…. ਤੇ ਜਦੋਂ ਨੀਲੀਆਂ ਫੌਜਾਂ ਨੇ ਰਾਤ ਨੂੰ ਇੱਕ ਕੁਲਫ਼ੀ ਵਾਲੇ ਨੂੰ ਲੁੱਟਿਆਂ

ਜੋਰਾ ਸਿੰਘ ਬਨੂੜ
(ਸਮਾਜ ਵੀਕਲੀ) ਕੁਝ ਦਿਨ ਪਹਿਲਾਂ ਮੈਨੂੰ ਰਾਤ ਨੂੰ ਘੁੰਮਦਿਆਂ-ਘੁੰਮਦਿਆਂ ਇਹ ਕੁਲਫ਼ੀ ਵਾਲਾ ਪ੍ਰਵਾਸੀ ਵੀਰ ਮਿਲਿਆ। ਮੇਰਾ ਅਚਾਨਕ ਹੀ ਕੁਲਫ਼ੀ ਖਾਣ ਦਾ ਮਨ ਬਣਿਆ। ਮੈਂ ਇਸਤੋਂ ਕੁਲਫ਼ੀ ਲੈ ਲਈ ਮੇਰੇ ਕੋਲ ਨਕਦ ਕੈਸ਼ ਨਹੀਂ ਸੀ ਤੇ ਮੈਂ Google Pay ਰਾਹੀਂ 20 ਰੁਪਏ ਭੇਜਣ ਲੱਗਿਆ। ਪਰ ਕੋਈ ਤਕਨੀਕੀ ਸਮੱਸਿਆ ਕਾਰਨ ਪੈਸੇ ਨਾ ਭੇਜੇ ਗਏ ਮੈਂ ਉਦਾਸ ਜਿਹਾ ਹੋਕੇ ਉਸਨੂੰ ਕਿਹਾ ਲੈ ਭਾਈ ਕੁਲਫ਼ੀ ਰੱਖਲੈ ਯਾਰ ਪੈਸੇ ਨੀ ਭੇਜੇ ਜਾ ਰਹੇ। ਪਰ ਇਸ ਪ੍ਰਵਾਸੀ ਵੀਰ ਨੇ ਜੋਕਿ ਮੈਨੂੰ ਉਸ ਦਿਨ ਪਹਿਲੀ ਵਾਰ ਮਿਲਿਆ ਸੀ ਤੇ ਉਸ ਨੇ ਕਿਹਾ ਸਰਦਾਰ ਜੀ ਛੱਡੋ ਪੈਸਿਆਂ ਨੂੰ ਤੁਸੀਂ ਐਵੇਂ ਈ ਲੈ ਲਵੋ। ਜੇ ਕਦੇ ਮਿਲੇ ਤਾਂ ਪੈਸੇ ਦੇ ਦਿਓ।
ਮੈਂ ਬਹੁਤ ਹੈਰਾਨ ਤੇ ਖੁਸ਼ ਹੋਇਆ ਇਸਦੇ ਇਸ ਸੁਭਾਅ ਤੋਂ।
ਮੈਂ ਅਗਲੇ ਦਿਨ ਉੱਥੇ ਹੀ ਅੱਧਾ ਘੰਟਾ ਪਹਿਲਾਂ ਪਹੁੰਚ ਗਿਆ ਤੇ ਇਸ ਪਰਵਾਸੀ ਵੀਰ ਦਾ ਇੰਤਜ਼ਾਰ ਕਰਨਾ ਸ਼ੁਰੂ ਕੀਤਾ। ਸ਼ੁਕਰ ਹੋਇਆ ਕੁਝ ਸਮੇਂ ‘ਚ ਹੀ ਵੀਰ ਮਿਲ ਗਿਆ। ਮੈਂ ਜਾਂਦੇ ਹੀ ਜੇਬ ‘ਚੋਂ ਕੱਢਕੇ ਵੀਹ ਰੁਪਏ ਫੜਾ ਦਿੱਤੇ।
ਤੇ ਅੱਗਿਓਂ ਇਹ ਵੀਰ ਬੋਲਿਆ…
ਛੱਡੋ ਯਰ ਸਰਦਾਰ ਜੀ…
ਮੈਂ 28 ਸਾਲਾਂ ਤੋਂ ਪੰਜਾਬ ਵਿੱਚ ਰੁਜ਼ਗਾਰ ਲਈ ਆ ਰਿਹਾ। ਮੈਨੂੰ ਇਸ ਪੰਜਾਬ ਦੀ ਧਰਤੀ ਤੇ ਸਭ ਤੋਂ ਵੱਧ ਪਿਆਰ, ਸਤਿਕਾਰ, ਲੰਗਰ, ਪਾਣੀ ਸਭ ਕੁਝ ਮਿਲਿਆ। ਤੁਹਾਡਾ ਅਸੀਂ ਕਦੇ ਦੇਣ ਨੀ ਦੇ ਸਕਦੇ। ਕਹਿੰਦਾ ਤੁਹਾਡੀ ਬਦੌਲਤ ਸਾਨੂੰ ਕਿੰਨੇ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਤੁਹਾਡਾ ਪੰਜਾਬ ਬਹੁਤ ਸੋਹਣੀ ਧਰਤੀ ਹੈ।
ਇਹ ਸੁਣ ਕੇ ਮੈਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਇਆ।
ਤੇ ਇਹ ਵੀਰ ਕੱਲ ਫ਼ੇਰ ਮਿਲਿਆ… ਤੇ ਕੱਲ ਅਸੀਂ ਇਸਤੋਂ ਕੁਲਫ਼ੀ ਲੈ ਕੇ ਖਾ ਰਹੇ ਸੀ ਮੈਂ ਨਾਲਦਿਆਂ ਨੂੰ ਦੱਸਿਆ ਕਿ ਇਸ ਪ੍ਰਵਾਸੀ ਵੀਰ ਨੇ ਮੈਨੂੰ ਐਵੇਂ ਪੰਜਾਬੀ ਹੋਣ ਕਰਕੇ ਮਾਣ ਆਦਰ ਦਿੱਤਾ ਸੀ।
ਪਰ ਕੱਲ੍ਹ ਹੋਰ ਹੀ ਵਾਪਰੀ ਜਦੋਂ ਉਸਨੇ ਭਰੇ ਮਨ ਨਾਲ ਮੇਰੇ ਦੋਸਤਾਂ ਮੂਹਰੇ ਕਿਹਾ…
ਕਿ ਕੱਲ ਮੈਂ ਰਾਤ ਨੂੰ 10 ਵਜੇ ਦੇ ਕਰੀਬ ਪਿੰਡ ਮੋਟੇਮਾਜਰਾ (ਬਨੂੜ ਸ਼ਹਿਰ ਦੇ ਨੇੜੇ) ਕੋਲੋਂ ਦੀ ਲੰਘਿਆਂ ਆ ਰਿਹਾ ਸੀ ਤਾਂ ਅਚਾਨਕ ਇੱਕ ਗੱਡੀ ‘ਚੋਂ ਪੰਜ ਨਿਹੰਗ ਨਿਕਲੇ ਉਹ ਮੇਰੇ ਕੋਲ ਆਏ ਤੇ ਕੁਲਫ਼ੀ ਬਾਰੇ ਪੁੱਛਦੇ ਪੁੱਛਦੇ ਨੇ ਪਿੱਛੋਂ ਇੱਕ ਨਿਹੰਗ ਨੇ ਮੈਨੂੰ ਗਲ਼ ਤੋਂ ਘੁੱਟ ਕੇ ਫੜ ਲਿਆ। ਦੂਜਿਆਂ ਨੇ ਵੀ ਲੱਤਾਂ ਬਾਹਾਂ ਤੋਂ ਫੜ ਲਿਆ। ਉਨ੍ਹਾਂ ਨੇ ਮੇਰੀ ਜੇਬ ਵਿੱਚੋਂ 3500-4000 ਦੇ ਕਰੀਬ ਪੈਸੇ ਕੱਢ ਲਏ ਤੇ ਉਹ 50 ਤੋਂ ਵੱਧ ਕੁਲਫੀਆਂ ਵੀ ਕੱਢ ਕੇ ਮੈਨੂੰ ਧੱਕਾ ਮਾਰ ਕੇ ਸੁੱਟ ਕੇ ਭੱਜ ਗਏ।
ਮੈਂ ਚੁੱਪ ਸੀ। ਮੈਨੂੰ ਬਹੁਤ ਚੰਗਾ ਲੱਗਿਆ ਸੀ ਉਸਦੇ ਮੂੰਹੋਂ ਬਾਬੇ ਨਾਨਕ ਦਾ ਨਾਮ ਲੈਕੇ ਗੁਰਦੁਆਰਿਆਂ ਨੂੰ ਸਲਾਹੁਣਾ, ਪਰ ਮੈਂ ਕੱਲ ਇਹ ਸਭ ਸੁਣ ਕੇ ਟੁੱਟ ਹੀ ਗਿਆ।
~~••
ਇੱਕ ਦਿਨ ਮੈਂ ਆਪਣੇ ਸ਼ਹਿਰ ਨੇੜੇ ਗਿਆਨ ਸਾਗਰ ਹਸਪਤਾਲ ਜਾ ਰਿਹਾ ਸੀ। ਇੱਕ ਮੋਟਰਸਾਈਕਲ ਤੇ ਜਾਂਦੇ ਤਿੰਨ ਨਿਹੰਗਾਂ ਨੇ ਮੇਰੇ ਨਾਲ ਮੋਟਰਸਾਈਕਲ ਲਾ ਲਿਆ ਤੇ ਕਹਿੰਦੇ “ਖ਼ਾਲਸਾ ਜੀ ਫੌਜਾਂ ਦੀ ਸੇਵਾ ਕਰੋ”!
ਮੈਂ ਕਿਹਾ ਕੀ ਸੇਵਾ ਕਰਾਂ ਜੀ ?
ਕਹਿੰਦੇ 500 ਦਾ ਪੈਟਰੋਲ ਪਵਾ ਦਿਓ। ਮੈਂ ਕਿਹਾ ਮੇਰੇ ਕੋਲ ਘੱਟ ਨੇ। ਕਹਿੰਦੇ 400 ਦਾ ਪਵਾ ਦਿਓ। ਏਨੇਂ ਨੂੰ ਨੇੜੇ ਪੈਟਰੋਲ ਪੰਪ ਆ ਗਿਆ। ਮੈਂ ਕਿਹਾ ਮੈਂ 150 ਦਾ ਪਵਾ ਦਿੰਨਾ… ਕਹਿੰਦੇ 300 ਦਾ ਕਰਵਾ। ਮੈਂ ਪੰਪ ਵਾਲੇ ਨੂੰ ਕਿਹਾ 200 ਦਾ ਪੈਟਰੋਲ ਪਾ ਦਿਓ। ਪਰ ਉਹ ਮੰਨ ਨਹੀਂ ਰਹੇ ਸੀ। ਮੈਂ ਗ਼ੁੱਸੇ ‘ਚ ਕਿਹਾ “200 ਦਾ ਪਵਾਉਣਾ ?” ਨਹੀਂ ਤਾਂ ਮੈਂ ਚੱਲਿਆ … ਕਹਿੰਦੇ ਕੋਈ ਨਾ।
ਉਨ੍ਹਾਂ ਨਿਹੰਗਾਂ ਨੇ ਪੰਪ ਤੇ ਖੜੇ ਸਾਰਿਆਂ ਕੋਲੋਂ ਪੈਸੇ ਮੰਗੇ। ਮੈਨੂੰ ਇਹ ਸਭ ਦੇਖਕੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
Next articleਹਾਸ ਵਿਅੰਗ