ਅਮਨਦੀਪ ਕੌਰ
(ਸਮਾਜ ਵੀਕਲੀ) ਨਿਮਰਤਾ ਅਤੇ ਪਿਆਰ ਸਤਿਕਾਰ ਦੇ ਪੁੰਜ ਬਾਬਾ ਨਾਨਕ ਜੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਸਤਿਕਾਰ ਵਜੋਂ ਯਾਦ ਕੀਤਾ ਜਾਂਦਾ ਹੈ ਓਹਨਾਂ ਦੀਆਂ ਅਣਮੁੱਲ ਸਿੱਖਿਆਵਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ ਜਿੰਦਗੀ ਜਿਓਣ ਦੇ ਡੂੰਘੇ ਅਧਿਐਨ ਅਤੇ ਵਿਸ਼ਲੇਸ਼ਣ ਤੋਂ ਓਹਨਾਂ ਨੇ ਸਾਨੂੰ ਸਾਦੇ ਅਤੇ ਚੰਗੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਓਹਨਾਂ ਦੇ ਵਿਚਾਰਾਂ ਨੂੰ ਅਸੀਂ ਸਾਰਿਆਂ ਨੇ ਇਤਿਹਾਸਕਾਰਾਂ ਤੋਂ ਸੁਣਿਆਂ ਅਤੇ ਗ੍ਰੰਥਾਂ ਵਿਚੋਂ ਪੜ੍ਹਿਆ ਵੀ ਹੈ, ਪਰ ਇੱਥੇ ਸਵਾਲ ਇਹ ਹੈ ਕਿ ਅਸੀਂ ਓਹਨਾਂ ਦੀਆਂ ਸਿੱਖਿਆਵਾਂ ਤੋਂ ਕਿੰਨਾ ਕੁਝ ਸਿੱਖਿਆ ਅਤੇ ਜੀਵਨ ਵਿਚ ਧਾਰਿਆ ਹੈ ਓਹਨਾਂ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਅਤੇ ਅਸੀਂ ਗੁਰਪੁਰਬ ਤੇ ਵਾਧੂ ਰੌਲਾ ਰੱਪਾ ਅਤੇ ਆਤਿਸ਼ਬਾਜ਼ੀਆਂ ਆਦਿ ਕਰਦੇ ਹਾਂ ਓਹਨਾਂ ਤਾਂ ਕਦੇ ਨਹੀਂ ਆਖਿਆ ਕਿ ਇਸ ਤਰੀਕੇ ਇਹ ਦਿਨ ਮਨਾਏ ਜਾਣ ਨਾ ਹੀ ਇਹ ਕਿਸੇ ਇਤਿਹਾਸਿਕ ਗ੍ਰੰਥ ਵਿੱਚ ਹੀ ਲਿਖਿਆ ਕਿ ਗੁਰਪੁਰਬ ਵਰਗੇ ਪਵਿੱਤਰ ਦਿਨਾਂ ਨੂੰ ਅਸੀਂ ਸੜਕਾਂ ਤੇ ਖੱਪ ਪਾਈਏ, ਮੋਟਰਸਾਈਕਲਾਂ ਤੇ ਉੱਚੀ ਉੱਚੀ ਪਟਾਕੇ ਪਾਕੇ ਗੁਰਪੁਰਬ ਮਨਾਉਣਾ ਕਿੰਨਾ ਕੂ ਸਹੀ ਹੈ, ਦਰਅਸਲ ਅੱਜ ਲੋਕ ਇਸ ਕਦਰ ਪਖੰਡੀ ਅਤੇ ਕਰਮਕਾਂਡੀ ਹੋ ਗਏ ਹਨ ਕਿ ਓਹਨਾਂ ਗੁਰੂ ਨਾਨਕ ਦੇਵ ਜੀ ਦੀ ਕਿਸੇ ਇੱਕ ਸਿੱਖਿਆ ਨੂੰ ਵੀ ਪੱਲੇ ਨਹੀਂ ਬੰਨ੍ਹਿਆ ਅਸੀਂ ਤਾਂ ਬਸ ਪੁਜਾਰੀਵਾਦ ਵੱਲ ਵੱਧਦੇ ਜਾ ਰਹੇ ਹਾਂ ਹਾਲਾਂਕਿ ਓਹਨਾਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਵੀ ਆਖਿਆ ਹੈ ਪਰ ਵਾਧੂ ਦੇ ਵਹਿਮ ਤਿਆਗਣ ਲਈ ਵੀ ਉਪਦੇਸ਼ ਦਿੱਤੇ ਹਨ ਓਹਨਾਂ ਸ਼ਰਾਧ ਅਤੇ ਪਿੱਤਰਾਂ ਆਦਿ ਨੂੰ ਮਰਨ ਤੋਂ ਬਾਦ ਪੁੱਜਣ ਮੰਨਣ ਦੀ ਮਨ੍ਹਾਹੀ ਕੀਤੀ ਹੈ ਪਰ ਪੁੱਠੀ ਮੱਤ ਵਾਲ਼ੇ ਲੋਕ ਓਹਨਾਂ ਦਾ ਵੀ ਸ਼ਰਾਧ ਮਨਾਈ ਜਾਂਦੇ ਹਨ, ਮੜ੍ਹੀਆਂ ਮਸਾਣੀਆਂ ਤੇ ਜਾ ਜਾ ਮੱਥੇ ਟੇਕਦੇ ਹਾਂ, ਜੰਡਾਂ, ਪਿੱਪਲਾਂ ਨੂੰ ਲੱਸੀਆਂ ਪਾਉਂਦੇ ਹਾਂ ਮੈਨੂੰ ਸਮਝ ਨਹੀਂ ਆਉਂਦੀ ਖੇਤਾਂ ਮੜ੍ਹੀਆਂ ਵਿਚ ਕਿਹੜੇ ਸ਼ਹੀਦ ਹੋਏ ਹਨ ਅਤੇ ਨਾ ਹੀ ਅਸੀਂ ਆਪਣੇ ਦਾਦੇ, ਪੜਦਾਦਿਆਂ ਨੂੰ ਸ਼ਹੀਦ ਕਹਿ ਸਕਦੇ ਹਾਂ ਓਹ ਆਮ ਬੰਦਿਆਂ ਵਾਂਗੂੰ ਹੀ ਆਪਣੀ ਉਮਰ ਭੋਗ ਤੁਰ ਗਏ ਹਨ ਓਹ ਕਿਸੇ ਸਮਾਜਿਕ ਜੰਗ ਵਿੱਚ ਲੜ੍ਹਦੇ ਹੋਏ ਥੋੜ੍ਹਾ ਸ਼ਹੀਦ ਹੋਏ ਹਨ!
ਹਾਂ ਆਪਣੇ ਬੁਜੁਰਗਾਂ ਦਾ ਸਤਿਕਾਰ ਕਰੋ ਪਰ ਜਿਉਂਦੇ ਜੀਅ, ਤਾਂ ਜੋ ਓਹਨਾਂ ਦੀ ਵੀ ਰੂਹ ਖਿੜੀ ਰਹੇ, ਪਰ ਨਹੀਂ ਅਸੀਂ ਤਾਂ ਪੁੱਠੇ ਪਾਸੇ ਹੀ ਤੁਰਨਾਂ ਜਿਉਂਦੇ ਜੀਅ ਨੂੰ ਅਸੀਂ ਪਾਣੀ ਦੀ ਘੁੱਟ ਲਈ ਵੀ ਤਰਸਾਉਂਦੇ ਹਾਂ ਅਤੇ ਮੋਇਆਂ ਮਗਰੋਂ ਖੀਰ ਕੜਾਹ, ਮੜ੍ਹੀਆਂ ਤੇ ਲਈ ਫਿਰਦੇ ਹਾਂ ਅਖੇ ਏਦਾਂ ਪਿੱਤਰ ਖੁਸ਼ ਹੋਣਗੇ, ਭਲਾਂ ਜਿਸਨੂੰ ਤੁਸੀਂ ਜਿਉਂਦੇ ਜੀ ਖੁਸ਼ ਨਹੀਂ ਕਰ ਸਕੇ ਓਹ ਮਰਨ ਤੋਂ ਬਾਦ ਕਿਵੇਂ ਖੁਸ਼ ਹੋਵੇਗਾ?
ਇਹ ਮਨਘੜ੍ਹਤ ਗੱਲਾਂ ਵੇਖ ਸੁਣ ਕੇ ਹਾਸਾ ਆਉਂਦਾ ਹੈ, ਖ਼ੈਰ ਬਹੁਤ ਅਜਿਹੇ ਵੀ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਿਜਦਾ ਕਰਦੇ ਹਨ ਅਤੇ ਮੰਨਦੇ ਵੀ ਹਨ ਅਤੇ ਵਾਧੂ ਕਰਮਕਾਂਡ ਨਹੀਂ ਕਰਦੇ ਭਾਵੇਂ ਓਹਨਾਂ ਨੂੰ ਸਮਾਜ ਕੁਝ ਵੀ ਕਹੇ ਓਹ ਅੱਟਲ ਰਹਿੰਦੇ ਹਨ, ਆਓ ਆਪਾਂ ਵੀ ਇਸ ਵਾਰ ਪੂਰਾ ਮਨ ਬਣਾਈਏ ਕਿ ਅਸੀਂ ਵਾਧੂ ਦੇ ਪਖੰਡ ਤਿਆਗ ਕੇ ਗੁਰੂ ਨਾਨਕ ਦੇਵ ਜੀ ਦੀ ਅਸਲ ਸਿੱਖਿਆ ਨੂੰ ਜੀਵਨ ਵਿਚ ਧਾਰਨ ਕਰਾਂਗੇ, ਹਰ ਧੀ ਭੈਣ, ਮਾਂ ਦਾ ਸਤਿਕਾਰ ਕਰਾਂਗੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਅਤੇ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ, ਹਰ ਮਨੁੱਖ ਨੂੰ ਆਪਣੇ ਵਰਗਾ ਹੀ ਜਾਨਣਾ ਅਤੇ ਕਿਸੇ ਗਰੀਬ ਮਸਕੀਨ ਨਾਲ ਧੋਖਾ ਨਹੀਂ ਕਰਨਾਂ ਸਦਾ ਆਪਣੇ ਹੱਕ ਦਾ ਹੀ ਖਾਣਾ, ਪਰਾਏ ਹੱਕ ਨੂੰ
ਜ਼ਹਿਰ ਸਮਝਣਾ, ਅਤੇ ਸਾਦਾ ਜੀਵਨ ਬਤੀਤ ਕਰਨਾ, ਜਿੱਥੇ ਤੱਕ ਪਹੁੰਚ ਹੋਵੇ ਲੋੜ੍ਹ ਵੇਲੇ ਮਦਦ ਕਰਨੀ, ਨਾ ਜੁਲਮ ਕਰਨਾ ਨਾ ਸਹਿਣਾ, ਸੁਭਾਅ ਵਿਚ ਨਿਮਰਤਾ ਰੱਖਣੀ ਸਾਰਿਆਂ ਦਾ ਮਾਣ ਸਤਿਕਾਰ ਕਰਨਾ ਇਹੋ ਗੱਲਾਂ ਸਾਨੂੰ ਅਸਲ ਸਿੱਖ ਬਣਾਉਂਦੀਆਂ ਹਨ, ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹਨਾਂ ਸਿੱਖਿਆਵਾਂ ਨੂੰ ਧਾਰਿਆ ਅਤੇ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ ਸਾਨੂੰ ਵੀ ਓਹਨਾਂ ਦੇ ਦੱਸੇ ਅਸਲ ਮਾਰਗ ਤੇ ਤੁਰਨ ਦੀ ਲੋੜ ਹੈ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly