ਭਾਰਤ ਨੇ ਹਾਕੀ ਦੇ ਫ਼ਾਈਨਲ ‘ਚ ਜਾਪਾਨ ਨੂੰ 5-1 ਦੇ ਫਰਕ ਨਾਲ ਹਰਾਇਆ
ਆਰ ਸੀ ਐੱਫ ਦੇ ਖਿਡਾਰੀ ਕ੍ਰਿਸ਼ਨ ਬਹਾਦੁਰ ਪਾਠਕ ਨੇ ਗੋਲਕੀਪਰ ਦੇ ਤੌਰ ਤੇ ਨਿਭਾਈ ਅਹਿਮ ਭੂਮਿਕਾ
ਡਿਪਟੀ ਕਮਿਸ਼ਨਰ ਵੱਲੋਂ ਕਪੂਰਥਲਾ ਦੇ ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਸਮੇਤ ਪੂਰੀ ਟੀਮ ਨੂੰ ਮੁਬਾਰਕਬਾਦ
ਕਪੂਰਥਲਾ (ਕੌੜਾ )- ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਅੱਜ ਭਾਰਤੀ ਹਾਕੀ ਟੀਮ ਨੂੰ ਏਸ਼ੀਅਨ ਗੇਮਜ ਦੇ ਹਾਕੀ ਫ਼ਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤ ਦਰਜ ਕਰਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਕਪੂਰਥਲਾ ਜਿਲੇ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਸਥਾਨਕ ਰੇਲ ਕੋਚ ਫੈਕਟਰੀ ਤੋਂ ਖਿਡਾਰੀ ਕ੍ਰਿਸ਼ਨ ਬਹਾਦੁਰ ਪਾਠਕ ਵੀ ਭਾਰਤੀ ਟੀਮ ਵਿਚ ਸ਼ਾਮਲ ਹੈ। ਆਪਣੇ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਸਮੁੱਚੀ ਟੀਮ ਅਤੇ ਖਿਡਾਰੀ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਚੀਨ ਦੇ ਸ਼ਹਿਰ ਹਾਂਗਜੂ ਵਿਖੇ ਦਰਜ ਕੀਤੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਵਧਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਬਹਾਦੁਰ ਪਾਠਕ ਦੇ ਕੋਚ ਅਤੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਮੁਬਾਰਕਬਾਦ ਹੈ ਜਿਨ੍ਹਾਂ ਦੀ ਅਗਵਾਈ ਅਤੇ ਸਹਿਯੋਗ ਸਦਕਾ ਕ੍ਰਿਸ਼ਨ ਨੇ ਪੂਰੀ ਲਗਨ, ਸਮਰਪਣ ਭਾਵਨਾ ਅਤੇ ਮੇਹਨਤ ਨਾਲ ਅੱਗੇ ਵਧਦਿਆਂ ਹਾਕੀ ਦੇ ਨਕਸ਼ੇ ‘ਤੇ ਭਾਰਤ ਦਾ ਨਾਂ ਚਮਕਾਉਣ ਵਾਲੀ
ਭਾਰਤ ਦੀ ਹਾਕੀ ਟੀਮ ਵਿਚ ਥਾਂ ਬਣਾਈ । ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਖੇਡਦਿਆਂ ਰੇਲ ਕੋਚ ਫੈਕਟਰੀ ਦੇ ਕ੍ਰਿਸ਼ਨ ਬਹਾਦਰ ਪਾਠਕ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ 9 ਸਾਲਾਂ ਬਾਅਦ ਏਸ਼ੀਅਨ ਗੇਮਜ ਵਿੱਚ ਹਾਕੀ ਵਿੱਚ ਗੋਲ਼ਡ ਮੈਡਲ ਜਿੱਤਿਆ ਹੈ ਅਤੇ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ, ਜਿਨ੍ਹਾਂ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਵੀ ਸ਼ਾਮਿਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly