ਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ — ਤਰਕਸ਼ੀਲ

ਜੋਤਸ਼ੀਆਂ ਵਲੋਂ ਕਿਰਕਟ ਮੈਚ ਤੋਂ ਪਹਿਲਾਂ ਭਾਰਤ ਦੀ ਜਿੱਤ ਦੀ ਭਵਿੱਖਬਾਣੀ ਕਰਨ ਤੋਂ ਸਿੱਧ ਹੁੰਦਾ ਹੈ ਕਿ ਜੋਤਿਸ਼ ਝੂਠ ਦਾ ਪੁਲੰਦਾ

(ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਕਾਈ ਦੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮੈਗਜ਼ੀਨ ਦਾ ਨਵਾਂ ਤਰਕਸ਼ੀਲ ਅੰਕ ਰਿਲੀਜ਼ ਕੀਤਾ ਗਿਆ।ਇਸ ਮੌਕੇ ਪਿਛਲੇ ਦਿਨੀਂ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਤੋਂ ਪਹਿਲਾਂ ਕੁਝ ਜੋਤਸ਼ੀਆਂ ਵਲੋਂ ਵੱਖ ਵੱਖ ਟੀ ਵੀ ਚੈਨਲਾਂ ਰਾਹੀਂ ਭਾਰਤੀ ਟੀਮ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਜਦ ਕਿ ਭਾਰਤ ਇੰਗਲੈਂਡ ਤੋਂ ਬੁਰੀ ਤਰ੍ਹਾਂ ਹਾਰ ਗਿਆ।

ਜੇਕਰ ਭਾਰਤ ਜਿੱਤ ਜਾਂਦਾ ਤਾਂ ਇਨ੍ਹਾਂ ਜੋਤਸ਼ੀਆਂ ਦਾ ਦੇਸ਼ ਭਰ ਵਿਚ ਡੰਕਾ ਵੱਜਣਾ ਸੀ,ਇਸਦੇ ਨਾਲ ਦੇਸ਼ ਭਰ ਦੇ ਕਿਸੇ ਵੀ ਜੋਤਸ਼ੀ ਨੇ ਹਾਰਨ ਦੀ ਭਵਿੱਖਬਾਣੀ ਨਹੀਂ ਕੀਤੀ,ਇਸ ਤਰ੍ਹਾਂ ਜੋਤਿਸ਼ ਲੋਕਾਂ ਨੂੰ ਮੂਰਖ਼ ਬਣਾਉਣ ਤੇ ਬਾਲ ਮਨਾਂ ਨਾਲ ਖਿਲਵਾੜ ਕਰਨ ਤੋਂ ਬਿਨਾਂ ਕੁਝ ਨਹੀਂ।
ਆਗੂਆਂ ਕਿਹਾ ਕਿ ਜੋਤਿਸ਼ ਤੇ ਵਾਸਤੂਸ਼ਾਸਤਰ ਕਿਸੇ ਵੀ ਤਰ੍ਹਾਂ ਵਿਗਿਆਨ ਨਹੀਂ ਹੈ,ਇਹ ਤੀਰ ਤੁੱਕਾ ਹੈ, ਜੋਤਸ਼ ਭਾਰਤੀ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਨਜਰੀਆ ਵਿਗਿਆਨਕ ਬਣੇ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਹਰ ਪਾਸੇ ਵਿਗਿਆਨ ਦੀਆਂ ਖੋਜਾਂ, ਕਾਢਾਂ ਦਾ ਬੋਲਬਾਲਾ ਹੈ, ਵਿਗਿਆਨ ਦੀ ਵਰਤੋਂ ਕਰਦਿਆਂ ਹੀ ਇਹ ਤਾਂਤਰਿਕ ਜੋਤਸ਼ੀ ਆਪਣੀ ਝੂਠ ਦੀ ਦੁਕਾਨ ਚਲਾਉਂਦੇ ਹਨ ਤੇ ਆਮ ਜਨਤਾ ਦੀ ਲੁੱਟ ਕਰਦੇ ਹਨ‌। ਉਨਾਂ ਆਮ ਜਨਤਾ ਨੂੰ ਅਖੌਤੀ ਸਿਆਣਿਆਂ ,ਜੋਤਸ਼ੀਆਂ,ਤਾਂਤਰਿਕਾਂ,ਵਾਸਤੂ ਸ਼ਾਸਤਰੀਆਂ ਦੇ ਫੈਲਾਏ ਭਰਮਜਾਲ, ਅੰਧਵਿਸ਼ਵਾਸਾਂ,ਵਹਿਮਾਂ ਭਰਮਾਂ,ਤੇ ਰੂੜ੍ਹੀਵਾਦੀ ਵਿਚਾਰਾਂ, ਅਰਥਹੀਣ, ਵੇਲਾ ਵਿਹਾ ਚੁੱਕੀਆਂ ਗਲੀਆਂ ਸੜੀਆਂ ਰਸਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਤੇ ਨੈਤਿਕ ਕਦਰਾਂ ਅਪਨਾਉਣ ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਵਰਨਜੀਤ ਸਿੰਘ,ਤਰਸੇਮ ਅਲੀਸ਼ੇਰ,ਗੁਰਦੀਪ ਲਹਿਰਾ,ਸੁਖਦੇਵ ਕਿਸ਼ਨਗੜ੍ਹ,ਸੀਤਾ ਰਾਮ,ਪਰਵਿੰਦਰ ਮਹਿਲਾਂ,ਰਘਵੀਰਸਿੰਘ ਛਾਜਲੀ,ਰਣਜੀਤ ਸਿੰਘ ਨੇ ਸ਼ਮੂਲੀਅਤ ਕੀਤੀ।

ਰਮੇਸ਼ਵਰ ਸਿੰਘ ਸੰਪਰਕ- 9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਜ਼ਰਬਾ ਜ਼ਿੰਦਗੀ ਦਾ
Next articleਬੁਰਕੀ ਪਿਆਰ ਦੀ