ਮੁੰਬਈ (ਸਮਾਜ ਵੀਕਲੀ) : ਇੱਕ ਕਰੂਜ਼ ਜਹਾਜ਼ ’ਚ ਨਸ਼ੀਲੇ ਪਦਾਰਥਾਂ ਦੀ ਕਥਿਤ ਜ਼ਬਤੀ ਦੇ ਮਾਮਲੇ ’ਚ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਬੰਦ ਆਰੀਅਨ ਖਾਨ ਨੇ ਇੱਕ ਵੀਡੀਓ ਕਾਲ ਰਾਹੀਂ ਆਪਣੇ ਮਾਪਿਆਂ ਨਾਲ ਗੱਲ ਕੀਤੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਆਰੀਅਨ ਨੂੰ ਉਸ ਦੇ ਪਿਤਾ ਵੱਲੋਂ ਭੇਜੇ ਗਏ ਮਨੀ-ਆਰਡਰ ਰਾਹੀਂ 4500 ਰੁਪਏ ਵੀ ਮਿਲੇ ਹਨ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਕੋਵਿਡ-19 ਨਿਯਮਾਂ ਕਾਰਨ ਕੋਈ ਵੀ ਕੈਦੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਨਹੀਂ ਕਰ ਸਕਦਾ ਇਸ ਲਈ ਸਾਰੇ ਕੈਦੀਆਂ ਨੂੰ ਹਫ਼ਤੇ ’ਚ ਇੱਕ ਜਾਂ ਦੋ ਵਾਰ ਵੀਡੀਓ ਕਾਲ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਹੈ। ਇਸੇ ਤਹਿਤ ਆਰੀਅਨ ਖਾਨ ਨੂੰ ਵੀ ਆਪਣੇ ਪਿਤਾ ਸ਼ਾਹਰੁਖ ਖਾਨ ਤੇ ਮਾਂ ਗੌਰੀ ਖਾਨ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਦੋ-ਤਿੰਨ ਦਿਨ ਪਹਿਲਾਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਆਰੀਅਨ ਨੂੰ ਜੇਲ੍ਹ ਅੰਦਰ ਬਣਿਆ ਖਾਣਾ ਹੀ ਦਿੱਤਾ ਜਾ ਰਿਹਾ ਹੈ ਤੇ ਉਸ ਬਾਹਰ ਦਾ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਉਸ ਨੂੰ ਨਿਰਧਾਰਤ ਨਿਯਮਾਂ ਮੁਤਾਬਕ ਚੰਗਾ ਖਾਣਾ ਖਾਣ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਕੰਟੀਨ ਦੀ ਸਹੂਲਤ ਵੀ ਹੈ ਜਿੱਥੋਂ ਕੈਦੀ ਆਪਣੇ ਲਈ ਜ਼ਰੂਰੀ ਚੀਜ਼ਾਂ ਖਰੀਦ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਰੀਅਨ ਨੂੰ ਉਸ ਦੇ ਪਿਤਾ ਸ਼ਾਹਰੁਖ਼ ਖਾਨ ਨੇ ਮਨੀ ਆਰਡਰ ਰਾਹੀਂ 4500 ਰੁਪਏ ਭੇਜੇ ਹਨ ਜੋ ਸੋਮਵਾਰ ਨੂੰ ਉਸ ਨੂੰ ਦੇ ਦਿੱਤੇ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly