(ਸਮਾਜ ਵੀਕਲੀ)- ਡਾ. ਵਿਦਵਾਨ ਲਗਭਗ 55 ਕੁ ਸਾਲ ਦੇ ਬੁੱਢੇ–ਨੌਜਵਾਨ ਸਨ। ਉੱਚੇ–ਲੰਮੇ, ਗੋਰੇ–ਚਿੱਟੇ, ਸੋਹਣੇ–ਸਨੁੱਖੇ, ਲਾਲ ਦਗਦਾ–ਮਘਦਾ ਚਿਹਰਾ, ਵਾਲ਼ ਕੱਟੇ ਹੋਏ ਪਰ ਸਦਾ ਪੱਗ ਬੰਨ੍ਹ ਕੇ ਰਖਦੇ। ਦਾਹੜੀ ਨੂੰ ਹਲਕੇ ਬਰਾਊਨ ਰੰਗ ਨਾਲ਼ ਰੰਗਦੇ। ਇਸ ਕਰਕੇ ਉਨ੍ਹਾਂ ਦਾ ਚਿਹਰਾ ਕਲਫ਼ ਨਾਲ਼ ਮੂੰਹ–ਸਿਰ ਲਿੱਪਣ ਵਾਲ਼ੇ ਬੁੱਢੇ ਠਰਕੀਆਂ ਨਾਲ਼ੋਂ, ਮੁਲਾਇਮ ਜਾਪਦਾ ਤੇ ਚਿਹਰੇ ਦੀ ਇਹ ਮੁਲਾਇਮਤਾ ਉਨ੍ਹਾਂ ਨੂੰ ਸਾਊ ਜਿਹਾ ਦਿਸਣ ਲਾ ਦਿੰਦੀ। ਸਰੀਰ ਤੇ ਦਿੱਖ ਰੋਅਬਦਾਰ। ਨਾ ਜ਼ਿਆਦਾ ਮੋਟੇ, ਨਾ ਪਤਲੇ। ਗੁਣੀ–ਗਿਆਨੀ, ਕੰਠ ਦੇ ਸੁਰੀਲੇ, ਸੰਗੀਤ ਜਗਤ ਵਿੱਚ ਘਰਾਣੇਦਾਰ ਗਾਇਕ, ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ, ਸੰਗੀਤ ਵਿਭਾਗ ਦੇ ਮੁਖੀ, ਹਸਮੁਖ ਸੁਭਾਅ, ਵਿਦਿਆਰਥੀਆਂ ਦੀ ਕੇਅਰ ਕਰਨ ਵਾਲ਼ੇ, ਵਿਦਿਆਰਥੀਆਂ ਦੇ ਹਰਮਨ ਪਿਆਰੇ ਟੀਚਰ…..।
ਬੱਸ ਇੱਕੋ ਭੈੜ ਸੀ….!! ਸੋਹਣੀਆਂ–ਸੁਨੱਖੀਆਂ ਨਾਰਾਂ ਨੂੰ ਵੇਖ ਕੇ ਉਨ੍ਹਾਂ ਦੀ ਆਸ਼ਿਕਾਨਾ ਤਬੀਅਤ ਤੇ ਲਲਚਾਈ ਨੀਅਤ ਅਕਸਰ ਤਿਲਕ ਜਾਂਦੀ। ਡਾ. ਵਿਦਵਾਨ ਨੂੰ ਜਿਹੜੀ ਨਾਰ ਪਸੰਦ ਆ ਜਾਂਦੀ ਉਹ ਉਸ ਪਿੱਛੇ ਬਾਵਰੇ ਜਿਹੇ ਹੋ ਜਾਂਦੇ ਤੇ ਉਸ ਨਾਰ ਨੂੰ ਜਲਦ ਤੋਂ ਜਲਦ ਆਪਣੇ ਹੱਥ ਹੇਠ ਕਰਨ ਲਈ ਉਤਾਵਲੇ ਹੋ ਜਾਂਦੇ। ਡਾ. ਵਿਦਵਾਨ ਸਿੰਘ ਨੇ ‘ਲਵ ਮੈਰਿਜ’ ਕਰਵਾਈ ਸੀ ਪਰ ਇਸ ਦੇ ਬਾਵਜੂਦ, ਉਨ੍ਹਾਂ ਦੇ ਕਹਿਣ ਮੁਤਾਬਕ, ਉਹ ਇੱਕ ਅਸੰਤੁਸ਼ਟ ਮਰਦ ਸਨ।
ਆਪਣੀ ਲਵ–ਮੈਰਿਜ ਬਾਰੇ ਉਹ ਅਕਸਰ ਤ੍ਰੀਮਤਾਂ ਨੂੰ ਆਖਦੇ, “ਮੈਂ ਤਾਂ ਫ਼ਿਲਮ ਦਾ ਟ੍ਰੇਲਰ ਵੇਖ ਕੇ ਫਸ ਗਿਆ ਸੀ।”
ਇੱਕ ਚੰਗੇ ਗਾਇਕ ਤੇ ਸੰਗੀਤਕਾਰ ਵਜੋਂ ਸੰਗੀਤ ਜਗਤ ਵਿੱਚ ਉਨ੍ਹਾਂ ਦੀ ਕਾਫ਼ੀ ਸੋਭਾ ਸੀ ਪਰ ਇਹ ਸੰਗੀਤ, ਇਹ ਸੋਭਾ ਵੀ ਉਨ੍ਹਾਂ ਨੂੰ ਸੰਤੁਸ਼ਟੀ ਨਾ ਦਿੰਦੇ। ਇਸੇ ਅਸੰਤੁਸ਼ਟੀ ਦੇ ਮਾਰੇ ਉਹ ਹਰ ਸੋਹਣੀ ਲਗਦੀ ਕੁੜੀ ਨੂੰ ਪ੍ਰਾਪਤ ਕਰਨ ਲਈ ਲਲਾਇਤ ਹੋ ਉੱਠਦੇ।
