ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਮਹਾਨ ਸ਼ਹੀਦ ਬ੍ਰਹਮ ਗਿਆਨੀ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸੇਵਾਦਾਰਾਂ ਵੱਲੋਂ ਨਿਰੰਤਰ ਦਿਨ ਰਾਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹਨਾਂ ਸਮਾਗਮਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 15 ਅਗਸਤ ਦਿਨ ਵੀਰਵਾਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸੇ ਤਹਿਤ 13 ਅਗਸਤ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਅਗਸਤ ਨੂੰ ਸਵੇਰੇ 9 ਵਜੇ ਪੈਣਗੇ। ਉਹਨਾਂ ਦੱਸਿਆ ਕਿ ਇਹਨਾਂ ਸਮਾਗਮਾਂ ਨੂੰ ਮੁਖ ਰੱਖਦਿਆਂ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁੰਦਰ ਦੀਵਾਨ ਸਜਾਏ ਜਾਣਗੇ ਜਿਸ ਵਿਚ ਇਲਾਕੇ ਭਰ ਦੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸ਼ੀਅਤਾਂ ਸੰਗਤਾਂ ਦੇ ਸਨਮੁਖ ਹੋਣਗੀਆਂ। ਸਮਾਗਮ ਦੌਰਾਨ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਗਿਆਨੀ ਹਰਪਾਲ ਸਿੰਘ ਢੰਡ ਅਤੇ ਗਿਆਨੀ ਮਿਲਖਾ ਸਿੰਘ ਮੌਜੀ ਢਾਡੀ ਜਥਾ ਸੰਤ ਬਾਬਾ ਬੀਰ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਵਾਰਾਂ ਗਾ ਕੇ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਉਣਗੇ । ਉਹਨਾਂ ਦੱਸਿਆ ਕਿ ਇਹਨਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਤੇ ਸਮੂਹ ਸੇਵਾ ਸੁਸਾਇਟੀਆਂ ਦੇ ਸੇਵਾਦਾਰਾਂ ਵੱਲੋਂ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਤਾਂ ਜੋ ਪਾਵਨ ਅਸਥਾਨ ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਉਚੇਚੇ ਪ੍ਰਬੰਧ ਕੀਤੇ ਜਾ ਸਕਣ। ਸਮਾਗਮ ਦੌਰਾਨ ਨਤਮਸਤਕ ਹੋਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵਿਚ ਮਾਹਲ ਪੂੜੇ, ਖੀਰ, ਮਠਿਆਈ ਅਤੇ ਆਈਸਕ੍ਰੀਮ ਆਦਿ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਜਨਮ ਦਿਹਾੜੇ ਦੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly