ਗ਼ਾਲਿਬ ਨਸ਼ਾ ਛੁਡਾਊ ਕੇਂਦਰ ਵਿੱਚ 

ਪ੍ਰਵੇਸ਼ ਸ਼ਰਮਾ

(ਸਮਾਜ ਵੀਕਲੀ)-ਮਸਾਂ ਢਾਈ  ਕੁ ਸਾਲ ਦੀ ਦੋਹਤੀ ਮੋਬਾਈਲ  ਉੱਪਰ ਯੂ ਟਿਊਬ ਦੀ ਤਿਕੋਣ ਨੂੰ ਛੂਹ ਕੇ ਆਪਣੀ ਪਸੰਦ ਦੀ ਵੀਡੀਓ ਦੇਖ ਲੈਂਦੀ ਹੈ ਅਤੇ ਸੱਤ ਅੱਠ ਸਾਲ ਦਾ ਉਹਦਾ ਭਰਾ ਦਾਅ  ਜਿਹਾ ਲਗਾ ਕੇ ਟੀ ਵੀ ਤੇ ਅੱਖਾਂ ਗੱਡ ਲੈਂਦਾ ਹੈ।ਇੱਕ ਵਾਰ ਇਸ ਵਿਸ਼ੇ ਤੇ ਬੇਟੀ ਅਤੇ ਦਾਮਾਦ ਨਾਲ ਗੱਲ  ਬਾਤ ਕਰਦਿਆਂ ਮੈਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੋਬਾਈਲ,  ਟੀਵੀ ਵਗ਼ੈਰਾ ਤੋਂ ਖਹਿੜਾ ਛੁਡਾਉਣ ਲਈ ਵੀ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਇਆ ਕਰਨਗੇ। ਲਉ ਜੀ, ਉਸੇ ਰਾਤ ਮੈਂ ਸੁਪਨੇ ਵਿੱਚ ਨਸ਼ਾ ਛੁਡਾਊ ਕੇਂਦਰ ਵਿੱਚ ਹੀ ਕਿਉਂ ਨਾ ਪਹੁੰਚ ਗਿਆ।

ਪੱਤਰਕਾਰ ਆਇਆ ਦੇਖ ਕੇ ਮੈਨੇਜਰ ਮੈਨੂੰ ਕੇਂਦਰ ਦਾ ਰਾਊਂਡ ਲਵਾਉਣ  ਲੈ ਗਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਮਲੀਆਂ ਰਮਲੀਆਂ  ਅਤੇ ਸਮੈਕੀਆਂ ਦਰਮਿਆਨ ਮਿਰਜ਼ਾ ਗ਼ਾਲਿਬ ਹੁਰਾਂ ਨੂੰ ਬੈਠੇ ਦੇਖਿਆ। ਬਕੌਲ ਮੈਨੇਜਰ,  ਜਨਾਬ ਦੇ ਸਿਰ  ਕਰਜ਼ਾ ਲੋੜ ਨਾਲੋਂ ਜ਼ਿਆਦਾ ਚੜ੍ਹ ਗਿਆ। ਤਕਾਜ਼ਾ ਕਰਨ ਵਾਲੇ ਤੰਗ ਕਰਨ ਲੱਗੇ ਤਾਂ ਇੱਥੇ ਪਨਾਹ ਲੈ ਲਈ।
 ਮੇਰੀ ਤਾਂ ਬੜੀ ਵਧੀਆ  ਐਕਸਕਲਿਊਸਿਵ  ਕਾਪੀ ਬਣਦੀ ਸੀ।ਲਿਹਾਜ਼ਾ ਮੈਨੇਜਰ ਨੂੰ ਕਹਿ ਕੇ ਉਸ ਦੇ ਦਫ਼ਤਰ ਵਿੱਚ ਹੀ ਬੁਲਾ ਲਿਆ। ਫਿਰ ਸਾਡੇ ਦਰਮਿਆਨ ਹੇਠ ਲਿਖਿਆ ਸੰਵਾਦ ਹੋਇਆ:
ਮੈਂ-ਕੀ ਗੱਲ ਸ਼ਾਇਰ ਏ ਅਜ਼ੀਮ ਇਹ ਨੌਬਤ  ਕਿਵੇਂ ਆ ਗਈ?
ਗ਼ਾਲਿਬ-ਕਯਾ ਬਤਾਏਂ ਹਜ਼ੂਰ, ਮੈਨੇਜਰ ਸਾਹਿਬ ਬਜਾ ਫ਼ਰਮਾਤੇ ਹੈਂ।ਪੈਨਸ਼ਨ ਕੇ ਇੰਤਜ਼ਾਰ ਮੇਂ ਕਰਜ਼ ਲੇ ਲੇ ਕਰ ਮੈਅਕਸ਼ੀ ਕਰਤੇ ਰਹੇ ਕਿ ਅੱਛੇ ਦਿਨ ਕਭੀ ਤੋ ਆਏਂਗੇ:
ਕਰਜ਼ ਕੀ ਪੀਤੇ ਥੇ ਮੈਅ,ਲੇਕਿਨ ਸਮਝਤੇ ਥੇ ਕਿ ਹਾਂ,
ਰੰਗ ਲਾਏਗੀ ਹਮਾਰੀ ਫ਼ਾਕਾ ਮਸਤੀ ਏਕ ਦਿਨ।
ਮੈਂ-(ਅਚਾਨਕ ਮੱਥੇ ਤੇ ਪਏ ਗੁੰਮੵੜ ਨੂੰ ਦੇਖ ਕੇ) ਓ ਮਾਈ ਗਾਡ, ਆਹ ਸੱਟ ਕਿਵੇਂ ਖਾ ਲਈ?
ਮੈਨੇਜਰ-ਇਹ  ਥੋਨੂੰ ਮੈਂ ਦੱਸਦਾਂ। ਸਾਡੇ ਇੱਥੇ ਇੱਕ ਲੇਡੀ ਵਾਰਡਨ ਐ, ਨਿਊਲੀ ਮੈਰਿਡ।ਜਨਾਬ ਨੇ ਉਸੇ ਤੇ ਟ੍ਰਾਈ ਮਾਰਨੀ ਸ਼ੁਰੂ ਕਰ ‘ਤੀ।ਉਹ ਨੇ ਦੱਸਿਆ ਵੀ ਕਿ ਮੈਂ ਸ਼ਾਦੀਸ਼ੁਦਾਂ ਪਰ ਕਿੱਥੇ ਜੀ।ਉਹ ਦੇ ਕੋਲ ਨੂੰ ਮੂੰਹ ਕਰ ਕੇ ਕਹਿੰਦੇ ਅਖੇ:
ਤੁਮ ਜਾਨੋ ਤੁਮ ਕੋ ਗ਼ੈਰ ਸੇ ਜੋ ਰਸਮੋ ਰਾਹ ਹੋ,
ਹਮ ਕੋ ਭੀ ਪੂਛਤੇ  ਰਹੋ ਤੋ ਕਯਾ  ਗੁਨਾਹ  ਹੋ।
ਬਸ ਜੀ, ਫੇਰ ਤਾਂ ਆ ਗਿਆ ਉਹ ਨੂੰ ਗੁੱਸਾ।ਕਹਿੰਦੀ ਬਾਬਾ ਉਹ ਘਰ ਵਾਲੈ ਮੇਰਾ, ਗੈਰ ਨਹੀਂ। ਫਿਰ ਢੀਠ  ਜਿਹੇ ਬਣ ਕੇ ਧਮਕੀ ਦੇ ‘ਤੀ ਕਹਿੰਦੇ ਸਿੱਧੀ ਤਰਾਂ ਮੰਨ ਜਾ ਨਹੀਂ ਤਾਂ ਕਦੇ ਖਾਧੀ ਪੀਤੀ ‘ਚ ਕੁਸ਼ ਕਿਹਾ ਜਾਊ। (ਗ਼ਾਲਿਬ  ਵੱਲ ਮੁਸਕੜੀਏਂ ਜਿਹੇ ਦੇਖ ਕੇ) ਭਲਾਂ ਇਉਂ ਈ ਕਿਹਾ ਸੀ ਨਾ?:
ਹਮ ਸੇ ਖੁਲ ਜਾਉ ਬਵਕਤਿ ਮੈਅ ਪ੍ਰਸਤੀ ਏਕ ਦਿਨ,
ਵਰਨਾ ਹਮ ਛੇੜੇਂਗੇ ਰਖ ਕਰ ਉਜ਼ਰਿ ਮਸਤੀ ਏਕ ਦਿਨ।
ਗ਼ਾਲਿਬ- ਮੀਆਂ, ਹਾਫ਼ਿਜ਼ਾ ਮਾਸ਼ਾ  ਅੱਲਾ ਆਪ ਕਾ ਭੀ ਬਹੁਤ  ਖ਼ੂਬ ਹੈ।
ਮੈਨੇਜਰ- ਫਿਰ  ਨਾ ਜੀ ਗੁੱਸੇ ‘ਚ ਉਹ  ਨੇ ਇਹੋ ਜਿਹਾ ਦੁਹੱਥੜਾ  ਜਿਹਾ ਮਾਰਿਆ ਇਹਨਾਂ ਦੇ ਕਿ ਲੜਖੜਾ ਕੇ ਮੱਥਾ ਸਾਹਮਣੀ ਦੀਵਾਰ ਨਾਲ ਟਕਰਾ ਗਿਆ। ਉਹ ਗੁੰਮੵੜ ਜਿਹਾ ਉਸੇ ਵੇਲੇ ਦੀ ਯਾਦਗਾਰ ਐ।ਮੈਂ ਕੁਸ਼ ਝੂਠ ਕਿਹੈ, ਜਨਾਬ ਗ਼ਾਲਿਬ ਸਾਹਿਬ?
ਗ਼ਾਲਿਬ (ਨੀਵੀਂ ਜਿਹੀ ਪਾ ਕੇ)- ਨਹੀਂ ਜੀ ਦਰੁਸਤ ਫੁਰਮਾਇਆ ਆਪ ਨੇ:
ਧੌਲ ਧੱਪਾ ਉਸ ਸਰਾਪਾ ਨਾਜ਼ ਕਾ ਸ਼ੇਵਾ ਨਹੀਂ,
ਹਮ ਹੀ ਕਰ ਬੈਠੇ ਥੇ ਗ਼ਾਲਿਬ ਪੇਸ਼ਦਸਤੀ ਏਕ ਦਿਨ।
ਮੈਂ (ਗੱਲ ਬਦਲਦਿਆਂ)-ਚਲੋ ਛੱਡੋ, ਇਉਂ ਕਰੋ ਆਖ਼ਰ ਵਿੱਚ ਕੋਈ ਵਧੀਆ ਜਿਹਾ ਮਾਅਰਫ਼ਤ ਦਾ ਸ਼ੇਅਰ ਸੁਣਾ ਦਿਉ।
ਗ਼ਾਲਿਬ- ਲੀਜੀਏ, ਸਮਾਅਤ ਫ਼ਰਮਾਈਏ:
ਨ ਥਾ ਕੁਛ ਤੋ ਖ਼ੁਦਾ ਥਾ,ਕੁਛ  ਨ  ਹੋਤਾ ਤੋ  ਖ਼ੁਦਾ  ਹੋਤਾ,
ਡੁਬੋਇਆ ਮੁਝ ਕੋ ਹੋਨੇ ਨੇ, ਨ ਹੋਤਾ ਮੈਂ ਤੋ ਕਯਾ  ਹੋਤਾ।
ਮੈਂ- ਵਾਹ ਬਹੁਤ  ਖ਼ੂਬ!
ਗ਼ਾਲਿਬ- (ਜ਼ਰਾ ਫੂਕ ਛਕਦਿਆਂ)- ਮੁਝੇ ਤੋ ਦਾਰੂ ਮਾਰ ਗਈ ਵਰਨਾ…….ਦੇਖੀਏ:
ਯੇ ਮਸਾਈਲਿ ਤਸੱਵਫ਼, ਯਹ ਤਿਰਾ ਬਯਾਨ ਗ਼ਾਲਿਬ,
ਤੁਝੇ ਹਮ ਵਲੀ ਸਮਝਤੇ ਜੋ ਨ ਬਾਦਾ-ਖ਼ਵਾਰ ਹੋਤਾ।
ਲੇਕਿਨ ਏਕ ਬਾਤ ਹੈ ਮੀਆਂ……
ਪਤਾ ਨਹੀਂ ਗ਼ਾਲਿਬ ਸਾਹਿਬ ਆਪਣੀ ਹੀ ਧੁਨ ਵਿੱਚ  ਕੀ ਕਹਿਣ ਲੱਗੇ ਸਨ  ਕਿ ਸਿਰਹਾਣੇ ਚਾਹ ਵਾਲੀ ਟਰੇਅ ਲਈ ਖੜ੍ਹੀ ਬੀਵੀ ਦੀ ਆਵਾਜ਼ ਸੁਣਾਈ ਦਿੱਤੀ,
“ਕੀ ਗੱਲ, ਅੱਜ ਉੱਠਣ ਦੀ ਸਲਾਹ ਨਹੀਂ? ਸੱਤ ਵੱਜ ਗਏ।
   ਪ੍ਰਵੇਸ਼ ਸ਼ਰਮਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleColourful musical encourages us to be proud of who we are
Next articleਜਦੋਂ ਦਾ ਟੈਲੀਫੋਨ ਲੱਗਿਆ