ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਦਲਿਤ ਸਮਾਜ ਨੂੰ ਪੰਜਾਬ ਵਿੱਚ ਅੰਮ੍ਰਿਤਸਰ ਸਮੇਤ ਬਾਬਾ ਸਾਹਿਬ ਦੇ ਬੁੱਤ ਨਾਲ ਕੀਤੇ ਗਏ ਖਿਲਵਾੜ ਦੀ ਘਟਨਾਵਾਂ ਅਜੇ ਭੁੱਲੀਆਂ ਨਹੀਂ ਤੇ ਲਗਾਤਾਰ ਫਿਰ ਅਜਿਹੀ ਘਟਨਾ ਦਾ ਵਾਪਰਨਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਫੇਲ ਸਾਬਿਤ ਹੋ ਰਹੀਆਂ ਹਨ। ਇਹ ਘਟਨਾਵਾਂ ਪੰਜਾਬ ਦੇ ਆਪਸੀ ਭਾਈਚਾਰਕ ਮਹੌਲ ਅਤੇ ਅਮਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸ਼ਬਦ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਸਮਾਜ ਸੇਵਕ ਧਰਮ ਪਾਲ ਪੈਂਥਰ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਹੇ। ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਫਿਲੌਰ ਵਿਖੇ ਕਰੋੜਾਂ ਲੋਕਾਂ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤੀਦਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਬੇਅਦਬੀ ਤੋਂ ਉਪਰੰਤ ਵੀਡੀਓ ਦੇ ਦੁਆਰਾ ਦਿੱਤੇ ਗਏ ਭੜਕਾਊ ਭਾਸ਼ਣ ਨਾਲ ਦਲਿਤ ਸਮਾਜ ਦੇ ਹਿਰਦੇ ਵਲੂੰਧਰੇ ਗਏ । ਜਿਸ ਨੂੰ ਦਲਿਤ ਸਮਾਜ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਸ਼੍ਰੀ ਪੈਂਥਰ ਨੇ ਕਿਹਾ ਕਿ ਸਿੱਖ ਧਰਮ ਨੇ ਹਮੇਸ਼ਾਂ ਹੀ ਦੁਨੀਆਂ ਨੂੰ ਮਾਨਵਤਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਹੈ ਪਰ ਪਨੂੰ ਵਰਗੇ ਘਟੀਆ ਕਿਸਮ ਦੇ ਲੋਕ ਸਿੱਖੀ ਦੀ ਆੜ ਵਿੱਚ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖੇਡ ਕੇ ਹੱਸਦੇ ਵੱਸਦੇ ਪੰਜਾਬ ਨੂੰ ਫਿਰ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪੈਂਥਰ ਨੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਦੇ ਝਾਂਸੇ ਵਿੱਚ ਆ ਕੇ ਰਾਸ਼ਟਰ ਵਿਰੋਧੀ ਜਾਂ ਸਮਾਜ ਵਿੱਚ ਗਲਤ ਕਾਰਵਾਈਆਂ ਕਰਕੇ ਆਪਣਾ ਭਵਿੱਖ ਖ਼ਰਾਬ ਨਾ ਕਰੋ। ਪੰਨੂ ਵਰਗੇ ਇਨਸਾਨ ਨੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਾ ਪੜ੍ਹਿਆ ਨਾ ਹੀ ਕਦੇ ਜਾਨਣ ਦੀ ਕੋਸ਼ਿਸ਼ ਕੀਤੀ। ਅਜਿਹੇ ਲੋਕ ਹਮੇਸ਼ਾਂ ਭਾਰਤੀ ਸੰਵਿਧਾਨ ਦੇ ਖਿਲਾਫ ਘਟੀਆ ਤੋਂ ਘਟੀਆ ਬਿਆਨਬਾਜੀ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਖਾਲਿਸਤਾਨ ਦੀ ਆੜ ਵਿੱਚ ਅੱਤਵਾਦੀਆਂ ਵਲੋਂ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਦਲਿਤ ਸਮਾਜ ਦੇ ਲੋਕ ਕਦੀ ਵੀ ਬਰਦਾਸਤ ਨਹੀਂ ਕਰਨਗੇ। ਸ਼੍ਰੀ ਪੈਂਥਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਦੇਸ਼ ਦਾ ਜਾਂ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਉਨ੍ਹਾਂ ਵਿਰੁੱਧ ਤੁਰੰਤ ਸਖਤ ਤੋਂ ਸਖਤ ਕਾਰਵਾਈ ਕਰਕੇ ਬਣਦੀ ਸਜਾ ਦਿੱਤੀ ਜਾਵੇ।
https://play.google.com/store/apps/details?id=in.yourhost.samaj