ਡਾ. ਵਿਦਵਾਨ ਹੁਣ ਰਿਟਾਇਰਮੈਂਟ ਦੇ ਨੇੜੇ ਸਨ ਪਰ ਫੇਰ ਵੀ ਉਨ੍ਹਾਂ ਦੀ ਆਸ਼ਿਕਾਨਾ ਤਬੀਅਤ ਵਿੱਚ ਕੋਈ ਫ਼ਰਕ ਨਾ ਆਇਆ। ਸੁਣਿਆ ਏ ਉਨ੍ਹਾਂ ਦੀ ਬੀਵੀ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਨੂੰ ਛੱਡ ਕੇ, ਆਪਣੀ ਧੀ ਕੋਲ਼ ਆਸਟ੍ਰੇਲੀਆ ਚਲੀ ਗਈ ਏ। ਬੀਵੀ ਦੇ ਜਾਣ ਤੋਂ ਤਾਂ ਬਾਅਦ ਡਾ. ਵਿਦਵਾਨ ’ਤੇ ਕੋਈ ਅੰਕੁਸ਼ ਬਾਕੀ ਨਾ ਰਿਹਾ। ਉਹ ਹੁਣ ਬੇਖ਼ੌਫ਼ ਖੁੱਲ੍ਹਾ ਖੇਡਦੇ ਸਨ, ਬੱਸ ਇੰਨੀ ਅਹਿਤਿਆਤ ਜ਼ਰੂਰ ਵਰਤਦੇ ਕਿ ਉਨ੍ਹਾਂ ਦੀ ਸਾਖ ਨੂੰ ਵੱਟਾ ਨਾ ਲੱਗੇ ਕਿਉਂਕਿ ਉਹ ਇੱਕ ਦਿਲਫੇਂਕ ਆਸ਼ਿਕ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਵੀ ਸਨ ਤੇ ਸੰਗੀਤ ਵਿਭਾਗ ਦੇ ਮੁਖੀ ਵੀ।
ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿੰਨੀਆਂ ਕੁੜੀਆਂ, ਔਰਤਾਂ ਆਈਆਂ, ਉਨ੍ਹਾਂ ਨੂੰ ਵੀ ਯਾਦ ਨਹੀਂ। ਆਪਣੇ ਦੋਸਤਾਂ ਦੀ ਮਹਿਫ਼ਿਲ ਵਿੱਚ ਉਹ ਅਕਸਰ ਇਸ ਗੱਲ ਦੇ ਦਮਗਜ਼ੇ ਮਾਰਦੇ, “ਜਿੰਨੇ ਮੇਰੀ ਦਾਹੜੀ ਵਿੱਚ ਧੌਲੇ ਨੇ… ਇੰਨੀਆਂ ਕੁ ਤ੍ਰੀਮਤਾਂ ਨੂੰ ਤਾਂ ਮੈਂ ਹੁਣ ਤੱਕ ਭੋਗ ਚੁੱਕਾਂ।”
“ਪਰ ਤੁਸੀਂ ਤਾਂ ਦਾਹੜੀ ਰੰਗ ਕੇ ਰੱਖਦੇ ਓ !!”
“ਇਸ਼ਕ ਤੇ ਧੌਲੇ ਛੁਪਾਏ ਹੀ ਜਾਂਦੇ ਨੇ, ਦਿਖਾਏ ਨਹੀਂ ਜਾਂਦੇ।” ਇੰਨਾ ਆਖ ਕੇ ਡਾ. ਸਾਹਬ ਉੱਚਾ ਹਾਸਾ ਹਸਦੇ। ਬਾਕੀ ਵੀ ਨਾਲ਼ ਹਸਦੇ, ਬਾਕੀਆਂ ਦਾ ਹਾਸਾ ਲੱਚਰ ਜਿਹਾ ਲਗਦਾ…. ਪਰ ਸੰਗੀਤ ਦੇ ਧਨੀ ਡਾ. ਸਾਹਬ ਦਾ ਹਾਸਾ ‘ਵਲਗਰ’ ਜਿਹਾ ਨਹੀਂ ਸੀ ਜਾਪਦਾ….।
(ਮੇਰੀ ਛਪ ਚੁੱਕੇ ਕਹਾਣੀ–ਸੰਗ੍ਰਿਹ ”ਬੰਦਾ ਮਾਰਨਾ ਕਿਹੜਾ ਸੌਖਾ ਕੰਮ ਐ !!” ਵਿੱਚੋਂ)
ਸਵਾਮੀ ਸਰਬਜੀਤ
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly