ਵਾਤਾਵਰਣ , ਸਿਹਤ, ਸਿੱਖਿਆ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ: ਐਫ. ਐਮ. 90.4 ਅਵਤਾਰ ਰੇਡੀਓ ਸੀਚੇਵਾਲ
ਅਸੀਂ ਗੁਰੂ ਨਾਨਕ ਦੇਵ ਜੀ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੇ ਵਿਚਾਰਾਂ ‘ਤੇ ਅਮਲ ਨਹੀਂ ਕਰਦੇ:- ਸੰਤ ਸੀਚੇਵਾਲ
ਇਹ ਬਹੁਤ ਵਧੀਆ ਗੱਲ ਹੈ ਕਿ ਅਵਤਾਰ ਰੇਡੀਓ ਦੀ ਅਗਵਾਈ ਇਕ ਚੰਗੇ ਹੱਥਾਂ ਵਿਚ ਹੈ – ਐਸ.ਪੀ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੇਂਡੂ ਇਲਾਕੇ ਵਿੱਚੋਂ ਚੱਲਣ ਵਾਲੇ ਪੰਜਾਬ ਦੇ ਪਹਿਲੇ ਕਮਿਊਨਟੀ ਅਵਤਾਰ ਰੇਡੀਓ ਦੀ 9ਵੀ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ। ਇਸ ਮੌਕੇ ਮੀਡੀਆ ਨਾਲ ਜੁੜੀਆ ਸਖਸ਼ੀਅਤਾਂ ਨੇ ਹਿੱਸਾ ਲਿਆ ਤੇ ਅਵਤਾਰ ਰੇਡੀਓ ਵੱਲੋਂ ਵਾਤਾਵਰਣ ਦੇ ਖੇਤਰ ਵਿੱਚ ਨਿਭਾਈ ਭੂਮਿਕਾ ਦੀ ਸਲਾਂਘਾ ਕੀਤੀ।
ਸਮਾਗਮ ਵਿਚ ਸ਼ਾਮਿਲ ਹੋਏ ਸੀਨੀਅਰ ਪੱਤਰਕਾਰ ਸ. ਐਸ.ਪੀ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਵਾਤਾਵਰਣ ਨੂੰ ਬਚਾਉਂਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਦੱਸਿਆ ਕਿ ਤਰੱਕੀ ਦੇ ਨਾਂਅ ‘ਤੇ ਵਾਤਾਵਰਣ ਦਾ ਇੰਨਾ ਕਿ ਨੁਕਸਾਨ ਕਰ ਲਿਆ ਹੈ ਕਿ ਨਾ ਤਾਂ ਸਾਡੀ ਹਵਾ, ਪਾਣੀ ਤੇ ਨਾ ਹੀ ਸਾਡੀ ਖੁਰਾਕ ਸ਼ੁੱਧ ਰਹੀ ਹੈ। ਸੋਨੇ ਦੀ ਚਿੜੀ ਅਖਵਾਉਂਦੇ ਪੰਜਾਬ ਵਿਚ ਵਾਤਾਵਰਣ ਦਾ ਮੁੱਦਾ ਇਕ ਮੌਤ ਦਾ ਮੁੱਦਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁਨਾਫੇ ਦੀ ਦੌੜ ਨੇ ਬਹੁਤ ਕੁਝ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਸਾਫ਼ ਕਰਕੇ ਪੂਰੇ ਪੰਜਾਬ ਤੇ ਦੇਸ਼ ਨੂੰ ਇੱਕ ਰਾਹ ਦਿਖਾਇਆ ਹੈ ਉਸੇ ਤਰ੍ਹਾਂ ਰੇਡੀਓ ਵਰਗੇ ਕੰਮ ਨੂੰ ਪਿਛਲੇ 9 ਸਾਲਾਂ ਤੋਂ ਸਫਲਤਾ ਪੂਰਵਕ ਚਲਾਇਆ ਹੈ। ਉਨ੍ਹਾਂ ਕਿਹਾ ਇਹ ਬਹੁਤ ਵਧੀਆ ਗੱਲ ਹੈ ਕਿ ਅਵਤਾਰ ਰੇਡੀਓ ਦੀ ਅਗਵਾਈ ਇਕ ਚੰਗੇ ਹੱਥਾਂ ਵਿਚ ਹੈ ਤੇ ਟੀਮ ਵਾਤਾਵਰਣ ਨੂੰ ਬਚਾਉਣ ਦੇ ਪ੍ਰਚਾਰ ਵਿਚ ਇਕ ਅਹਿਮ ਰੋਲ ਨਿਭਾ ਰਹੀ ਹੈ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਹੁੰਦਿਆਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਵਤਾਰ ਰੇਡੀਓ ਸੀਚੇਵਾਲ ਵਾਤਾਵਰਣ , ਸਿਹਤ, ਸਿੱਖਿਆ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਹੈ। ਸ਼ੋਸ਼ਲ ਮੀਡੀਆ ਦੇ ਏਸ ਦੌਰ ਵਿਚ ਲੋਕਾਂ ਨੂੰ ਮੁੜ ਰੇਡੀਓ ਨਾਲ ਜੋੜਨਾ ਆਪਣੇ ਆਪ ਵਿੱਚ ਹੀ ਵੱਡੀ ਚੁਣੌਤੀ ਸੀ ਪਰ ਕਹਿੰਦੇ ਨੇ ਜਦੋਂ ਸੋਚ ਬਦਲਦੀ ਹੈ ਤਾਂ ਉਹ ਇੱਕ ਕ੍ਰਾਂਤੀ ਨੂੰ ਜਨਮ ਦਿੰਦੀ ਹੈ। ਇਹ ਬਦਲੀ ਹੋਈ ਸੋਚ ਦਾ ਨਤੀਜਾ ਹੀ ਹੈ ਕਿ ਟਿੱਬਿਆਂ ਦੇ ਇਲਾਕੇ ਵਿੱਚ ਸੜਕਾਂ ਦਾ ਜਾਲ ਵਿਛਾਅ ਦਿੱਤਾ ਜਾਂਦਾ ਹੈ ਅਤੇ ਬਾਬੇ ਨਾਨਕ ਦੀ ਮਰ ਚੁੱਕੀ ਵੇਈਂ ਨੂੰ ਕਾਰ ਸੇਵਾ ਰਾਹੀਂ ਸੰਗਤਾਂ ਦੇ ਸਹਿਯੋਗ ਨਾਲ ਸਹਿਜ਼ੇ ਵਿੱਚ ਹੀ ਸਾਫ਼ ਕਰ ਲਿਆ ਗਿਆ।
ਸਭ ਤੋਂ ਅਹਿਮ ਕਾਰਜ ਹੀ ਲੋਕਾਂ ਦੀ ਸੋਚ ਨੂੰ ਬਦਲਣ ਦਾ ਸੱਬਬ ਬਣ ਜਾਂਦੇ ਹਨ। ਲੋਕਾਂ ਦੀ ਇਸ ਬਦਲੀ ਹੋਈ ਸੋਚ ਦਾ ਨਤੀਜਾ ਹੈ ਕਿ ‘ਅਵਤਾਰ ਰੇਡੀਓ’ ਅੱਜ ਸਫਲਤਾ ਪੂਰਵਕ ਚੱਲ ਰਿਹਾ ਹੈ। ਰੇਡੀਓ ਤੇ ਵਾਤਾਵਰਣ ਦੀ ਚਰਚਾ, ਸਰਬ ਸਾਂਝੀ ਗੁਰਬਾਣੀ, ਕਵਿਸ਼ਰੀ, ਢਾਡੀ ਵਾਰਾਂ ਅਤੇ ਹੋਰ ਉਸਾਰੂ ਪ੍ਰੋਗਰਾਮ ਸਰੋਤਿਆਂ ਨੂੰ 24 ਘੰਟੇ ਸੁਣਨ ਨੂੰ ਮਿਲਦੇ ਹਨ। ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਦੇ ਕੀ ਨਤੀਜੇ ਨਿਕਲਣਗੇ ਜਾਂ ਨਿਕਲ ਰਹੇ ਹਨ ਉਸ ਦਾ ਅਹਿਸਾਸ ਅਵਤਾਰ ਰੇਡੀਓ ਬਾਖੂਬੀ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ‘ਅਵਤਾਰ ਰੇਡੀਓ’ ਹੁਣ ਕੁਦਰਤ ਦੀ ਆਵਾਜ਼ ਬਣ ਗਿਆ ਹੈ ਤੇ ਕੁਦਰਤ ਦੀਆ ਗੱਲਾਂ ਲਗਾਤਾਰ ਰੇਡੀਓ ਦੇ ਪ੍ਰੋਗਰਾਮਾਂ ਵਿੱਚ ਹੁੰਦੀਆਂ ਹਨ। ਉਨ੍ਹਾਂ ਕਿਹਾ ਇਸ ਰੇਡੀਓ ਵਿਚ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਦੇ ਵਿਚਾਰਾਂ ‘ਤੇ ਅਮਲ ਨਹੀਂ ਕਰਦੇ।
ਇਹਨਾਂ ਤੋਂ ਇਲਾਵਾ ਸੰਤ ਸੁਖਜੀਤ ਸਿੰਘ ਸੀਚੇਵਾਲ, ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ, ਸਟੇਸ਼ਨ ਡਾਇਰੈਕਟਰ ਪ੍ਰੋ. ਕੁਲਵਿੰਦਰ ਸਿੰਘ ਵੱਲੋਂ ਸਮਾਗਮ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਸੋਨੀਆ, ਪ੍ਰੋਗਰਾਮਿਗ ਹੈੱਡ ਮਨਦੀਪ ਸਿੰਘ ਢਿੱਲੋਂ, ਸੁਰਜੀਤ ਸਿੰਘ ਸ਼ੰਟੀ, ਪ੍ਰੋ. ਬਲਜੀਤ ਕੌਰ, ਪ੍ਰੋ ਹਰਮਨਦੀਪ ਕੌਰ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਰਜਵੰਤ ਕੌਰ, ਗੁਰਜੋਤ ਕੌਰ ਆਦਿ ਹਜ਼ਾਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly