ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੇਖਿਕਾ ਕੁਲਵੰਤ ਕੌਰ ਨਗਰ ਦੇ ਦੂਜੇ ਨਾਟ ਸੰਗ੍ਰਹਿ, ‘ਪਹਿਲੀ ਅਧਿਆਪਕਾ ਤੇ ਹੋਰ ਨਾਟਕ’ ਦਾ ਲੋਕ ਅਰਪਣ ਮੁਠੱਡਾ ਕਲਾਂ (ਜਲੰਧਰ) ਵਿਖੇ ਨਿਵੇਕਲੇ ਅੰਦਾਜ਼ ਵਿਚ ਹੋਇਆ।ਇਸ ਸ਼ਾਨਾਮੱਤੇ ਸਮਾਗਮ ਬਾਰੇ ਕੁਲਵੰਤ ਕੌਰ ਨਗਰ ਨੇ ਬੋਲਦਿਆਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਲੇਖਕਾਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਕਿਤਾਬ ਦੇ ਰਿਲੀਜ਼ ਸਮਾਰੋਹ ਵੇਲੇ ਨਾਮਵਰ ਲੇਖਕਾਂ ਨੂੰ ਇਕੱਠਾ ਕੀਤਾ ਜਾਵੇ। ਤਰੀਫਾਂ, ਜਸ਼ਨ ਅਤੇ ਮਿੱਠੀ ਸਲੂਣੀ ਪਾਰਟੀ ਦਾ ਦੌਰ ਚਲਦਾ ਹੈ। ਕਿਤਾਬ ਨੂੰ ਵਿਆਹ ਦੇ ਸ਼ੱਕਰ ਪਾਰਿਆਂ ਵਾਂਗ ਵੰਡ ਦਿੱਤਾ ਜਾਂਦਾ ਹੈ। ਕੁਝ ਕਿਤਾਬਾਂ‚ਕਿਤਾਬ ਵਿਕਰੇਤਾਵਾਂ ਨੂੰ ਵੀ ਦੇ ਦਿੱਤੀਆਂ ਜਾਂਦੀਆਂ ਨੇ। ਅੱਗੇ ਕਿਤਾਬ ਵਿਕਰੇਤਾ ਕੀ ਕਰਦੇ ਨੇ ਇਹ “ਅੱਲ੍ਹਾ” ਜਾਣੇ।ਕਵਿਤਾਵਾਂ, ਗ਼ਜ਼ਲਾਂ‚, ਗੀਤ, ਕਹਾਣੀਆਂ, ‚ਜੀਵਨੀਆਂ, ਸਵੈ- ਜੀਵਨੀਆਂ ਤੇ ਨਾਵਲ ਆਮ ਕਰਕੇ ਪਾਠਕ ਲੈ ਜਾਂਦੇ ਨੇ। ਨਾਟ-ਸੰਗ੍ਰਹਿ ਦੀ ਗੱਲ ਕਰੀਏ ਤਾਂ ਇਸ ਨੂੰ ਜ਼ਿਆਦਾਤਰ ਰੰਗ-ਮੰਚ ਨਾਲ ਜੁੜੇ ਲੋਕ ਹੀ ਖ਼ਰੀਦਦੇ ਨੇ। ਕਿਤਾਬ ਵਿਚ ਜਿਨ੍ਹਾਂ ਦੀ ਗੱਲ ਹੁੰਦੀ ਹੈ ਜਿਨਾਂ ਤੱਕ ਪਹੁੰਚਣੀ ਚਾਹੀਦੀ ਹੈ ਉਹਨਾਂ ਤੱਕ ਨਹੀਂ ਪੁੱਜਦੀ। ਮੁਠੱਡਾ ਕਲਾਂ ਵਿਖੇ ਨਾਟ-ਸੰਗ੍ਰਹਿ ਲੋਕ ਅਰਪਣ ਸਮਾਰੋਹ ਸੱਚ ਮੁੱਚ ਲੋਕਾਂ ਦੁਆਰਾ ਲੋਕਾਂ ਲਈ ਹੋਇਆ।
ਕੁਲਵੰਤ ਕੌਰ ਨਗਰ ਦਾ ਇਹ ਨਾਟ ਸੰਗ੍ਰਹਿ ਚਿੰਤਨ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ ਹੈ। ਇਸ ਦੀ ਵਿਲੱਖਣ ਘੁੰਡ ਚੁਕਾਈ ਦੀ ਖ਼ੂਬ ਚਰਚਾ ਹੈ। ਇਹ ਕਿਤਾਬ ਲੋਕਾਂ ਨੇ ਲੋਕਾਂ ਨੂੰ ਸਮਰਪਿਤ ਕੀਤੀ ਹੈ। ਇਸਦੇ ਮੁੱਖ ਮਹਿਮਾਨ ਕਿਰਤੀ ਸਨ। ਇਹ ਕਿਤਾਬ ਬੇਜ਼ਮੀਨੇ ਮਜ਼ਦੂਰਾਂ ਅਤੇ ਪਿੰਡ ਮੁਠੱਡਾ ਕਲਾ ਦੇ ਪੰਚਾਇਤੀ ਜ਼ਮੀਨੀ ਘੋਲ ਨੂੰ ਸਮਰਪਿਤ ਕੀਤੀ ਗਈ ਹੈ। ਪਿੰਡ ਮੁਠੱਡਾ ਕਲਾ ਦਾ ਪੰਚਾਇਤੀ ਜ਼ਮੀਨੀ ਘੋਲ ਲੰਬਾ ਸਮਾਂ ਚੱਲਦਾ ਰਿਹਾ ਹੈ। ਪਿੰਡ ਮੁਠੱਡਾ ਕਲਾਂ ਦੇ ਮਜ਼ਦੂਰਾਂ ਦਾ ਕਿਸਾਨੀ ਅੰਦੋਲਨ ਦੌਰਾਨ ਵੀ ਵੱਡਾ ਯੋਗਦਾਨ ਰਿਹਾ ਹੈ। ਉਹ ਵੱਡੇ ਪੱਧਰ ਤੇ ਰੈਲੀਆਂ ਕਰਦੇ ਅਤੇ ਜਾਗੋ ਕੱਢਦੇ ਰਹੇ। ਮੁਠੱਡਾ ਕਲਾਂ ਵਿਖੇ ਵਿਸ਼ਾਲ ਮਜ਼ਦੂਰ ਕਿਸਾਨ ਰੈਲੀ ਵੀ ਹੋਈ। ਇਸ ਪਿੰਡ ਦੇ ਸੰਘਰਸ਼ੀ ਮਜ਼ਦੂਰਾਂ ਤੇ ਕਿਸਾਨਾਂ ਨੇ ਇਸ ਕਿਤਾਬ ਨੂੰ ਜੀ ਆਇਆਂ ਆਖਿਆ ਹੈ। ਆਮ ਲੋਕਾਂ ਨੇ ਇਕੱਠੇ ਹੋ ਕੇ ਇਸ ਕਿਤਾਬ ਨੂੰ ਆਪਣੇ ਹੱਥੀਂ ਲੋਕ ਅਰਪਣ ਕੀਤਾ ਹੈ। ਕਿਤਾਬ ਦਾ ਸਾਰਾ ਐਡੀਸ਼ਨ ਹੀ ਲੋਕਾਂ ਆਪੋ ਵਿਚ ਰਾਏ ਕਰਕੇ ਲੈ ਲਿਆ ਹੈ। ਕਿਰਤੀ ਲੋਕ ਆਪਣੇ ਆਪ ਨੂੰ ਇਸਦੇ ਨਾਟਕਾਂ ਦੇ ਪਾਤਰ ਮਹਿਸੂਸ ਕਰਦੇ ਹਨ । ਉਹ ਇਸ ਨੂੰ ਆਪੋ ਆਪਣੇ ਘਰ ਹੀ ਨਹੀਂ ਰੱਖਣਗੇ ਸਗੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੜ੍ਹਾਉਣਗੇ ਤੇ ਦੱਸਣਗੇ ਕਿ ਆਪਣੇ ਹੱਕਾਂ ਲਈ ਸੰਘਰਸ਼ ਕਿਵੇਂ ਕਰਨਾ ਹੈ। ਦਰਸ਼ਨ ਖਟਕੜ ਜੀ ਦਾ ਲਿਖਿਆ ਮੁੱਖਬੰਦ ਪਿੰਡ ਵਾਸੀਆਂ ਨੂੰ ਪੜ੍ਹ ਕੇ ਸੁਣਾਇਆ ਗਿਆ। ਲੋਕਾਂ ਨੇ ਸਾਹ ਰੋਕ ਕੇ ਸੁਣਿਆਂ।ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਹੈ ਕਿ ਜਿਹੜੀਆਂ ਔਰਤਾਂ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਨਹੀਂ ਪਹੁੰਚ ਸਕੀਆਂ ਉਹ ਨਰਾਜ਼ ਹੋ ਰਹੀਆਂ ਹਨ ਕਿ ਉਹਨਾਂ ਨੂੰ ਦੱਸਿਆ ਕਿਉਂ ਨਹੀਂ? ਸ਼ਾਇਦ ਇਹ ਨਿਵੇਕਲੀ ਉਦਾਹਰਣ ਹੈ ਕਿ ਨਾਟਕਾਂ ਦੀ ਕਿਤਾਬ ਇਸ ਅੰਦਾਜ਼ ਵਿਚ ਲੋਕਾਂ ਦੇ ਹੱਥਾਂ ਤੱਕ ਪਹੁੰਚਣ ਦੀ ਬਜਾਏ ਲੋਕਾਂ ਦੇ ਹੱਥ ਕਿਤਾਬ ਤੱਕ ਪੁੱਜੇ ਹਨ। ਜਿਨ੍ਹਾਂ ਲਈ ਇਹ ਲਿਖੀ ਗਈ ਹੈ। ਉਹਨਾਂ ਕਿਰਤੀ ਹੱਥਾਂ ਨੇ ਕਿਰਤੀਆਂ ਨੂੰ ਇਹ ਕਿਤਾਬ ਅਰਪਣ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰੇ ਪਿੰਡ ਵਾਸੀ ਕੈਮਰੇ ਵਿੱਚ ਨਹੀਂ ਆ ਰਹੇ ਸੀ ਇਸ ਕਰਕੇ ਕਈ ਗਰੁੱਪ ਫੋਟੋਆਂ ਖਿੱਚਣੀਆਂ ਪਈਆਂ। ਪਿੰਡ ਦੇ ਵਿਦੇਸ਼ਾਂ ਚ ਬੈਠੇ ਨੌਜਵਾਨ ਵੀ ਕਿਤਾਬ ਦੀ ਪੀਡੀਐਫ ਮੰਗ ਰਹੇ ਹਨ , ਵਧਾਈਆਂ ਦੇ ਰਹੇ ਹਨ ਅਤੇ ਨਾਟਕ ਵਿੱਚ ਆਪਣਾ ਰੋਲ ਖੋਜ ਰਹੇ ਹਨ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਕਿਤਾਬਾਂ ‘ਚ ਉਹਨਾਂ ਦੀ ਆਪਣੀ ਗੱਲ ਹੈ ਤਾਂ ਉਹ ਕਿਤਾਬਾਂ ਨੂੰ ਜ਼ਰੂਰ ਪੜ੍ਹਦੇ ਹਨ। ਕੁਲਵੰਤ ਕੌਰ ਦਾ ਕਹਿਣਾ ਹੈ ਕਿ ਮੇਰੀ ਜ਼ਿੰਦਗੀ ਦੀ ਇਹ ਅਨਮੋਲ ਯਾਦ ਹੈ। ਮੇਰੇ ਲਈ ਇਹ ਸਮਾਗਮ ਅਮੁੱਲਾ ਨਜ਼ਰਾਨਾ ਅਤੇ ਵਡਮੁੱਲਾ ਸਨਮਾਨ ਹੈ। ਕੁਲਵੰਤ ਨੇ ਲੋਕ ਅਰਪਣ ਸਮਾਰੋਹ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ, ‘ਸੱਚ ਹੈ ਕਿ ਕਿਰਤ ਕਰਨ ਵਾਲੇ ਲੋਕ ਜਦੋਂ ਜਾਗਦੇ ਨੇ ਤਾਂ ਸਾਰਾ ਜਗ ਚਾਨਣ-ਚਾਨਣ ਹੋ ਜਾਂਦਾ ਹੈ |’ ਜ਼ਿਕਰਯੋਗ ਹੈ ਕਿ ਕੁਲਵੰਤ ਕੌਰ ਨਗਰ ਦਾ ਜੀਵਨ ਸਾਥੀ ਜਸਵਿੰਦਰ ਪੱਪੀ, ਬੇਟੀ ਨਰਗਿਸ ਅਤੇ ਬੇਟਾ ਅੰਮ੍ਰਿਤ ਸਾਰਾ ਪਰਿਵਾਰ ਰੰਗ ਮੰਚ ਨੂੰ ਸਮਰਪਿਤ ਹੈ | ਸਮੂਹ ਨਗਰ ਨੂੰ ਨਵੇਂ ਵਰ੍ਹੇ ਪੁਸਤਕ ਪ੍ਰੇਮੀਆਂ, ਲੇਖਕਾਂ ਰੰਗ ਕਰਮੀਆਂ ਵੱਲੋਂ ਵਿਲੱਖਣ ਮੁਬਾਰਕ ਭੇਜੀ ਗਈ ਕਿ ਨਵੇਂ ਵਰ੍ਹੇ ਨੂੰ ਇਉਂ ਵੀ ਮੁਬਾਰਕ ਕਹਿਣ ਦੀ ਜਾਚ ਮੁਠੱਡਾ ਕਲਾਂ ਅਤੇ ਮਾਨਵਤਾ ਕਲਾ ਮੰਚ ਨਗਰ ਤੋਂ ਸਿੱਖਣੀ ਚਾਹੀਦੀ ਹੈ।ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ ਨੇ ਸੰਗਰਾਮੀ ਵਿਰਾਸਤ ਨੂੰ ਪ੍ਰਣਾਏ ਪਿੰਡ ਮੁਠੱਡਾ ਕਲਾਂ ਵਾਸੀਆਂ ਅਤੇ ਕਿਤਾਬ ਦੀ ਸਿਰਜਕ ਕੁਲਵੰਤ ਕੌਰ ਨਗਰ ਨੂੰ ਮੁਬਾਰਕ ਦਿੱਤੀ। ਉਹਨਾਂ ਕਿਹਾ ਕਿ ਭਵਿੱਖ਼ ਵਿਚ ਮੁਠੱਡਾ ਕਲਾਂ ਇਸ ਸਮਾਗਮ ਦੀ ਮਹਿਕ ਹੋਰ ਵੀ ਲੋਕਾਂ ਤੱਕ ਲਿਜਾਣ ਅਤੇ ਰੰਗ ਮੰਚ ਮੇਲਾ ਕਰਕੇ ਨਵੇਂ ਸਾਲ ਦੀ ਨਵੀਓਂ ਨਵੀਂ ਬਹਾਰ ਦੀਆਂ ਸੰਭਾਵਨਾਵਾਂ ਜ਼ਰਾ ਮੌਸਮ ਦੇ ਖਿੜਵੇਂ ਦਿਨਾਂ ਦੀ ਉਡੀਕ ਵਿਚ ਹਨ। ਅਜਿਹੇ ਲੋਕ ਪੱਖੀ ਸਭਿਆਚਾਰਕ ਤਿਓਹਾਰ ਦੀ ਸਭ ਉਡੀਕ ਅਤੇ ਚਾਅ ਹੈ।
https://play.google.com/store/apps/details?id=in.yourhost.samaj