ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਮੈਨੂੰ ਨਹੀਂ ਪਤਾ ਇਹ ਭੂਆ ਸ਼ਬਦ ਦਾ ਸ਼ਬਦੀ ਅਰਥ ਕੀ ਹੈ। ਹਾਂ ਫੂੰ ਫੂੰ ਕਰਨ ਵਾਲ਼ੇ ਨੂੰ ਫੁਫੜ ਕਹਿੰਦੇ ਹਨ। ਫਿਰ ਫੁਫੜ ਤੋਂ ਹੀ ਫੁਫੀ ਸ਼ਬਦ ਹੌਂਦ ਵਿੱਚ ਆਇਆ ਹੈ। ਭੂਆ ਸੱਸ ਨੂੰ ਫੁਫੇਸ ਆਖਿਆ ਜਾਂਦਾ ਹੈ। ਭੂਆ ਉਸੇ ਘਰ ਦੀ ਜੰਮੀ ਹੁੰਦੀ ਹੈ ਜਿਸ ਘਰ ਵਿੱਚ ਫੇਰਾ ਪਾਉਣ ਲਈ ਉਹ ਭਰਾ ਭਰਜਾਈਆਂ ਦੇ ਮੂਡ ਵੱਲ ਵੇਖਦੀ ਹੈ। ਕਈ ਘਰ ਭੂਆ ਦੇ ਆਉਣ ਨੂੰ ਚੰਗਾ ਨਹੀਂ ਸਮਝਦੇ। ਇਹ ਸੋਚ ਬਣਾ ਰੱਖੀ ਹੈ ਕਿ ਭੂਆ ਕੁਝ ਨਾ ਕੁਝ ਲੈਣ ਹੀ ਆਉਂਦੀ ਹੈ। ਭੂਆ ਲਾਲਚ ਕਰਦੀ ਹੈ। ਜਦੋਂ ਕਿ ਹਕੀਕਤ ਇਹ ਹੁੰਦੀ ਹੈ ਕਿ ਭੂਆ ਆਪਣੇ ਘਰੇ ਜਿੰਨੀ ਮਰਜ਼ੀ ਚੰਗੀ ਹੋਵੇ ਉਸਨੂੰ ਪੇਕਿਆਂ ਤੋਂ ਮਿਲੇ ਮਾਣ ਸਨਮਾਨ ਦੀ ਸਿੱਕ ਹੁੰਦੀ ਹੈ। ਪੇਕਿਆਂ ਤੋਂ ਮਿਲੇ ਤਿੱਲ ਫੁੱਲ ਨੂੰ ਆਪਣੀਆਂ ਨੂੰਹਾਂ ਅਤੇ ਨਨਾਣਾਂ ਨੂੰ ਉਹ ਹੁੱਭਕੇ ਵਿਖਾਉਂਦੀ ਹੈ। ਉਸਦਾ ਅੰਮਾ ਜਾਇਆ ਭਰਾ ਅਤੇ ਭਰਜਾਈਆਂ, ਭਤੀਜੇ, ਭਤੀਜੀਆਂ ਭੂਆ ਤੋਂ ਹਰ ਗੱਲ ਦੇ ਪਰਦੇ ਰੱਖਦੇ ਹਨ। ਲਿਆਂਦੀ ਹੋਈ ਕਿਸੇ ਨਵੀਂ ਚੀਜ਼ ਦਾ ਭੂਆ ਤੋਂ ਓਹਲਾ ਰੱਖਦੇ ਹਨ। ਜਦੋਂ ਕਿ ਭੂਆ ਪੇਕਿਆਂ ਦੀ ਹਰ ਖੁਸ਼ੀ ਨੂੰ ਆਪਣੀ ਖੁਸ਼ੀ ਤੋਂ ਵੀ ਵੱਧ ਸਮਝਦੀ ਹੈ। ਇਹ ਉਹ ਭੂਆ ਹੁੰਦੀ ਹੈ ਜੋ ਕਦੇ ਉਸ ਘਰ ਦੀ ਬਰਾਬਰ ਦੀ ਹਿੱਸੇਦਾਰ ਹੁੰਦੀ ਸੀ। ਜਮੀਨ ਜਾਇਦਾਦ ਦੀ ਬਰਾਬਰ ਦੀ ਮਾਲਿਕ ਸੀ। ਉਸ ਕੋਲ੍ਹ ਬਰਾਬਰ ਦੇ ਹੱਕ ਸਨ। ਪ੍ਰੰਤੂ ਉਸ ਦਾ ਹਿੱਸਾ ਇਹ ਕਹਿਕੇ ਕੱਟ ਦਿੱਤਾ ਜਾਂਦਾ ਹੈ ਕਿ ਇਸ ਦੇ ਹਿੱਸੇ ਦੀ ਰਕਮ ਨੂੰ ਇਸਦੇ ਵਿਆਹ ਤੇ ਖਰਚ ਕਰ ਦਿੱਤਾ ਗਿਆ ਸੀ। ਜਦੋਂ ਕਿ ਅੱਜ ਕੱਲ੍ਹ ਲੋਕ ਕੁੜੀਆਂ ਦੇ ਵਿਆਹ ਨਾਲੋਂ ਮੁੰਡਿਆਂ ਦੇ ਵਿਆਹ ਤੇ ਵੱਧ ਖਰਚ ਕਰਦੇ ਹਨ। ਫਿਰ ਭੂਆ ਦਾ ਹਿੱਸਾ ਕਿੱਥੇ ਗਿਆ। ਬਹੁਤੀਆਂ ਕੁੜੀਆਂ ਤਾਂ ਆਪਣੇ ਵਿਆਹ ਤੋਂ ਪਹਿਲ਼ਾਂ ਹੀ ਕਮਾਈ ਕਰਨ ਲੱਗ ਜਾਂਦੀਆਂ ਹਨ। ਆਪਣੇ ਵਿਆਹ ਤੱਕ ਦੀ ਆਪਣੀ ਤਨਖਾਹ ਉਹ ਪੇਕਿਆਂ ਦੀ ਝੋਲੀ ਪਾ ਦਿੰਦੀਆਂ ਹਨ। ਜਾਂ ਇੰਜ ਕਹਿ ਲਵੋ ਉਹ ਆਪਣੇ ਵਿਆਹ ਜੋਗਾ ਇਕੱਠਾ ਕਰ ਲੈਂਦੀਆਂ ਹਨ। ਪਰ ਫਿਰ ਵੀ ਉਹ ਆਪਣਾ ਹਿੱਸਾ ਨਹੀਂ ਲੈਂਦੀਆਂ। ਕਿਉਂਕਿ ਉਹ ਵਿਆਹ ਤੋਂ ਬਾਅਦ, ਮਾਂ ਪਿਓ ਦੇ ਤੁਰ ਜਾਣ ਤੋਂ ਪੇਕਿਆਂ ਨਾਲ ਵਰਤਣਾ ਚਾਹੁੰਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਉਹਨਾਂ ਨੂੰ ਹਰ ਤਿੱਥ ਤਿਉਹਾਰ ਤੇ ਸੰਭਾਲਿਆ ਜਾਂਵੇ। ਪੇਕੇ ਘਰ ਆਉਣ ਤੇ ਉਸਦਾ ਖਿੜੇ ਮੱਥੇ ਸਵਾਗਤ ਹੋਵੇ। ਦੁੱਖ ਸੁੱਖ ਤੇ ਉਸਦੇ ਭਰਾ ਭਤੀਜੇ ਉਸ ਨਾਲ ਖੜ੍ਹਨ। ਭੈਣ ਹਮੇਸ਼ਾਂ ਪੇਕਿਆਂ ਵੱਲੋਂ ਠੰਡੀ ਹਵਾ ਦੇ ਬੁੱਲੇ ਲੋਚਦੀ ਹੈ। ਪ੍ਰੰਤੂ ਅੱਜ ਦੇ ਯੁੱਗ ਵਿੱਚ ਇਹ ਹੁੰਦਾ ਨਹੀਂ। ਆਪਣਾ ਹਿੱਸਾ ਛੱਡਣ ਤੇ ਵੀ ਧੀ ਭੈਣ ਨੂੰ ਸਰੀਕ ਵਾੰਗੂ ਸਮਝਿਆ ਜਾਂਦਾ ਹੈ। ਪੇਕਿਆਂ ਦੀ ਖੁਸ਼ੀ ਸੁਣਕੇ ਭੈਣ ਫੁੱਲੀ ਨਹੀਂ ਸਮਾਉਂਦੀ ਪ੍ਰੰਤੂ ਉਹ ਭਰਾ ਤੇ ਭਰਜਾਈਆਂ ਉਸਨੂੰ ਦੱਸਣਾ ਵੀ ਨਹੀਂ ਚਾਹੁੰਦੇ। ਕਈ ਧੀਆਂ ਤਾਂ ਬਾਲ ਬੱਚੇ ਵਾਲੀਆਂ ਹੋਕੇ ਆਪਣੇ ਭਰਾਵਾਂ ਦੇ ਹੱਕ ਵਿੱਚ ਬਿਆਨ ਦੇ ਦਿੰਦੀਆਂ ਹਨ। ਅਖੌਤੀ ਲਾਲਚੀ ਭੂਆਂ ਦੇ ਇਸ ਤਿਆਗ ਦੀ ਕੋਈਂ ਕਦਰ ਨਹੀਂ ਕਰਦਾ। ਇਸ ਨੂੰ ਭਰਾ ਭਤੀਜੇ ਆਪਣਾ ਹੱਕ ਸਮਝਦੇ ਹਨ। ਪ੍ਰੰਤੂ ਲੋਹੜੀ ਦੀਵਾਲੀ ਨੂੰ ਵੀ ਉਹ ਪੇਕਿਆਂ ਦੇ ਮਿਠਾਈ ਦੇ ਡਿੱਬੇ ਨੂੰ ਉਡੀਕਦੀਆਂ ਅੱਖਾਂ ਗੇਟ ਤੇ ਰਹਿੰਦੀਆਂ ਹਨ। ਕਰੋੜਾਂ ਰੁਪਏ ਦੀ ਜਾਇਦਾਦ ਦਾ ਤਿਆਗ ਕਰਨ ਵਾਲੀਆਂ ਧੀਆਂ ਭੈਣਾਂ ਦੀ ਇਹ ਦੁਰਦਿਸ਼ਾ ਅੱਜ ਆਮ ਗੱਲ ਬਣ ਚੁੱਕੀ ਹੈ। ਦੁਨਿਆਵੀ ਰੂਪ ਵਿੱਚ ਹਰ ਭੂਆ ਦਾ ਇਹ ਤਿਆਗ ਬਹੁਤ ਵੱਡਾ ਹੁੰਦਾ ਹੈ। ਪਰ ਫਿਰ ਵੀ ਭੂਆ ਦੀ ਕੋਈਂ ਉਹ ਕਦਰ ਨਹੀਂ ਕਰਦਾ। ਮੇਰੇ ਹਿਸਾਬ ਨਾਲ ਭੂਆ ਦਾ ਰਿਸ਼ਤਾ ਸਭ ਤੋਂ ਊਚਾ ਹੁੰਦਾ ਹੈ। ਸਾਡੀ ਅਮੀਰੀ ਵਿੱਚ ਭੂਆ ਦਾ ਹਿੱਸਾ ਅਤੇ ਦੂਆਵਾਂ ਬੋਲਦੀਆਂ ਹਨ। ਕੋਈ ਸੁਣੇ ਜਾਂ ਨਾ ਸੁਣੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj