(ਸਮਾਜ ਵੀਕਲੀ)
ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…
ਸਾਡੇ ਸਮਾਜ ਦਾ ਲੱਗਭੱਗ ਅੱਧਾ ਹਿੱਸਾ ਔਰਤਾਂ ਹਨ। ਔਰਤਾਂ ਅਤੇ ਮਰਦਾਂ ਦੀ ਗਿਣਤੀ ਵਿੱਚ ਸਮਾਨਤਾ ਬਣਾਈ ਰੱਖਣਾ, ਸ਼ਾਇਦ ਕੁਦਰਤ ਦੇ ਨਿਯਮਾਂ ਵਿੱਚ ਸ਼ਾਮਲ ਹੈ। ਦੋਵੇਂ ਹੀ ਇੱਕ-ਦੂਜੇ ਦਾ ਅਨਿੱਖੜਵਾਂ ਅੰਗ ਹਨ ਅਤੇ ਦੋਵੇਂ ਹੀ ਇੱਕ-ਦੂਜੇ ਦੇ ਪੂਰਕ ਵੀ ਹਨ ਜਾਂ ਇਉਂ ਕਹਿ ਲਵੋ ਕਿ ਦੋਵੇਂ ਹੀ ਇੱਕ-ਦੂਜੇ ਬਿਨਾਂ ਅਧੂਰੇ ਹਨ। ਭਾਵੇਂ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਔਰਤ ਨੂੰ ਜਗਤ-ਜਣਨੀ ਆਖ ਕੇ ਵੀ ਵਡਿਆਇਆ ਗਿਆ ਹੈ ਅਤੇ ਦੁਰਗਾ, ਲੱਛਮੀ, ਸਰਸਵਤੀ ਆਦਿ ਰੂਪਾਂ ਵਿੱਚ ਉਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਪਰ ਜੇਕਰ ਅਸਲੀਅਤ ਵਿੱਚ ਸਾਡੇ ਸਮਾਜ ’ਚ ਔਰਤ ਦੀ ਵਰਤਮਾਨ ਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਵੇਗਾ। ਜਨਮ ਤੋਂ ਲੈ ਕੇ ਮਰਨ ਤੱਕ, ਭਾਵ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਜੇ ਵੀ ਔਰਤ ਨਾਲ ਕੀਤਾ ਜਾ ਰਿਹਾ ਵਿਤਕਰਾ ਸਪੱਸ਼ਟ ਦਿਖਾਈ ਦਿੰਦਾ ਹੈ। ਪਹਿਲਾਂ ਤਾਂ ਸਗੋਂ ਇਸ ਨੂੰ ਜੰਮਣ ਤੋਂ ਬਾਅਦ ਹੀ ਕਤਲ ਕੀਤਾ ਜਾਂਦਾ ਸੀ ਪਰ ਹੁਣ ਤਾਂ ਇਸ ਨੂੰ ਜਨਮ ਤੋਂ ਪਹਿਲਾਂ ਗਰਭ ਵਿੱਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਕਿਸੇ ਵਿਰਲੇ-ਵਿਰਲੇ ਘਰ ਵਿੱਚ ਪੁੱਤਾਂ ਵਾਂਗ ਧੀਆਂ ਦੀ ਲੋਹੜੀ ਵੀ ਵੰਡੀ ਜਾ ਰਹੀ ਦੇਖਣ ਵਿੱਚ ਆ ਰਹੀ ਹੈ ਪਰ ਬਹੁਤੇ ਘਰਾਂ ਵਿੱਚ ਅਜੇ ਵੀ ਲੜਕੀ ਜੰਮਣ ’ਤੇ ਸੋਗ ਪੈ ਜਾਂਦਾ ਹੈ।
