ਬਟਾਲਾ (ਸਮਾਜ ਵੀਕਲੀ): ਗੁਰੂ ਨਾਨਕ ਦੇਵ ਜੀ ਦਾ ਬਾਰਾਤ ਰੂਪੀ ਨਗਰ ਕੀਰਤਨ ਅੱਜ ਦੇਰ ਸ਼ਾਮ ਸੁਲਤਾਨਪੁਰ ਲੋਧੀ ਤੋਂ ਬਟਾਲਾ ਪਹੁੰਚ ਗਿਆ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸ਼ੁਭਪ੍ਰੀਤ ਸਿੰਘ ਸ਼ਾਹਬਾਦ, ਸੀਨੀਅਰ ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ਸਮੇਤ ਬਾਕੀ ਸੰਗਤ ਨੇ ਬਟਾਲਾ-ਜਲੰਧਰ ਰੋਡ ’ਤੇ ਸਥਿਤ ਪਿੰਡ ਆਦੋਵਾਲੀ ਤੇ ਬੂੜੇਨੰਗਲ ਕੋਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਏ ਬਾਰਾਤ ਰੂਪੀ ਨਗਰ ਕੀਰਤਨ ਵਿੱਚ ਸੰਗਤ ਸ਼ਬਦ ਗਾਇਨ ਕਰ ਰਹੀ ਸੀ। ਸਵੇਰੇ ਇਹ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਪਹੁੰਚੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਗੁਤਿੰਦਰਪਾਲ ਸਿੰਘ ਮਾਂਟੂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਬਾਰਾਤ ਰੂਪੀ ਨਗਰ ਕੀਰਤਨ ਦੇਰ ਰਾਤ ਗੁਰਦੁਆਰਾ ਸਤਕਰਤਾਰੀਆ ਸਾਹਿਬ ਪਹੁੰਚਿਆ। ਸਵੇਰੇ ਮਾਤਾ ਸੁਲੱਖਣੀ ਜੀ ਦੇ ਘਰ ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ’ਚੋਂ ਗੁਜ਼ਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਪਹੁੰਚੇਗਾ।
ਜ਼ਿਕਰਯੋਗ ਹੈ ਕਿ ਇੱਥੇ ਸੀਵਰੇਜ ਪਾਉਣ ਲਈ ਗਲੀਆਂ ਪੱਟੀਆਂ ਹੋਈਆਂ ਹਨ। ਬੀਤੇ ਤਿੰਨ ਦਿਨਾਂ ਤੋਂ ਇੱਥੇ ਮੀਂਹ ਪੈਣ ਕਰਕੇ ਚਿੱਕੜ ਬਣ ਗਿਆ ਹੈ, ਜਿਸ ਕਾਰਨ ਸੰਗਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly