ਬਲਾਚੌਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਪਿੰਡ ਥੋਪੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨ ਸਿੰਘ, ਰਘਵੀਰ ਸਿੰਘ ਨਵਜੋਤ ਸਿੰਘ ਲਾਦੀ , ਮਨੀ ਲਾਦੀ ਅਤੇ ਬਾਬਾ ਹਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਬਾਬਾ ਹਰਜਿੰਦਰ ਸਿੰਘ ਬਰਾੜ ਨੇ ਸੰਗਤਾਂ ਨੂੰ ਦੱਸਿਆ ਕਿ ਧੰਨ ਧੰਨ ਬਾਬਾ ਗੁਰਦਿੱਤਾ ਜੀ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਅਤੇ ਸਤਿਕਾਰਤ ਸ਼ਖਸੀਅਤ ਹਨ। ਉਹ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਅਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਿਤਾ ਸਨ।ਕਿਹਾ ਜਾਂਦਾ ਹੈ ਕਿ ਬਾਬਾ ਜੀ ਦਾ ਮੁਹਾਂਦਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਮਿਲਦਾ ਸੀ। ਇਸੇ ਕਰਕੇ ਆਪ ਜੀ ਨੂੰ “ਦੀਨ ਦੁਨੀ ਦਾ ਟਿੱਕਾ” ਵੀ ਕਿਹਾ ਜਾਂਦਾ ਹੈ। ਆਪ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਸੁਭਾਅ ਅਤੇ ਪ੍ਰਭੂ ਭਗਤੀ ਵਾਲੇ ਸਨ। ਇਹ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ। ਇਸ ਮੌਕੇ ਪਿੰਡਾਂ ਦੀਆਂ ਸੰਗਤਾਂ ਵਿੱਚ ਭਾਰੀਉਤਸ਼ਾਹ ਦੇਖਣ ਨੂੰ ਮਿਲਿਆ। ਨਗਰ ਕੀਰਤਨ ਥੋਪੀਆ ਤੋਂ ਚੱਲ ਕੇ ਧੌਲਾਂ ,ਟੱਪਰੀਆਂ ਆਕਲਿਆਣਾ, ਮੌਜੇਵਾਲ, ਫਿਰਨੀ ਮਜਾਰਾ, ਜਗਤਪੁਰ, ਸਿਆਣਾ, ਬਲਾਚੌਰ ਤੋਂ ਹੁੰਦਾ ਹੋਇਆ ਪਿੰਡ ਥੋਪੀਆ ਸਮਾਪਤ ਹੋਇਆ ।ਜਿਸ ਵੀ ਰਸਤੇ ਤੋਂ ਗੁਜ਼ਰਿਆ, ਉੱਥੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਫੁੱਲਾਂ ਵਾਲੀ ਪਾਲਕੀ ਵਿੱਚ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਪਿੰਡ ਸਿਆਣਾ ਪਹੁੰਚਣ ਤੇ ਸਿਆਣੇ ਦੀ ਸਮੂਹ ਸੰਗਤ ,ਪੰਚਾਇਤ ਮੈਂਬਰਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਉਪਰੰਤ ਪੰਚਾਇਤ ਵੱਲੋਂ ਗੁਰੂ ਰੂਪ ਪੰਜ ਪਿਆਰਿਆਂ ਨੂੰ ਬੜੇ ਅਦਬ ਅਤੇ ਸਤਿਕਾਰ ਨਾਲ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ‘ਤੇ ਗੁਰੂ ਘਰ ਦੀ ਸੇਵਾ ਕਰਨਾ ਅਤੇ ਪੰਜ ਪਿਆਰਿਆਂ ਦਾ ਆਸ਼ੀਰਵਾਦ ਲੈਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਨਗਰ ਕੀਰਤਨ ਭਰਵਾਂ ਸਵਾਗਤ ਮੌਕੇ ਤੇ ਰਣਜੀਤ ਸਿੰਘਧਾਰੀਵਾਲ, ਬਲਵੀਰ ਸਿੰਘਧਾਰੀਵਾਲ, ਕੇਵਲ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਸੁਰਿੰਦਰ ਸਿੰਘ ਫੌਜੀ, ਹਰਜੀਤ ਸਿੰਘ,ਮੰਨੀ ਰੰਧਾਵਾ, ਰਵਿੰਦਰ ਸਿੰਘ, ਕਾਕਾ ਸਿਆਣਾ, ਪਰਮਿੰਦਰ ਸਿੰਘ ਤਰਸੇਮ ਸਿੰਘ , ਗੁਰਦੀਪ ਸਿੰਘ ਦੀਪਾ ,ਗੁਰਦੀਪ ਸਿੰਘ ਧਾਰੀਵਾਲ ਸ਼ਾਮਿਲ ਹੋਏ।
ਇਸ ਮੌਕੇ ਵੀਰ ਖਾਲਸਾ ਗਤਕਾ ਅਖਾੜਿਆਂ ਦੇ ਨੌਜਵਾਨਾਂ ਨੇ ਸਿੱਖ ਜੰਗਜੂ ਕਲਾ ਦੇ ਸ਼ਾਨਦਾਰ ਜੌਹਰ ਦਿਖਾਏ ਮਾਹੌਲ ਨੂੰ ਹੋਰ ਵੀ ਰੂਹਾਨੀ ਬਣਾ ਦਿੱਤਾ। ਸ਼ਰਧਾਲੂਆਂ ਲਈ ਥਾਂ-ਥਾਂ ‘ਤੇ ਚਾਹ, ਪਕੌੜੇ, ਫਲ ਅਤੇ ਮਠਿਆਈਆਂ ਦੇ ਲੰਗਰ ਲਗਾਏ ਗਏ ਸਨ। ਰਾਗੀ ਜਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੇ “ਸਤਿਨਾਮ ਵਾਹਿਗੁਰੂ” ਦਾ ਜਾਪ ਕਰਦਿਆਂ ਹਾਜ਼ਰੀ ਭਰੀ। ਅੰਤ ਵਿੱਚ, ਇਹ ਨਗਰ ਕੀਰਤਨ ਪੂਰੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਗੁਰਦੁਆਰਾ ਸਾਹਿਬ ਥੋਪੀਆ ਵਿਖੇ ਇਲਾਹੀ ਬਾਣੀ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਸਜੇਗਾ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



