ ਨੂੰ ਵਿਸ਼ੇਸ਼ ਕੈਂਪ ‘ਚ ਸ਼ਾਮਲ ਹੋ ਕੇ ਸਵੈ-ਰੋਜ਼ਗਾਰ ਲਈ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਡੇਅਰੀ ਫਰਮਿੰਗ, ਪੋਲਟਰੀ ਫਾਰਮਿੰਗ, ਮੱਖੀ ਪਾਲਣ, ਕਾਰਪੈਂਟਰ, ਫਰਨੀਚਰ, ਖੇਤੀਬਾੜੀ ਔਜ਼ਾਰਾਂ ਬਨਾਉਣ ਲਈ, ਇਲੈਕਟ੍ਰੀਕਲ, ਹੌਜ਼ਰੀ ਯੂਨਿਟ, ਆਰਟੀਟੈਕਟ, ਬਿਊਟੀ ਪਾਰਲਰ ਆਦਿ ਸਮੇਤ ਕਰੀਬ 55 ਵੱਖ-ਵੱਖ ਸਵੈ-ਰੋਜ਼ਗਾਰਾਂ ਦੀ ਸਥਾਪਤੀ ਲਈ ਕਰਜਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਐਨ.ਐਫ. ਬੀ.ਸੀ. ਐਫ. ਡੀ.ਸੀ. ਸਕੀਮ, ਘੱਟ ਗਿਣਤੀ ਵਰਗ ਲਈ ਐਨ.ਐਮ. ਐਫ. ਡੀ.ਸੀ. ਸਕੀਮ ਤੋਂ ਇਲਾਵਾ ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਮੁਹਾਰਤੀ ਸਿੱਖਿਆ ਲਈ ਵਿਦਿਅਕ ਕਰਜ਼ੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਪਿੰਡ ਭਾਮ ਵਿਖੇ ਵਿਸ਼ੇਸ਼ ਕੈਂਪ ਵਿਚ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਬੈਕਫਿੰਕੋ ਰਾਹੀਂ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly