ਆਸਟਰੇਲੀਆ ਵੱਲੋਂ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਮੈਤਰੀ ਪਹਿਲ ਦਾ ਐਲਾਨ

ਮੈਲਬਰਨ (ਸਮਾਜ ਵੀਕਲੀ): ਆਸਟਰੇਲੀਆ ਸਰਕਾਰ ਨੇ ਮੈਤਰੀ ਪ੍ਰੋਗਰਾਮ ਤਹਿਤ ਭਾਰਤ ਨਾਲ ਸਿੱਖਿਆ ਅਤੇ ਸੱਭਿਆਚਾਰਕ ਸਬੰਧਾਂ ਨੂੰ ਬੜ੍ਹਾਵਾ ਦੇਣ ਲਈ ਅੱਜ ਕਈ ਨਵੀਆਂ ਪੇਸ਼ਕਦਮੀਆਂ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਸਟਰੇਲਿਆਈ ਵਿਦੇਸ਼ ਮੰਤਰੀ ਮਾਰਿਸ ਪੇਅਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਨਾਲ ਕੋਵਿਡ-19 ਨਾਲ ਨਿਪਟਣ ਤੋਂ ਲੈ ਕੇ ਆਰਥਿਕ ਸੁਧਾਰ, ਸਮੁੰਦਰੀ ਸੁਰੱਖਿਆ, ਸਪਲਾਈ ਚੇਨ ਅਤੇ ਸਾਈਬਰ ਖ਼ਤਰਿਆਂ ਬਾਰੇ ਹੋਈ ਚਰਚਾ ਵਿਚ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਸਣੇ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਸਬੰਧੀ ਮੁੱਦਿਆਂ ਅਤੇ ਮੁੱਲਾਂ ਬਾਰੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ, ‘‘ਇਹ ਮੈਤਰੀ ਪਹਿਲ ਹੈ। ਮੈਤਰੀ ਸਕਾਲਰਜ਼ ਪ੍ਰੋਗਰਾਮ ਤਹਿਤ ਆਸਟਰੇਲੀਆ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਜ਼ ਵਿਚ ਅਧਿਐਨ ਨੂੰ ਲੈ ਕੇ ਸਹਿਯੋਗ ਦੇਣ ਲਈ ਚਾਰ ਸਾਲਾਂ ਵਿਚ 1.1 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਪ੍ਰਦਾਨ ਕਰੇਗੀ।’’ ਉਨ੍ਹਾਂ ਕਿਹਾ, ‘‘ਮੈਤਰੀ ਫੈਲੋਸ਼ਿਪ ਪ੍ਰੋਗਰਾਮ ਭਵਿੱਖ ਦੇ ਆਗੂਆਂ ਵਿਚਾਲੇ ਸਬੰਧ ਬਣਾਉਣ ਲਈ ਚਾਰ ਸਾਲਾਂ ਵਿਚ 35 ਲੱਖ ਡਾਲਰ ਪ੍ਰਦਾਨ ਕਰੇਗਾ। ਇਹ ਆਸਟਰੇਲਿਆਈ ਅਤੇ ਭਾਰਤੀ ਪੇਸ਼ੇਵਰਾਂ ਨੂੰ ਰਣਨੀਤਕ ਖੋਜ ਪਹਿਲ ’ਤੇ ਸਹਿਯੋਗ ਕਰਨ ਦਾ ਸਮਰਥਨ ਕਰੇਗਾ।’’ ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ, ਆਸਟਰੇਲਿਆਈ ਸਰਹੱਦ ਖੋਲ੍ਹਣ ਦੀ ਸ਼ਲਾਘਾ ਕਰਦਾ ਹੈ। ਇਸ ਫ਼ੈਸਲੇ ਨਾਲ ਪਰਤਣ ਦਾ ਇੰਤਜ਼ਾਰ ਕਰ ਰਹੇ, ਖ਼ਾਸ ਤੌਰ ’ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ ਅਤੇ ਵੱਖ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਟੀਕੇ ਦੀ ਖੁਰਾਕ ਲੈ ਚੁੱਕੇ ਸੈਲਾਨੀਆਂ ਅਤੇ ਕਾਰੋਬਾਰੀ ਯਾਤਰੀਆਂ ਲਈ ਆਸਟਰੇਲੀਆ ਆਪਣੀਆਂ ਸਰਹੱਦਾਂ 21 ਫਰਵਰੀ ਤੋਂ ਖੋਲ੍ਹੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਦੇ ਵਤੀਰੇ ਕਾਰਨ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਖਰਾਬ ਹੋਈ: ਜੈਸ਼ੰਕਰ
Next articleਭਾਰਤ ਨੂੰ ਚੀਨ ਵੱਲੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹੈ: ਵ੍ਹਾਈਟ ਹਾਊਸ