ਬੱਸਾਂ-ਗੱਡੀਆਂ ਵਿੱਚ ਸਫ਼ਰ ਕਰਦੇ ਸਮੇਂ ਜਾਂ ਹੋਰ ਜਨਤਕ ਥਾਵਾਂ ’ਤੇ ਕੀਤੀ ਜਾ ਰਹੀ ਛੇੜ-ਛਾੜ ਔਰਤਾਂ ਨੂੰ ਦਰਪੇਸ਼ ਦੂਜੀ ਵੱਡੀ ਸਮੱਸਿਆ ਹੈ। ਇੱਥੋਂ ਤੱਕ ਕਿ ਨੌਕਰੀ-ਪੇਸ਼ਾ ਔਰਤਾਂ ਦੀ ਜ਼ਿੰਦਗੀ ਵੀ ਬਹੁਤੀ ਵਧੀਆ ਨਹੀਂ ਕਹੀ ਜਾ ਸਕਦੀ। ਕੁੱਝ ਗੰਦੀ ਮਾਨਸਿਕਤਾ ਵਾਲੇ ਵਿਅਕਤੀ ਤਾਂ ਸਰਕਾਰੀ ਜਾਂ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ਵੀ ਆਪਣੇ ਨਾਲ ਕੰਮ ਕਰਦੀਆਂ ਔਰਤਾਂ ਨਾਲ ਗੱਲਬਾਤ ਕਰਦਿਆਂ ਦੂਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਕਰਦੇ ਆਮ ਦੇਖੇ ਜਾ ਸਕਦੇ ਹਨ। ਕਈ ਵਾਰ ਤਾਂ ਸ਼ਰੇਆਮ ਹੀ ਅਸ਼ਲੀਲ ਜਾਂ ਭੱਦੇ ਮਜ਼ਾਕ ਕਰ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਔਰਤ ਵਿਚਾਰੀ ਆਪਣੀ ਬਦਨਾਮੀ ਹੋਣ ਦੇ ਡਰ ਕਰ ਕੇ ਚੁੱਪ-ਚੁਪੀਤੇ ਹੀ ਸਭ ਕੁੱਝ ਬਰਦਾਸ਼ਤ ਕਰਦੀ ਰਹਿੰਦੀ ਹੈ। ਇਸੇ ਕਰ ਕੇ ਅਜਿਹੇ ਵਿਅਕਤੀ ਹੋਰ ਉਤਸ਼ਾਹਿਤ ਹੁੰਦੇ ਰਹਿੰਦੇ ਹਨ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਪ੍ਰਸਥਿਤੀਆਂ ਨਾਲ ਸਮਝੌਤਾ ਵੀ ਕਰ ਲੈਂਦੀਆਂ ਹਨ ਅਤੇ ਇਹ ਸਭ ਕੁੱਝ ਉਨ੍ਹਾਂ ਨੂੰ ਬੁਰਾ ਲੱਗਣੋਂ ਵੀ ਹਟ ਜਾਂਦਾ ਹੈ। ਜੇਕਰ ਕੋਈ ਦਲੇਰ ਔਰਤ ਹਿੰਮਤ ਕਰ ਕੇ ਅਜਿਹੇ ਮੁਸ਼ਟੰਡਿਆਂ ਅੱਗੇ ਡਟਣ ਦਾ ਹੌਸਲਾ ਵੀ ਕਰਦੀ ਹੈ, ਤਾਂ ਸਾਡੇ ਸਮਾਜ ਵੱਲੋਂ ਲੋੜੀਂਦਾ ਸਹਿਯੋਗ ਦੇਣ ਦੀ ਥਾਂ ਉਸ ਨੂੰ ਸਬਰ ਦਾ ਘੁੱਟ ਭਰ ਕੇ ਮਸਲੇ ਨੂੰ ਰਫ਼ਾ-ਦਫ਼ਾ ਕਰਨ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਅਗਵਾ ਅਤੇ ਬਲਾਤਕਾਰ ਵਰਗੀਆਂ ਹਿਰਦੇਵੇਧਕ ਖ਼ਬਰਾਂ ਵੀ ਸਾਡਾ ਮੂੰਹ ਚਿੜਾ ਰਹੀਆਂ ਪ੍ਰਤੀਤ ਹੁੰਦੀਆਂ ਹਨ। ਅਜਿਹੇ ਅਪਰਾਧਾਂ ਦੀ ਰੋਕਥਾਮ ਲਈ ਬੇਸ਼ੱਕ ਬਹੁਤ ਸਾਰੇ ਕਾਨੂੰਨ ਵੀ ਬਣਾਏ ਗਏ ਹਨ ਪਰ ਦੇਸ਼ ਦੇ ਭ੍ਰਿਸ਼ਟ ਰਾਜਨੀਤਕ ਪ੍ਰਬੰਧ ਕਰ ਕੇ ਵੱਡੇ ਤੋਂ ਵੱਡੇ ਦੋਸ਼ੀ ਵੀ ਕਾਨੂੰਨੀ ਚੋਰ-ਮੋਰੀਆਂ ਰਾਹੀਂ ਬਚ ਨਿਕਲਦੇ ਹਨ।
ਅਸਲ ਵਿੱਚ ਬਚਪਨ ਤੋਂ ਹੀ ਔਰਤ ਦਾ ਪਾਲਣ-ਪੋਸ਼ਣ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਉਹ ਪੂਰੀ ਤਰ੍ਹਾਂ ਮਰਦ ਦੀ ਗ਼ੁਲਾਮੀ ਨੂੰ ਪ੍ਰਵਾਨ ਕਰ ਲੈਂਦੀ ਹੈ। ਮਰਦਾਂ ਦੇ ਰਚੇ ਧਾਰਮਕ ਗ੍ਰੰਥਾਂ ਤੋਂ ਮਿਲੀ ਸਿੱਖਿਆ ਤੋਂ ਪ੍ਰਭਾਵਿਤ ਹੋਈ ਉਹ ਮਰਦ ਦੀ ਨਾਜਾਇਜ਼ ਧੱਕੇਸ਼ਾਹੀ ਅਤੇ ਹੈਂਕੜ ਨੂੰ ਝੱਲ ਕੇ ਵੀ ਆਪਣੇ ਆਪ ਨੂੰ ਪਤੀਵਰਤਾ ਧਰਮ ਦੀ ਪਾਲਣਾ ਕਰਨ ਵਾਲੀ ਮਹਾਨ ਔਰਤ ਸਮਝਣ ਦਾ ਭਰਮ ਪਾਲ ਰਹੀ ਹੈ। ਮਰਦ ਦੀ ਲੰਮੀ ਉਮਰ ਅਤੇ ਸਲਾਮਤੀ ਲਈ ਉਹ ਵਰਤ ਰੱਖਦੀ ਨਹੀਂ ਥੱਕਦੀ ਪਰ ਉਹ ਉਸ ਨੂੰ ਹਮੇਸ਼ਾ ਹੀ ਭੋਗ-ਵਿਲਾਸ ਦੀ ਵਸਤੂ ਸਮਝਦਾ ਰਿਹਾ ਹੈ। ਮੈਂ ਬਿਲਕੁਲ ਵੀ ਇਹ ਨਹੀਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਮਰਦ ਹੀ ਅਜਿਹੇ ਹੁੰਦੇ ਹਨ ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਮਰਦਾਂ ਵਿੱਚ ਜ਼ਿਆਦਾਤਰ ਗਿਣਤੀ ਅਜਿਹੀ ਹੀ ਹੁੰਦੀ ਹੈ, ਜਿਸ ਨੂੰ ਮੰਨ ਲੈਣ ਵਿੱਚ ਕਿਸੇ ਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਮੌਜੂਦਾ ਸਥਿਤੀ ਵਿੱਚ ਪਹੁੰਚਣ ਲਈ ਔਰਤ ਨੂੰ ਬੜਾ ਸਖ਼ਤ ਸੰਘਰਸ਼ ਕਰਨਾ ਪਿਆ ਹੈ ਕਿਉਂਕਿ ਮਰਦ ਵੱਲੋਂ ਔਰਤ ਨੂੰ ਦਬਾਈਂ ਰੱਖਣ ਲਈ ਹਰ ਹੀਲਾ ਵਰਤਿਆ ਗਿਆ ਹੈ। ਲੱਗਭੱਗ ਸਾਰੇ ਹੀ ਧਰਮ ਗ੍ਰੰਥ ਮਰਦਾਂ ਦੁਆਰਾ ਲਿਖੇ ਗਏ ਗਏ ਹਨ, ਇਸ ਲਈ ਧਰਮ ਗ੍ਰੰਥਾਂ ਵਿੱਚ ਵੀ ਔਰਤਾਂ ਨੂੰ ਰੱਜ ਕੇ ਭੰਡਿਆ ਗਿਆ। ਇਨ੍ਹਾਂ ਗ੍ਰੰਥਾਂ ਵਿੱਚ ਪ੍ਰਮਾਤਮਾ ਦੇ ਮੂੰਹੋਂ ਅਖਵਾਇਆ ਗਿਆ ਕਿ ਔਰਤ ਪਾਪ ਦੀ ਜੂਨੀ ਹੈ, ਨਰਕ ਦਾ ਦੁਆਰ ਹੈ ਅਤੇ ਮਰਦ ਦੇ ਮੁਕਤੀ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹੈ। ਔਰਤ ਨੂੰ ਮਰਦ ਦੇ ਪਤਨ ਦਾ ਕਾਰਨ ਅਤੇ ਤਾੜਨ ਦੀ ਅਧਿਕਾਰੀ ਵੀ ਠਹਿਰਾਇਆ ਗਿਆ। ਹਰ ਹਾਲਤ ਵਿੱਚ ਔਰਤ ਨੂੰ ਮਰਦ ਦੇ ਅਧੀਨ ਰਹਿਣ ਲਈ ਕਿਹਾ ਗਿਆ। ਬਚਪਨ ਵਿੱਚ ਪਿਤਾ ਦੇ ਅਧੀਨ, ਜਵਾਨੀ ਵਿੱਚ ਪਤੀ ਦੇ ਅਧੀਨ ਅਤੇ ਬੁਢਾਪੇ ਵਿੱਚ ਪੁੱਤਰ ਦੇ ਅਧੀਨ ਰਹਿਣ ਦੀ ਗੱਲ ਕੀਤੀ ਗਈ। ਮੁਕਤੀ ਦੇ ਸਿਧਾਂਤ ਨੂੰ ਪੁੱਤਰ ਨਾਲ ਜੋੜ ਕੇ ਵੀ, ਔਰਤ ਨੂੰ ਨੀਵਾਂ ਦਿਖਾਇਆ ਗਿਆ, ਜਿਸ ਅਨੁਸਾਰ ਪੁੱਤਰ ਦੁਆਰਾ ਚਿਖਾ ਨੂੰ ਅਗਨੀ ਦੇਣ ਨਾਲ ਹੀ ਪਿਤਾ ਦੀ ਗਤੀ ਹੁੰਦੀ ਮੰਨੀ ਗਈ ਹੈ। ਲੋਹੜੀ, ਰੱਖੜੀ ਅਤੇ ਕਰਵਾ ਚੌਥ ਵਰਗੇ ਪਿਛਾਂਹ-ਖਿੱਚੂ ਤਿਉਹਾਰ ਵੀ ਅਜਿਹੀ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਰਦੇ ਹਨ।
ਔਰਤਾਂ ਦੇ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ, ਜਦੋਂ ਉਨ੍ਹਾਂ ਨੂੰ ਜ਼ਬਰਦਸਤੀ ਪਤੀ ਦੀ ਲਾਸ਼ ਦੇ ਨਾਲ ਹੀ ‘ਸਤੀ’ ਕਰ ਦਿੱਤਾ ਜਾਂਦਾ ਸੀ। ਅਜਿਹੇ ਘਿਨਾਉਣੇ ਰੀਤੀ-ਰਿਵਾਜ਼ਾਂ ਨੂੰ ਵੀ ਧਾਰਮਿਕ ਰੰਗਤ ਦਿੱਤੀ ਹੋਣ ਕਰਕੇ, ਕੋਈ ਵੀ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਰੱਖਦਾ। ਕੋਈ ਨਹੀਂ ਸੀ ਔਰਤ ਦਾ ਚੀਕ-ਪੁਕਾਰ ਸੁਣਨ ਵਾਲਾ। ਬੇਵੱਸ, ਦੁਖਿਆਰੀ ਅਤੇ ਲਾਚਾਰ ਔਰਤ ਦੇ ਹੱਕ ਵਿੱਚ ਨਿੱਤਰਨ ਵਾਲੇ ਇੱਕੋ-ਇੱਕ ਮਰਦ ਅਗੰਮੜੇ ਸੰਸਾਰ ਦੇ ਮਹਾਨ ਇਨਕਲਾਬੀ ਰਹਿਬਰ ਗੁਰੂ ਨਾਨਕ ਦੇਵ ਜੀ ਹੀ ਸਨ। ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਠੇਕੇਦਾਰਾਂ ਨੂੰ ਲਲਕਾਰ ਕੇ ਕਿਹਾ ਕਿ ਰਾਜਿਆਂ-ਮਹਾਰਾਜਿਆਂ ਅਤੇ ਅਵਤਾਰਾਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ? ਇਸ ਦਾ ਜਵਾਬ ਸਮਾਜ ਵਿੱਚ ਕਿਸੇ ਕੋਲ ਵੀ ਨਹੀਂ ਸੀ। ਸਤੀ ਪ੍ਰਥਾ ਦਾ ਵਿਰੋਧ ਕਰ ਕੇ ਉਨ੍ਹਾਂ ਨੇ ਔਰਤ ਲਈ ਮੁਕਤੀ ਦਾ ਮਾਰਗ ਖੋਲ੍ਹਿਆ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੁਕਮਨਾਮਿਆਂ ਵਿੱਚ ਕੁੜੀਮਾਰਾਂ ਨੂੰ ਪੰਥ ਵਿੱਚੋਂ ਛੇਕ ਕੇ ਇਸ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕੀਤਾ।
ਅੱਜ ਦੇ ਵਿਗਿਆਨਕ ਯੁੱਗ ਵਿੱਚ ਭਾਵੇਂ ਔਰਤ ਕਿਸੇ ਵੀ ਖੇਤਰ ਵਿੱਚ ਮਰਦ ਤੋਂ ਪਿੱਛੇ ਨਹੀਂ ਰਹੀ ਪਰ ਫਿਰ ਵੀ ਅਜੇ ਉਹ ਅਸਲੀਅਤ ਵਿੱਚ ਮਰਦ ਦੇ ਬਾਰਬਰ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਅੱਜ ਵੀ ਉਸ ਨੂੰ ਕਦਮ-ਕਦਮ ’ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਦਾਜ਼-ਦਹੇਜ਼ ਦੀ ਖਾਤਰ ਪੈਟਰੌਲ ਪਾ ਕੇ ਸਾੜਿਆ ਜਾ ਰਿਹਾ ਹੈ। ਘਰਾਂ ਵਿੱਚ ਹੋਣ ਵਾਲੀ ਕੁੱਟ-ਮਾਰ ਤਾਂ ਇੱਕ ਆਮ ਜਿਹੀ ਗੱਲ ਹੀ ਬਣ ਕੇ ਰਹਿ ਗਈ ਹੈ। ਸਰੀਰਕ ਸ਼ੋਸ਼ਣ ਪੱਖੋਂ ਵੀ ਉਹ ਘਰ ਦੇ ਅੰਦਰ ਜਾਂ ਬਾਹਰ ਵੀ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਨੌਕਰੀ ਪੇਸ਼ਾ ਔਰਤਾਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ। ਉਹ ਆਪਣੀ ਤਨਖਾਹ ਵਿੱਚੋਂ ਆਪਣੇ ਘਰਵਾਲੇ ਦੀ ਮਰਜ਼ੀ ਤੋਂ ਬਿਨਾਂ ਕੋਈ ਖਰਚਾ ਨਹੀਂ ਕਰ ਸਕਦੀ। ਇਸ ਦੇ ਉਲਟ ਮਰਦ ਭਾਵੇਂ ਆਪਣੀ ਅਤੇ ਆਪਣੀ ਪਤਨੀ ਦੀ ਸਾਰੀ ਤਨਖਾਹ ਹੀ ਉਡਾ ਦੇਵੇ, ਤਾਂ ਵੀ ਉਹ ਕਿਸੇ ਅੱਗੇ ਜਵਾਬਦੇਹ ਨਹੀਂ ਹੈ।
ਭਾਵੇਂ ਸਰਕਾਰ ਨੇ ਇਸ ਦੀ ਰੋਕਥਾਮ ਲਈ ਬੜੇ ਕਾਨੂੰਨ ਵੀ ਬਣਾਏ ਹਨ ਪਰ ਅਸਲੀ ਅਰਥਾਂ ਵਿੱਚ ਅਜਿਹੇ ਕਾਨੂੰਨ ਉਦੋਂ ਤੱਕ ਸਾਰਥਿਕ ਨਹੀਂ ਹੋ ਸਕਦੇ, ਜਦੋਂ ਤੱਕ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਨਹੀਂ ਕੀਤਾ ਜਾਂਦਾ। ਇਸ ਸਮੱਸਿਆ ਨੂੰ ਜਨਮ ਦੇਣ ਵਾਲੇ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਕਾਰਨਾਂ ਨੂੰ ਸਮਝ ਕੇ, ਇੱਕ ਮਜ਼ਬੂਤ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਚਾਹੀਦੀ ਹੈ। ਔਰਤਾਂ ਪ੍ਰਤੀ ਲੋਕਾਂ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਜਦੋਂ ਉਹ ਆਪਣੀਆਂ ਧੀਆਂ ਅਤੇ ਪੁੱਤਰਾਂ ਵਿੱਚ ਫ਼ਰਕ ਸਮਝਣਾ ਬੰਦ ਕਰ ਦੇਣਗੇ, ਤਾਂ ਫਿਰ ਇਹ ਬੁਰਾਈ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ।
ਕਈ ਵਾਰੀ ਅਜਿਹੀਆਂ ਲਹਿਰਾਂ ਇਸ ਕਰ ਕੇ ਵੀ ਸਫ਼ਲ ਨਹੀਂ ਹੋ ਸਕਦੀਆਂ ਕਿਉਂਕਿ ਇਨ੍ਹਾਂ ਨੂੰ ਚਲਾਉਣ ਵਾਲੇ ਆਗੂ ਖ਼ੁਦ ਹੀ ਕਹਿਣੀ ਅਤੇ ਕਰਨੀ ਦੇ ਪੂਰੇ ਨਹੀਂ ਹੁੰਦੇ। ਇਸ ਲਈ ਪਹਿਲਾਂ ਆਤਮ ਪੜਚੋਲ ਕਰਨੀ ਬੇਹੱਦ ਜ਼ਰੂਰੀ ਹੈ। ਸਾਨੂੰ ਦੇਖਣਾ ਪਵੇਗਾ ਕਿ ਕਿਤੇ ਸਾਡੇ ਆਪਣੇ ਹੀ ਪਰਿਵਾਰਾਂ ਵਿੱਚ, ਸਾਡੀਆਂ ਆਪਣੀਆਂ ਹੀ ਬੱਚੀਆਂ ਨਾਲ, ਕਿਸੇ ਵੀ ਮਾਮਲੇ ਵਿੱਚ ਕੋਈ ਵਿਤਕਰਾ ਤਾਂ ਨਹੀਂ ਕੀਤਾ ਜਾ ਰਿਹਾ? ਜੇਕਰ ਲੱਗਦਾ ਹੈ, ਤਾਂ ਪਹਿਲਾਂ ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਪਹਿਲਾਂ ਆਪਣੇ ਜੀਵਨ ਵਿੱਚ ਲਾਗੂ ਕਰ ਕੇ, ਫਿਰ ਲੋਕਾਂ ਵਿੱਚ ਜਾਵਾਂਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ।
ਹਰ ਸਾਲ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮਨਾ ਲਿਆ ਜਾਂਦਾ ਹੈ। ਔਰਤਾਂ ਨੂੰ ਜਾਗਰੂਕ ਕਰਨ ਸਬੰਧੀ ਪਰਚੇ ਪੜ੍ਹ ਲਏ ਜਾਂਦੇ ਹਨ ਅਤੇ ਲੰਮੇ-ਲੰਮੇ ਭਾਸ਼ਣ ਕੀਤੇ ਜਾਂਦੇ ਹਨ ਪਰ ਔਰਤ ਦੀ ਦਸ਼ਾ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਕਿਉਂਕਿ ਇਸ ਦਿਸ਼ਾ ਵਿੱਚ ਅਮਲੀ ਤੌਰ ’ਤੇ ਕੁੱਝ ਕੀਤਾ ਹੀ ਨਹੀਂ ਜਾ ਰਿਹਾ। ਜੋ ਵੀ ਹੋ ਰਿਹਾ ਹੈ, ਉਹ ਸਿਰਫ਼ ਡਰਾਮੇਬਜ਼ੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਹ ਸਮੱਸਿਆ ਸਮੁੱਚੇ ਔਰਤ ਜਗਤ ਤੋਂ ਇੱਕ ਗੰਭੀਰ ਆਤਮ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ। ਜ਼ਿੰਦਗੀ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਜੋ ਔਰਤ ਨਹੀਂ ਕਰ ਸਕਦੀ।
ਕਿਸੇ ਵੀ ਪੱਖੋਂ ਉਹ ਮਰਦ ਨਾਲੋਂ ਕਮਜ਼ੋਰ ਨਹੀਂ ਹੈ, ਬੱਸ ਲੋੜ ਹੈ ਤਾਂ ਸਿਰਫ਼ ਇਸ ਗੱਲ ਦੀ ਉਹ ਆਪਣੀ ਗ਼ੁਲਾਮ ਮਾਨਸਿਕਤਾ ਵਾਲਾ ਜੂਲਾ ਵਗਾਹ ਮਾਰੇ ਅਤੇ ਆਪਣਾ ਖੁੱਸਿਆ ਹੋਇਆ ਸਵੈ-ਮਾਣ ਫਿਰ ਬਹਾਲ ਕਰਨ ਲਈ ਸੰਘਰਸ਼ਸ਼ੀਲ ਹੋਵੇ। ਸੀਤਾ ਅਤੇ ਸਵਿੱਤਰੀ ਵਾਲੇ ਗੁਣ ਵੀ ਰੱਖੇ ਪਰ ਸਮਾਂ ਆਉਣ ’ਤੇ ਦੁਰਗਾ ਦਾ ਰੂਪ ਧਾਰਨ ਕਰਨ ਤੋਂ ਵੀ ਪਿੱਛੇ ਨਾ ਹਟੇ। ਫਿਰ ਦੁਨੀਆ ਦਾ ਕੋਈ ਵੀ ਰਾਵਣ ਉਸ ਨੂੰ ਅਪਹਰਣ ਕਰਨ ਦਾ ਦੁਸਾਹਸ ਨਹੀਂ ਕਰੇਗਾ ਅਤੇ ਫਿਰ ਕਦੇ ਵੀ ਉਸ ਨੂੰ ਦਰੋਪਤੀ ਵਾਂਗ ਭਰੀ ਸਭਾ ਵਿੱਚ ਅਪਮਾਨਿਤ ਨਹੀਂ ਹੋਣਾ ਪਵੇਗਾ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly