ਚਮੋਲੀ— ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਭਾਰਤ-ਚੀਨ (ਤਿੱਬਤ) ਸਰਹੱਦੀ ਖੇਤਰ ‘ਚ ਮਾਨਾ ਕੈਂਪ ਨੇੜੇ ਸ਼ੁੱਕਰਵਾਰ ਨੂੰ ਭਾਰੀ ਬਰਫ ਦਾ ਤੂਫਾਨ ਆ ਗਿਆ। ਇਸ ਘਟਨਾ ਵਿੱਚ ਉਸਾਰੀ ਦੇ ਕੰਮ ਵਿੱਚ ਲੱਗੇ 57 ਮਜ਼ਦੂਰ ਬਰਫ਼ ਹੇਠ ਦੱਬ ਗਏ। ਗੜ੍ਹਵਾਲ ਰੇਂਜ ਦੇ ਆਈਜੀ ਰਾਜੀਵ ਸਵਰੂਪ ਨੇ ਦੱਸਿਆ ਕਿ ਹੁਣ ਤੱਕ 10 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਤਿੰਨ ਹੋਰਾਂ ਨੂੰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਫੌਜ ਦੇ ਜਵਾਨਾਂ ਦੀ ਮਦਦ ਨਾਲ ਫੌਜ ਦੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬਾਕੀ ਮਜ਼ਦੂਰਾਂ ਦੀ ਭਾਲ ਲਈ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿੱਚ ਖ਼ਰਾਬ ਮੌਸਮ ਕਾਰਨ ਸੰਚਾਰ ਸੇਵਾਵਾਂ ਵਿੱਚ ਵਿਘਨ ਪਿਆ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਰਹੇ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾਰੀ ਨੇ ਦੱਸਿਆ ਕਿ ਬਰਫ਼ਬਾਰੀ ਮਾਨਾ ਅਤੇ ਮਾਨਾ ਪਾਸ ਵਿਚਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਨੂੰ ਮਦਦ ਲਈ ਬੇਨਤੀ ਕੀਤੀ ਗਈ ਹੈ ਅਤੇ ਆਰਮੀ, ਆਈਟੀਬੀਪੀ ਦੇ ਨਾਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈਆਂ ਹਨ। ਐਨਡੀਆਰਐਫ ਦੀਆਂ ਵਾਧੂ ਟੀਮਾਂ ਵੀ ਮੌਕੇ ’ਤੇ ਭੇਜੀਆਂ ਗਈਆਂ ਹਨ।
ਸਥਾਨਕ ਸੂਤਰਾਂ ਅਨੁਸਾਰ ਬਦਰੀਨਾਥ ਧਾਮ, ਹੇਮਕੁੰਟ ਸਾਹਿਬ, ਫੁੱਲਾਂ ਦੀ ਘਾਟੀ, ਰੁਦਰਨਾਥ, ਲਾਲ ਮਾਟੀ, ਨੰਦਾ ਘੁੰਘਟੀ, ਔਲੀ, ਗੋਰਸਨ ਅਤੇ ਨੀਤੀ ਅਤੇ ਮਾਨ ਘਾਟੀਆਂ ਸਮੇਤ ਉੱਚਾਈ ਵਾਲੇ ਇਲਾਕਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਭਾਰੀ ਬਰਫਬਾਰੀ ਕਾਰਨ ਉੱਚਾਈ ਵਾਲੇ ਇਲਾਕਿਆਂ ‘ਚ ਬਰਫ ਦੀ ਮੋਟੀ ਪਰਤ ਜਮ੍ਹਾ ਹੋ ਗਈ ਹੈ, ਜਿਸ ਕਾਰਨ ਬਰਫ ਖਿਸਕਣ ਦਾ ਖਤਰਾ ਹੋਰ ਵਧ ਗਿਆ ਹੈ।
ਪ੍ਰਸ਼ਾਸਨ ਅਤੇ ਬਚਾਅ ਟੀਮਾਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਕਾਰਜਾਂ ਲਈ ਮੌਸਮ ਅਤੇ ਸੰਚਾਰ ਸੇਵਾਵਾਂ ਵਿੱਚ ਵਿਘਨ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly