ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਬੀਤੇ ਦਿਨੀਂ ਆਜਾਦੀ ਦਿਵਸ਼ ਦੇ ਮੌਕੇ ਤੇ ਆਈ ਕੈਨ ਫਾਊਂਡੇਸ਼ਨ ਦੁਆਰਾ ਲੇਖਕ ਅਮਨ ਜੱਖਲਾਂ ਜੀ ਦਾ ‘ਨੈਸਨਲ ਹਿਊਮੈਨਟੈਰੀਅਨ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਰੈਡੀਸਨ ਦਵਾਰਕਾ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੋਲ ਮੰਤਰੀ ਅਤੇ ਰਾਜ ਸਭਾ ਮੈਂਬਰ ਮਾਣਯੋਗ ਸ੍ਰੀ ਸੰਤੋਸ਼ ਬਗਰੋਡੀਆ ਜੀ ਪਹੁੰਚੇ। ਇਹ ਪੁਰਸਕਾਰ ਭਾਰਤ ਦੇ ਉਨ੍ਹਾਂ ਸੰਘਰਸ਼ਮਈ ਲੋਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਦੇ ਵਿਕਾਸ ਲਈ ਆਪਣੇ ਉੱਦਮਾਂ ਨੂੰ ਨਿਰੰਤਰਤਾ ਵਿੱਚ ਲਿਆ ਕੇ ਕੁਝ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਅਮਨ ਜੱਖਲਾਂ ਬੜੇ ਲੰਮੇ ਸਮੇਂ ਤੋਂ ਸਮਾਜਿਕ ਖੇਤਰ ਵਿੱਚ ਹਨ ਅਤੇ ਭਾਰਤ ਸਰਕਾਰ ਦੇ ਯੁਵਾ ਅਤੇ ਖੇਲ ਮੰਤਰਾਲੇ ਅਧੀਨ ਆਪਣੀਆਂ ਉੱਦਮੀ ਸੇਵਾਵਾਂ ਨਿਭਾ ਚੁੱਕੇ ਹਨ, ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਚੇਤਨਾ ਦੇ ਅਨੇਕਾਂ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜੋ ਜਨ ਜਾਗ੍ਰਿਤੀ ਲਈ ਬਹੁਤ ਲਾਭਕਾਰੀ ਸਿੱਧ ਹੋਈਆਂ। ਅਮਨ ਜੱਖਲਾਂ ਖੁਦ ਇੱਕ ਲੋਕ ਪੱਖੀ ਲੇਖਕ ਹਨ ਜਿਨ੍ਹਾਂ ਦੀਆਂ ਪੁਸਤਕਾਂ ਇਨਸਾਨੀਅਤ ਅਤੇ ਕਿਰਤ ਵੀ ਆਪਣੇ ਆਪ ਵਿੱਚ ਇੱਕ ਸਮਾਜਿਕ ਚੇਤਨਾ ਦਾ ਹੋਕਾ ਹਨ। ਹੁਣ ਵੀ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਬਿਹਤਰੀ ਲਈ ਕੰਮ ਕਰੀ ਰਹੀ ਸਾਂਝੀ ਸਿੱਖਿਆ ਸੰਸਥਾ ਨਾਲ ਮਿਲ ਕੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣਾ ਯੋਗਦਾਨ ਪਾ ਰਹੇ ਹਨ। ਹੋਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅਤੇ ਕਾਰਜਾਂ ਵਿੱਚ ਉਹ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਪੂਰੇ ਭਾਰਤ ਵਿੱਚੋਂ ਤਕਰੀਬਨ 100 ਦੇ ਕਰੀਬ ਚੁਣੇ ਗਏ ਲੋਕਾਂ ਵਿੱਚੋਂ ਉਹ ਇੱਕ ਹਨ ਜਿਨ੍ਹਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ। ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠ ਕੇ ਇਸ ਪੱਧਰ ਦੇ ਸਮਾਜਿਕ ਕਾਰਜਾਂ ਤੱਕ ਪਹੁੰਚ ਰੱਖਣਾ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ। ਉਨ੍ਹਾਂ ਦੀ ਸੋਚ ਅਤੇ ਉੱਦਮ ਨੌਜਵਾਨੀ ਲਈ ਇੱਕ ਪ੍ਰੇਰਨਾ ਹਨ ਜਿਨ੍ਹਾਂ ਦਾ ਪ੍ਰਕਾਸ਼ ਬੜੀ ਦੂਰ ਤੱਕ ਫੈਲ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly