(ਸਮਾਜ ਵੀਕਲੀ) ਆਰਟੀਫਿਸ਼ੀਅਲ ਇੰਟੈਲੀਜੈਂਸ ਜਿਸ ਨੂੰ ਸੰਖੇਪ ਵਿੱਚ ਏ.ਆਈ. (AI) ਅਤੇ ਪੰਜਾਬੀ ਵਿੱਚ ‘ਮਸਨੂਈ ਬੁੱਧੀ’ ਕਿਹਾ ਜਾਂਦਾ ਹੈ, ਅੱਜ ਦੇ ਸਮੇਂ ਦਾ ਬਹੁ-ਚਰਚਿਤ ਤੇ ਬਹੁਤ ਵਿਵਾਦਿਤ ਵਿਸ਼ਾ ਹੈ। ਨਵੀਆਂ ਕਾਢਾਂ ਜਿੱਥੇ ਮਨੁੱਖ ਦੇ ਜੀਵਨ ਨੂੰ ਆਸਾਨ ਬਣਾਉਂਦੀਆਂ ਹਨ, ਉਥੇ ਉਨ੍ਹਾਂ ਦੇ ਦੁਰ-ਪ੍ਰਭਾਵ ਵੀ ਹੁੰਦੇ ਹਨ। ਦੋਵਾਂ ਤਰ੍ਹਾਂ ਨਾਲ ਮਨੁੱਖੀ ਜੀਵਨ ਦਾ ਹਰ ਖੇਤਰ ਪ੍ਰਭਾਵਿਤ ਹੁੰਦਾ ਹੈ। ਆਧੁਨਿਕ ਮਸ਼ੀਨੀ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹਰ ਉਹ ਕੰਮ ਕਰਨਾ ਆਸਾਨ ਹੋ ਗਿਆ ਹੈ ਜਿਹੜਾ ਪਹਿਲਾਂ ਸਿਰਫ਼ ਮਨੁੱਖੀ ਬੁੱਧੀ ਰਾਹੀਂ ਕਰਨਾ ਸੰਭਵ ਸੀ। ਅੱਜ ਏ.ਆਈ. ਦੀ ਵਰਤੋਂ ਮਨੁੱਖੀ ਜੀਵਨ ਦੇ ਰੋਜ਼ਾਨਾ ਦੇ ਕੰਮਾਂ-ਕਾਰਾਂ ਤੋਂ ਸ਼ੁਰੂ ਹੋ ਕੇ ਸਿੱਖਿਆ, ਸਿਹਤ, ਵਪਾਰ, ਮਨੋਰੰਜਨ, ਸੰਚਾਰ ਮਾਧਿਅਮ, ਆਵਾਜਾਈ, ਸੋਸ਼ਲ ਮੀਡੀਆ ਭਾਵ ਹਰ ਜਗ਼੍ਹਾ ਹੋ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਹੁਤ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਬਦਲਾਵ ਆ ਰਿਹਾ ਹੈ। ਇਸ ਦੀ ਮਦਦ ਨਾਲ ਵਿਦਿਆਰਥੀਆਂ ਦੀ ਸਿੱਖਣ ਅਤੇ ਪੜ੍ਹਨ ਦੇ ਢੰਗ ਤਰੀਕੇ ਜਿੱਥੇ ਆਸਾਨ ਹੋ ਗਏ ਹਨ ਉੱਥੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਨਵਿਰਤੀ ਵੀ ਆਸਾਨੀ ਨਾਲ ਹੋ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਆਪਣੇ ਪਾਠਕ੍ਰਮ ਨੂੰ ਆਸਾਨ ਤਰੀਕੇ ਨਾਲ ਸਮਝਣ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਕਿਸੇ ਸਵਾਲ ਦੇ ਹੱਲ ਲਈ ਬਹੁਤ ਸਾਰੀਆਂ ਪੁਸਤਕਾਂ ਜਾਂ ਟਿਊਸ਼ਨ ਟੀਚਰ ਦੀ ਲੋੜ ਨਹੀਂ ਪੈਂਦੀ। ਉਹ ਘਰ ਬੈਠੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਖੁਦ ਉਸਦਾ ਹੱਲ ਤਲਾਸ਼ ਲੈਂਦੇ ਹਨ। ਅਧੁਨਿਕ ਦੌਰ ਵਿੱਚ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਪੜ੍ਹਨ ਤੇ ਪੜ੍ਹਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਪ੍ਰੰਤੂ ਇਸ ਦਾ ਇੱਕ ਨੁਕਸਾਨ ਇਹ ਹੈ ਕਿ ਉਹ ਬਣੇ ਬਣਾਏ ਵਿਸ਼ੇ ਅਤੇ ਸਵਾਲਾਂ ਦੇ ਜਵਾਬ ਉਤਾਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਬੁੱਧੀ ਦਾ ਪੂਰਾ ਵਿਕਾਸ ਨਹੀਂ ਹੋ ਪਾਉਂਦਾ। ਇਸ ਨਾਲ ਨਕਲ ਕਰਨ ਦੀ ਪ੍ਰਵਿਰਤੀ ਨੂੰ ਹੁਲਾਰਾ ਮਿਲਦਾ ਹੈ। ਹਰ ਜਾਣਕਾਰੀ ਆਨਲਾਈਨ ਮੁਹੱਈਆ ਹੋਣ ਕਰਕੇ ਵਿਦਿਆਰਥੀਆਂ ਵਿੱਚ ਕਿਤਾਬਾਂ ਲਿਖਣ ਤੇ ਪੜ੍ਹਨ ਦੀ ਰੁਚੀ ਨਾ-ਮਾਤਰ ਰਹਿ ਗਈ ਹੈ। ਕਿਤਾਬ ਵਿਹੂਣੇ ਵਿਦਿਆਰਥੀ ਅਤੇ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਸਿੱਖਿਆ ਦੇ ਖੇਤਰ ਲਈ ਵੱਡੀ ਚੁਣੌਤੀ ਤੇ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਅਧੁਨਿਕ ਸਮੇਂ ਦੇ ਸਿਹਤ ਖੇਤਰ ਵਿੱਚ ਵੀ ਵੱਡੇ ਬਦਲਾਵ ਪੈਦਾ ਕੀਤੇ ਹਨ। ਮਰੀਜ਼ ਨੂੰ ਰੋਗ ਸਬੰਧੀ ਜਾਣਕਾਰੀ, ਦਵਾਈ ਲੈਣ ਅਤੇ ਪਰਹੇਜ਼ ਕਰਨ ਸਬੰਧੀ ਜਾਣਕਾਰੀ ਦੇ ਨਾਲ-ਨਾਲ ਉੱਤਮ ਇਲਾਜ ਬਾਰੇ ਵੀ ਜਾਣਕਾਰੀ ਆਸਾਨੀ ਨਾਲ ਮੁਹੱਈਆ ਹੋ ਜਾਂਦੀ ਹੈ। ਇਸ ਦੀ ਮਦਦ ਦੇ ਨਾਲ ਰੋਗ ਦੇ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਜਲਦੀ ਹੋਣ ਨਾਲ ਸਮੇਂ ਸਿਰ ਸਹੀ ਇਲਾਜ ਦੀ ਸੰਭਾਵਨਾ ਬਣ ਜਾਂਦੀ ਹੈ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਇਸਦੀ ਵਰਤੋਂ ਦਵਾਈਆਂ ਨੂੰ ਬਿਹਤਰ ਅਤੇ ਤੇਜੀ ਨਾਲ ਬਣਾਉਣ ਲਈ ਕਰ ਰਹੀਆਂ ਹਨ। ਓਪਰੇਸ਼ਨ ਜਾਂ ਸਰਜਰੀ ਵਿੱਚ ਰੋਬੋਟ ਦੀ ਵਰਤੋਂ ਡਾਕਟਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਾਕੀ ਖੇਤਰਾਂ ਵਾਂਗ ਵਪਾਰ ਦੇ ਖੇਤਰ ਵਿੱਚ ਵੀ ਵੱਡੇ ਬਦਲਾਉ ਆ ਰਹੇ ਹਨ। ਇਸ ਨਾਲ ਮਾਰਕੀਟ ਦਾ ਵਿਸ਼ਲੇਸ਼ਣ ਕਰਨਾ ਆਸਾਨ ਹੋ ਗਿਆ ਹੈ। ਇਹ ਡਾਟਾ ਇਕੱਤਰ ਕਰਨ ਤੋਂ ਲੈ ਕੇ ਮਾਰਕੀਟ ਵਿੱਚ ਵਪਾਰ ਦੀਆਂ ਚੰਗੀਆਂ ਮਾੜੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਜਾਂ ਜਾਣਕਾਰੀ ਇਕੱਤਰ ਕਰਨ ਵਿੱਚ ਮਦਦ ਕਰਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮਨੋਰੰਜਨ ਦੀ ਦੁਨੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਨੇ ਨਿਰਮਾਤਾਵਾਂ, ਲੇਖਕਾਂ ਅਤੇ ਕਲਾਕਾਰਾਂ ਦੇ ਕੰਮ ਨੂੰ ਆਸਾਨ ਅਤੇ ਬਿਹਤਰ ਬਣਾ ਦਿੱਤਾ ਹੈ। ਕਿਸੇ ਕਹਾਣੀ ਦੀ ਸਿਰਜਣਾ ਭਾਵ ਸਕ੍ਰਿਪਟ ਲਿਖਣ ਤੋਂ ਲੈ ਕੇ ਉਸਦੇ ਸੰਪਾਦਨ, ਇਸ਼ਤਿਹਾਰਬਾਜ਼ੀ ਅਤੇ ਦਰਸ਼ਕਾਂ ਤੱਕ ਪਹੁੰਚ ਨੂੰ ਵੀ ਆਸਾਨ ਬਣਾ ਦਿੱਤਾ ਹੈ। ਜਿਸ ਨਾਲ ਲਾਗਤ ਘਟ ਜਾਂਦੀ ਹੈ ਅਤੇ ਦਰਸ਼ਕਾਂ ਦੀ ਸ਼ਮੂਲੀਅਤ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਦਰਸ਼ਕਾਂ ਦੇ ਰੁਝਾਨਾਂ ਦਾ ਅਗਾਂਊ ਵਿਸ਼ਲੇਸ਼ਣ ਕਰਕੇ ਵਿਸ਼ੇ ਨੂੰ ਹੋਰ ਰਚਨਾਤਮਕ ਤੇ ਦਿਲਚਸਪ ਬਣਾਉਣ ਦੇ ਨਾਲ-ਨਾਲ ਲੋੜੀਂਦੇ ਸੁਧਾਰ ਕਰਨ ਵਿੱਚ ਵੀ ਮਦਦ ਮਿਲਦੀ ਹੈ। ਸੰਚਾਰ ਮਾਧਿਅਮ ਦੀ ਗੱਲ ਕਰੀਏ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸੰਚਾਰ ਦੀ ਰਫ਼ਤਾਰ ਹੋਰ ਤੇਜ਼ ਅਤੇ ਮਹੱਤਵਪੂਰਨ ਬਣਾ ਦਿੱਤੀ ਹੈ। ਇਸ ਨੇ ਮਨੁੱਖ ਨੂੰ ਸੌਖੇ ਹੀ ਚੀਜ਼ਾਂ ਨੂੰ ਸਮਝਣ ਤੋਂ ਲੈ ਕੇ ਉਨ੍ਹਾਂ ਬਾਰੇ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਨਾ, ਵਿਸ਼ਲੇਸ਼ਣ ਅਤੇ ਵਿਆਖਿਆ ਕਰਨਾ ਆਸਾਨ ਬਣਾ ਦਿੱਤਾ ਹੈ। ਇਸ ਨਾਲ ਭਾਸ਼ਾਵਾਂ ਦੀ ਜਾਣਕਾਰੀ ਅਤੇ ਅਨੁਵਾਦ ਕਰਨਾ ਵਧੇਰੇ ਆਸਾਨ ਹੋ ਗਿਆ ਹੈ। ਅਸੀਂ ਕਿਸੇ ਵੀ ਭਾਸ਼ਾ ਦੇ ਪਾਠਕ੍ਰਮ ਨੂੰ ਕਿਸੇ ਵੀ ਹੋਰ ਭਾਸ਼ਾ ਵਿੱਚ ਆਸਾਨੀ ਨਾਲ ਅਨੁਵਾਦ ਕਰ ਸਕਦੇ ਹਾਂ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਆਵਾਜਾਈ ਦੇ ਖੇਤਰ ਵਿੱਚ ਕ੍ਰਾਂਤੀ ਆਉਣ ਦੀ ਸੰਭਾਵਨਾ ਬਣ ਗਈ ਹੈ। ਏ.ਆਈ. ਰਾਹੀਂ ਚਾਲਕ-ਰਹਿਤ ਗੱਡੀਆਂ ਦਾ ਨਿਰਮਾਣ ਵੱਧ ਗਿਆ ਹੈ। ਇਸ ਦੀ ਮਦਦ ਨਾਲ ਰਸਤਿਆਂ ਅਤੇ ਆਵਾਜਾਈ ਦੇ ਪ੍ਰਬੰਧਾਂ ਦੀ ਅਗਾਂਊ ਸੂਚਨਾ ਮਿਲ ਜਾਣ ਕਾਰਨ ਹਾਦਸਿਆਂ ਵਿੱਚ ਕਟੌਤੀ ਹੋਵੇਗੀ ਤੇ ਬਦਲਵੇਂ ਰਸਤੇ ਦਾ ਪ੍ਰਬੰਧ ਜਾਂ ਸੁਝਾਅ ਚਾਲਕ ਲਈ ਸੌਖ ਪੈਦਾ ਕਰੇਗਾ। ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਹੀ ਵਰਤੋਂ ਹੋਵੇ ਤਾਂ ਇਹ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾ ਸਕਦੀ ਹੈ। ਏ.ਆਈ. ਨਾਲ ਸੰਚਾਲਿਤ ਮਸ਼ੀਨਾਂ ਵਿੱਚ ਗਲਤੀਆਂ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ। ਇਸ ਦੀ ਵਰਤੋਂ ਨਾਲ 24 ਘੰਟੇ ਕੰਮ ਹੋ ਸਕਦਾ ਹੈ। ਜੋ ਕੰਮ ਮਨੁੱਖ ਲਈ ਖਤਰਨਾਕ ਹਨ ਉਥੇ ਏ.ਆਈ. ਦੀ ਵਰਤੋਂ ਕਰਕੇ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਦੂਜੇ ਪਾਸੇ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਦੇਣਾ ਹੈ। ਹਰ ਕੰਮ ਮਸ਼ੀਨਾਂ ਰਾਹੀਂ ਹੋਣ ਕਰਕੇ ਲੋਕਾਂ ਵਿੱਚ ਆਲਸ ਵੱਧ ਗਿਆ ਹੈ। ਉਨ੍ਹਾਂ ਅੰਦਰੋਂ ਕੰਮ ਕਰਨ ਦੀ ਰਚਨਾਤਮਕਤਾ ਤੇ ਇੱਛਾ ਸ਼ਕਤੀ ਘੱਟ ਹੋ ਗਈ ਹੈ। ਬੇਸ਼ੱਕ ਇਸ ਵਿੱਚ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ ਪਰ ਇਸਨੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਜਿਸ ਕਾਰਨ ਇਸ ਦੀ ਵਰਤੋਂ ਬਹੁਤ ਹੀ ਸੂਝ-ਸਮਝ ਅਤੇ ਜ਼ਿੰਮੇਵਾਰੀ ਨਾਲ ਸੀਮਤ ਪੱਧਰ ਤੇ ਕੀਤੀ ਜਾਣੀ ਚਾਹੀਦੀ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਪ੍ਰਭਾਵ ਕਾਰਨ ਪੈਦਾ ਹੋਣ ਵਾਲੇ ਭਿਆਨਕ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਤੇ ਇਹ ਨਾ ਹੋਵੇ ਕਿ ਕਿਸੇ ਦਿਨ ਪੂਰੀ ਦੁਨੀਆਂ ਦਾ ਕੰਟਰੋਲ ਮਸ਼ੀਨਾਂ ਦੇ ਸਪੁਰਦ ਹੋ ਜਾਵੇ ਤੇ ਮਨੁੱਖ ਇਹਨਾਂ ਦਾ ਗੁਲਾਮ ਬਣ ਜਾਵੇ। ਇਸ ਦੀ ਵਰਤੋਂ ਦੁਨੀਆਂ ਦਾ ਵਿਕਾਸ ਵੀ ਕਰ ਸਕਦੀ ਹੈ ਤੇ ਵਿਨਾਸ਼ ਵੀ। ਸੋ ਸਾਨੂੰ ਇਸਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਦੁਰਪ੍ਰਭਾਵਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ।
ਰਾਹੀਂ –
ਮਾਸਟਰ ਪਰਮਵੇਦ
ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ
9417422349



