ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਬਸਪਾ ਫਿਲੌਰ ਵਿੱਚ ਕਰੇਗੀ ਪੰਜਾਬ ਸੰਭਾਲੋ ਰੈਲੀ

ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ

ਫ਼ਿਲੌਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ 14 ਅਪ੍ਰੈਲ ਨੂੰ ਫ਼ਿਲੌਰ ਦੇ ਪਿੰਡ ਨੰਗਲ ਵਿੱਚ ਜ਼ਿਲ੍ਹਾ ਪੱਧਰੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਰੈਲੀ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਰੱਖੀ ਗਈ ਹੈ ਤੇ ਇਸਨੂੰ ਵੀ ‘ਪੰਜਾਬ ਸੰਭਾਲੋ ਰੈਲੀ’ ਦਾ ਨਾਂ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਸੋਮਵਾਰ ਨੂੰ ਇੱਥੇ ਗੁਰਾਇਆ ਵਿਖੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਬਸਪਾ ਵੱਲੋਂ ਜਿਸ ਨੰਗਲ ਪਿੰਡ ਵਿੱਚ ਇਹ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉੱਥੇ ਹੀ ਲੱਗੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ‘ਤੇ 31 ਮਾਰਚ ਨੂੰ ਬਾਬਾ ਸਾਹਿਬ ਵਿਰੋਧੀ ਨਾਅਰੇ ਲਿਖੇ ਗਏ ਸਨ ਅਤੇ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿੱਚ ਬਸਪਾ ਵੱਲੋਂ ਲਗਾਤਾਰ ਦਿਨ-ਰਾਤ ਦਾ ਧਰਨਾ ਦੇ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਇਸ ਕਰਕੇ ਪਾਰਟੀ ਨੇ ‘ਬਾਬਾ ਸਾਹਿਬ ਦੇ ਸਨਮਾਨ ਵਿੱਚ ਬਸਪਾ ਮੈਦਾਨ ਵਿੱਚ’ ਦਾ ਨਾਅਰਾ ਵੀ ਰੈਲੀ ਲਈ ਦਿੱਤਾ ਹੈ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਨੰਗਲ ਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਹੋ ਰਹੀਆਂ ਘਟਨਾਵਾਂ ਕਾਰਨ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਵਿੱਚ ਕਾਫੀ ਰੋਸ ਹੈ ਤੇ ਇਸ ਕਰਕੇ ਵੱਡੀ ਗਿਣਤੀ ਵਿੱਚ ਬਾਬਾ ਸਾਹਿਬ ਦੇ ਪੈਰੋਕਾਰ ਇਸ ਰੈਲੀ ਵਿੱਚ ਪਹੁੰਚਣਗੇ ਤੇ ਬਾਬਾ ਸਾਹਿਬ ਵਿਰੋਧੀ ਸਰਕਾਰਾਂ ਦੇ ਪਿੱਠੂਆਂ ਨੂੰ ਜਵਾਬ ਦੇਣਗੇ। ਉਨ੍ਹਾਂ ਦੱਸਿਆ ਕਿ ਰੈਲੀ ਦਾ ਸਮਾਂ 14 ਅਪ੍ਰੈਲ ਨੂੰ 2.30 ਵਜੇ ਰੱਖਿਆ ਗਿਆ ਹੈ। ਮੀਟਿੰਗ ਵਿੱਚ ਬਸਪਾ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਸੰਬੋਧਿਤ ਕੀਤਾ। ਇਸ ਮੀਟਿੰਗ ਵਿੱਚ ਵਰਕਰਾਂ ਨੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੂੰ ਮਿਲੀ ਧਮਕੀ ਦੇ ਮੱਦੇਨਜ਼ਰ ਸੂਬਾ ਸਰਕਾਰ ਖਿਲਾਫ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਿਲਕੁਲ ਢਿੱਲ ਮੁੱਲ ਰਵਈਆ ਅਪਣਾਇਆ ਜਾ ਰਿਹਾ ਹੈ। ਵਰਕਰਾਂ ਨੇ ਕਿਹਾ ਕਿ ਬਸਪਾ ਲੀਡਰਸ਼ਿਪ ਪ੍ਰਤੀ ਇਸ ਤਰ੍ਹਾਂ ਦਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬਸਪਾ ਦੇ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਤੀਰਥ ਰਾਜਪੁਰਾ, ਇੰਜ. ਜਸਵੰਤ ਰਾਏ, ਲਾਲ ਚੰਦ ਔਜਲਾ, ਸੀਨੀਅਰ ਡਿਪਟੀ ਮੇਅਰ ਫਗਵਾੜਾ ਤੇਜ ਪਾਲ ਬਸਰਾ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ, ਹਰਭਜਨ ਬਲਾਲੋਂ, ਖੁਸ਼ੀ ਰਾਮ ਸਰਪੰਚ, ਜਗਦੀਸ ਦੀਸ਼ਾ, ਪਰਮਜੀਤ ਮੱਲ, ਕੌਂਸਲਰ ਦਵਿੰਦਰ ਸੂਦ ਗੋਗਾ, ਚਿਰੰਜੀ ਲਾਲ, ਲੇਖ ਰਾਜ ਜਮਾਲਪੁਰ, ਸੁਖਵਿੰਦਰ ਬਿੱਟੂ, ਜਤਿੰਦਰ ਹੈਪੀ, ਪਰਦੀਪ ਮੱਲ, ਪਰਮਿੰਦਰ ਬੋਧ, ਹਰਮੇਸ਼ ਭਾਰ ਸਿੰਘ ਪੁਰੀ ਤੇ ਹੋਰ ਸਾਥੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਨੂ ਨੂੰ ਵਿਦੇਸ਼ ਵਿੱਚੋਂ ਭਾਰਤ ਵਾਪਸ ਬੁਲਾ ਕੇ ਐਨ.ਐਸ.ਏ ਲਗਾਈ ਜਾਵੇ
Next articleਯੁਵਕ ਸੇਵਾਵਾਂ ਕਲੱਬ ਰਜਿ: ਪਿੰਡ ਪੂਨੀਆਂ ਵੱਲੋਂ ਸਕੂਲੀ ਬੱਚਿਆਂ ਦਾ ਸਨਮਾਨ