ਚੰਡੀਗੜ੍ਹ, (ਸਮਾਜ ਵੀਕਲੀ) : ‘ਮਿਸ਼ਨ ਪੰਜਾਬ’ ਫ਼ਤਿਹ ਕਰਨ ਲਈ ਕਾਂਗਰਸ ਪਾਰਟੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਸੂਬੇ ਦੇ ਹਿੰਦੂ ਵੋਟ ਬੈਂਕ ਨੂੰ ਖ਼ੁਸ਼ ਕੀਤਾ ਜਾ ਸਕੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦੀ ਅਗਵਾਈ ਸੌਂਪੇ ਜਾਣ ਦੀ ਪੇਸ਼ਕਸ਼ ਕੀਤੀ। ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਹੋਇਆ ਸੀ ਤਾਂ ਉਦੋਂ ਤਿੰਨ ਦਫ਼ਾ ਸੁਨੀਲ ਜਾਖੜ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਜਾਖੜ ਨੂੰ ਨਿੱਜੀ ਤੌਰ ’ਤੇ ਸੱਦ ਕੇ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਲਈ ਦਬਾਅ ਵੀ ਪਾਇਆ ਸੀ। ਉਦੋਂ ਜਾਖੜ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਅਹੁਦਿਆਂ ਦੀ ਦੌੜ ਵਿਚ ਨਹੀਂ ਹਨ। ਹੁਣ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਦੀ ਸਰਗਰਮੀ ਕਾਫ਼ੀ ਘੱਟ ਨਜ਼ਰ ਆ ਰਹੀ ਹੈ। ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਹਰੀਸ਼ ਚੌਧਰੀ ਨੇ ਹਿੰਦੂ ਭਾਈਚਾਰੇ ’ਚ ਪ੍ਰਭਾਵ ਦੇਣ ਲਈ ਸੁਨੀਲ ਜਾਖੜ ਨੂੰ ਮਨਾਉਣ ਦੇ ਯਤਨ ਵਿੱਢੇ ਹਨ। ਪੰਜਾਬ ਵਿਚ ਤਿੰਨ ਦਰਜਨ ਦੇ ਕਰੀਬ ਅਜਿਹੇ ਹਲਕੇ ਹਨ ਜਿੱਥੇ ਹਿੰਦੂ ਵੋਟ ਬੈਂਕ ਜ਼ਿਆਦਾ ਪ੍ਰਭਾਵ ਰਖਦਾ ਹੈ।
ਕਾਂਗਰਸ ਹਾਈਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਪੱਤਾ ਖੇਡ ਲਿਆ ਹੈ ਅਤੇ ਹੁਣ ਦਲਿਤ ਵੋਟ ਬੈਂਕ ਕਾਂਗਰਸ ਨਾਲ ਜੁੜਦਾ ਦਿਖਾਈ ਦੇ ਰਿਹਾ ਹੈ ਪਰ ਹਿੰਦੂ ਭਾਈਚਾਰੇ ਦੀ ਕਿਧਰੇ ਨੁਮਾਇੰਦਗੀ ਨਜ਼ਰ ਨਹੀਂ ਆ ਰਹੀ ਹੈ। ਰਿਪੋਰਟ ਮਿਲਣ ਮਗਰੋਂ ਹੁਣ ਹਾਈਕਮਾਨ ਸਰਗਰਮ ਹੋਇਆ ਹੈ ਅਤੇ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਜਾਖੜ ਦੀ ਨਾਰਾਜ਼ਗੀ ਪਾਰਟੀ ਲਈ ਸੁਖਾਵੀਂ ਨਹੀਂ ਹੈ। ਹਰੀਸ਼ ਚੌਧਰੀ ਨੇ ਚੋਣਾਂ ਨੇੜੇ ਹੋਣ ਦੀ ਗੱਲ ਆਖਦਿਆਂ ਜਾਖੜ ਨੂੰ ਸਰਗਰਮ ਹੋਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਜਾਖੜ ਨੇ ਪੇਸ਼ਕਸ਼ ਕੀਤੇ ਗਏ ਅਹੁਦੇ ਨੂੰ ਫ਼ਿਲਹਾਲ ਠੁਕਰਾ ਦਿੱਤਾ ਹੈ ਪਰ ਉਨ੍ਹਾਂ ਨੂੰ ਮਨਾਉਣ ’ਤੇ ਉਹ ਤਿਆਰ ਵੀ ਹੋ ਸਕਦੇ ਹਨ। ਹਰੀਸ਼ ਚੌਧਰੀ ਅੱਜ ਕਰੀਬ ਦੋ ਘੰਟੇ ਤੱਕ ਜਾਖੜ ਦੇ ਘਰ ਬੈਠੇ ਰਹੇ। ਫਿਲਹਾਲ ਉਨ੍ਹਾਂ ਦੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਜਦੋਂ ਸੁਨੀਲ ਜਾਖੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਹਰੀਸ਼ ਚੌਧਰੀ ਨਾਲ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਉਹ ਕਾਂਗਰਸੀ ਹਨ ਅਤੇ ਕਾਂਗਰਸੀ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly