ਤਿੰਨ ਦਿਨਾਂ ਵਿਚ ਕਲਾਵਾਂ, ਕਿਤਾਬਾਂ ਅਤੇ ਨਾਟਕਾਂ ਰਾਹੀਂ ਹਜ਼ਾਰਾਂ ਦਰਸ਼ਕਾਂ ਨੂੰ ਨਾਲ ਜੋੜਦਾ ਕਲਾ-ਕਿਤਾਬ ਮੇਲਾ ਸੰਪੰਨ

created by InCollage

ਤੀਜੇ ਦਿਨ ‘ਫਟੇ ਅੰਬਰ ‘ਚ ਝੂਲਾ ਟੰਗਣ ‘ਦਾ ਸੱਦਾ ਦਿੰਦੇ ਨਾਟਕ ‘ਧੰਨ ਲਿਖਾਰੀ ਨਾਨਕਾ’ ਦਾ ਭਾਵਪੂਰਤ ਮੰਚਨ 

(ਸਮਾਜ ਵੀਕਲੀ): ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਕਰਵਾਏ ਤਿੰਨ ਰੋਜ਼ਾ ਕਲਾ ਕਿਤਾਬ ਮੇਲੇ ਦੇ ਆਖਰੀ ਦਿਨ ਦੇ ਪਹਿਲੇ ਸ਼ੈਸ਼ਨ ਵਿਚ ’21ਵੀਂ ਸਦੀ ਦੇ ਸੰਘਰਸ਼ ਅਤੇ ਨਿਊ ਮੀਡੀਆ ‘ਵਿਸ਼ੇ ਤੇ ਮਨੁੱਖੀ ਅਧਿਕਾਰ ਕਾਰਕੁਨ ਡਾ. ਨਵਸ਼ਰਨ ਕੌਰ, ਸੰਘਰਸ਼ਾਂ ਦੇ ਆਗੂ ਪ੍ਰੋ. ਅਜਾਇਬ ਸਿੰਘ ਟਿਵਾਣਾ, ਡਾ. ਸਾਹਿਬ ਸਿੰਘ ਅਤੇ ਅਰਵਿੰਦਰ ਕਾਕੜਾ ਨੇ ਸੰਵਾਦ ਰਚਾਇਆ। ਸਾਰੇ ਵਿਦਵਾਨਾਂ ਨੇ ਨਿਊ ਮੀਡੀਆ ਦੀ ਤਾਕਤ ਨੂੰ ਵੀ ਸਵੀਕਾਰ ਕੀਤਾ, ਪਰ ਨਾਲ ਹੀ ਇਸ ਰਾਹੀਂ ਹੋ ਰਹੀ ਕਿਰਦਾਰਕੁਸ਼ੀ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਸੱਤਾ ਦੁਆਰਾ ਆਪਣੀਆਂ ਫਾਸ਼ੀਵਾਦੀ ਨੀਤੀਆਂ ਤਹਿਤ ਇਸ ਮੀਡੀਆ ਨੂੰ ਕਾਬੂ ਕਰਨ ਲਈ ਅਪਣਾਏ ਹੱਥਕੰਡਿਆਂ ਤੋਂ ਸੁਚੇਤ ਕੀਤਾ। ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਪੰਜਾਬ ਨੂੰ ਆਪਣੀ ਹੋਣੀ ਬਦਲਣ ਲਈ ਪ੍ਰਵਾਸ ਤੇ ਟੇਕ ਰੱਖਣ ਦੀ ਬਜਾਏ ਸੁਚੇਤ ