ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪੁਲੀਸ ਦੀ ਮੌਜੂਦਗੀ ਵਿਚ ‘ਹਮਲਾ’ ਕਾਇਰਤਾ ਪੂਰਨ ਕਾਰਵਾਈ ਹੈ ਜੋ ਦਿਖਾਉਂਦਾ ਹੈ ਕਿ ਭਾਜਪਾ ਹੁਣ ‘ਆਪ’ ਤੋਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਬੁਖਲਾਹਟ ਵਿਚ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਹਾਜ਼ਰੀ ਵਿੱਚ ਅਜਿਹਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਟਵੀਟ ਕੀਤਾ ਕਿ ਦੇਸ਼ ਦੇ ਸ਼ਾਸਕ ਡਰੇ ਹੋਏ ਹਨ। ਹੇਅਰ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ।
ਲੋਕ ਰੋਹ ਤੋਂ ਡਰੀ ਡਰਾਮਾ ਕਰ ਰਹੀ ਹੈ ‘ਆਪ’: ਭਾਜਪਾ
ਭਾਜਪਾ ਨੇ ਕਿਹਾ ਕਿ ‘ਆਪ’ ਡਰਾਮਾ ਕਰ ਰਹੀ ਹੈ ਤੇ ਖ਼ੁਦ ਨੂੰ ‘ਪੀੜਤ’ ਦਿਖਾ ਰਹੀ ਹੈ ਕਿਉਂਕਿ ਕੇਜਰੀਵਾਲ ਦੀਆਂ ਟਿੱਪਣੀਆਂ ਮਗਰੋਂ ‘ਲੋਕਾਂ ਦਾ ਗੁੱਸਾ’ ਪਾਰਟੀ ਉਤੇ ਨਿਕਲ ਰਿਹਾ ਹੈ। ਭਾਜਪਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀਆਂ ਟਿੱਪਣੀਆਂ ਨਾਲ ਕਸ਼ਮੀਰੀ ਪੰਡਿਤਾਂ ਦਾ ‘ਮਜ਼ਾਕ’ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਯੁਵਾ ਮੋਰਚਾ ਦੇ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly