(“ਆੳ ਅਸੀਂ ਕੁਸ਼ਟ ਰੋਗ ਨਾਲ ਲੜੀਏ ਅਤੇ ਇਸ ਨੂੰ ਇਤਿਹਾਸ ਬਣਾਈਏ”)
ਮਾਨਸਾ (ਸਮਾਜ ਵੀਕਲੀ): ਸਟੇਟ ਲੈਪਰੋਸੀ ਅਫਸਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਸੰਸਥਾਵਾਂ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਮਿਤੀ 30-1-2023 ਤੋਂ 13-2-2023 ਤੱਕ ਪੰਦਰਵਾੜਾ ਲੈਪਰੋਸੀ (ਕੁਸ਼ਟ ਰੋਗ) ਜਾਗਰੂਕਤਾ ਕੰਪੇਨ ਵਜੋਂ ਮਨਾਇਆ ਜਾ ਰਿਹਾ ਹੈ ਜਿਸਦਾ ਨਾਅਰਾ ਹੈ “ਆੳ ਅਸੀਂ ਕੁਸ਼ਟ ਰੋਗ ਨਾਲ ਲੜੀਏ ਅਤੇ ਇਸ ਨੂੰ ਇਤਿਹਾਸ ਬਣਾਈਏ”। ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਅਤੇ ਡਾਕਟਰ ਨਿਸ਼ਾਂਤ ਗੁਪਤਾ ਜ਼ਿਲ੍ਹਾ ਲੈਪਰੋਸੀ ਅਫਸਰ ਮਾਨਸਾ ਦੀ ਅਗਵਾਈ ਹੇਠ ਅੱਜ ਜ਼ਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪਿੰਡਾਂ ਵਿੱਚ ਜਾਣਕਾਰੀ ਮੀਟਿੰਗਾਂ ਕੀਤੀਆਂ ਗਈਆਂ।
ਮਾਨਸਾ: ਸਿਵਲ ਹਸਪਤਾਲ ਮਾਨਸਾ ਅਤੇ ਪੀ ਐਚ ਸੀ ਨੰਗਲ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਚਾਨਣ ਦੀਪ ਸਿੰਘ ਨਾਨ ਮੈਡੀਕਲ ਸੁਪਰਵਾਈਜ਼ਰ (ਲੈਪਰੋਸੀ) ਨੇ ਦੱਸਿਆ ਕਿ ਜਿਵੇਂ ਅਸੀਂ ਭਾਰਤ ਨੂੰ ਪੋਲੀੳ ਮੁਕਤ ਕੀਤਾ ਹੈ ਉਸੇ ਤਰ੍ਹਾਂ ਅਸੀਂ ਸਭ ਨੇ ਮਿਲ ਕੇ ਭਾਰਤ ਦੇਸ਼ ਨੂੰ ਕੁਸ਼ਟ ਰੋਗ ਮੁਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰਾਂ ਇਲਾਜਯੋਗ ਹੈ ਅਤੇ ਇਸਦਾ ਇਲਾਜ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਕੀਤਾ ਜਾਂਦਾ ਹੈ। ਜੇਕਰ ਕਿਸੇ ਦੇ ਵੀ ਸ਼ਰੀਰ ਉਪਰ ਹਲਕੇ ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਅਤੇ ਚਮੜੀ ਦਾ ਸੁੰਨਾਪਨ ਹੈ, ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ ਅਤੇ ਉਸਨੂੰ ਸਿਹਤ ਸੰਸਥਾ ਵਿਖੇ ਚੈਕ-ਅਪ ਕਰਵਾਉਣਾ ਚਾਹੀਦਾ ਹੈ। ਇਲਾਜ ਵਿਚ ਕਿਸੇ ਵੀ ਕਿਸਮ ਦੀ ਦੇਰੀ ਅਪੰਗਤਾ ਦਾ ਕਾਰਣ ਬਣ ਸਕਦੀ ਹੈ। ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਕਰਨ ਨਾਲ ਮਰੀਜ ਪੂਰੀ ਤਰਾਂ ਠੀਕ ਹੋ ਸਕਦਾ ਹੈ ਅਤੇ ਅਪੰਗਤਾ ਤੋਂ ਬਚ ਸਕਦਾ ਹੈ। ਇਸ ਮੌਕੇ ਡਾਕਟਰ ਰੁਚੀ ਸ਼ਰਮਾ, ਡਾ ਵਿਸ਼ਵਜੀਤ ਸਿੰਘ, ਕੰਵਰਜੀਤ ਸਿੰਘ, ਸਿਮਰਨਜੀਤ ਕੌਰ, ਰਜਨੀ, ਅਕਸ਼ਦੀਪ ਸਿੰਘ, ਜੱਗਾ ਸਿੰਘ ਆਦਿ ਹਾਜ਼ਰ ਸਨ।
ਸਰਦੂਲਗੜ੍ਹ : ਐਸ ਐਮ ਓ ਡਾਕਟਰ ਵੇਦ ਪ੍ਰਕਾਸ਼ ਸੰਧੂ ਦੀ ਅਗੁਵਾਈ ਹੇਠ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਦੇ ਮੌਕੇ ਤੇ ਐੱਸ.ਡੀ.ਐੱਚ. ਸਰਦੂਲਗੜ੍ਹ ਵਿਖੇ ਕੁਸ਼ਟ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸਮੂਹ ਸਟਾਫ਼ ਵੱਲੋਂ ਪ੍ਰਣ ਲੈ ਕੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਚਮੜੀ ਤੇ ਤਾਂਬੇ ਰੰਗੇ ਸੁੰਨ ਧੱਬੇ, ਠੰਡਾ ਅਤੇ ਗਰਮ ਨਾ ਲੱਗਦਾ ਹੋਵੇ ਆਦਿ ਨਿਸ਼ਾਨੀਆਂ ਹੋਣ ਤੇ ਉਸਨੂੰ ਜਲਦੀ ਤੋਂ ਜਲਦੀ ਨੇੜਲੇ ਸਿਹਤ ਕੇਂਦਰ ਵਿੱਚ ਸੰਪਰਕ ਕਰਨਾ ਚਾਹੀਂਦਾ ਹੈ। ਇਸ ਮੌਕੇ ਡਾ.ਅਮਨਦੀਪ ਕੰਬੋਜ,ਫਾਰਮੇਸੀ ਅਫਸਰ ਪ੍ਰਭਜੋਤ ਕੌਰ, ਫਾਰਮੇਸੀ ਅਫਸਰ ਅਵਤਾਰ ਸਿੰਘ, ਰਵਿੰਦਰ ਸਿੰਘ ਰਵੀ, ਪ੍ਰਭਜੋਤ ਫਾ੍ਰਮਾਸਿਸਟ, ਰਾਜ ਵਾਰਡ ਅਟੈਡੈਂਟ, ਕੇਵਲ ਸਿੰਘ,ਪਰਲਾਦ ਸਿੰਘ,ਨਰਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਬੁਢਲਾਡਾ: ਸਰਕਾਰੀ ਸਕੰਡਰੀ ਸਕੂਲ ਰੰਘੜਿਆਲ ਵਿਖੇ ਸਿਹਤ ਕਰਮਚਾਰੀ ਜਗਦੀਸ਼ ਰਾਏ ਕੁਲਰੀਆਂ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਲੋਕ ਕੋਹੜ ਨੂੰ ਕੁਦਰਤ ਦੀ ਕਰੋਪੀ ਜਾਂ ਸ਼ਰਾਪ ਮੰਨਦੇ ਸਨ। ਪਰ ਇਹ ਕੋਈ ਸ਼ਰਾਪ ਨਹੀਂ ਸਗੋਂ ਇੱਕ ਇਲਾਜਯੋਗ ਰੋਗ ਹੈ। ਜਿਸਦਾ ਇਲਾਜ ਜ਼ਿਲ੍ਹਾ ਹਸਪਤਾਲਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।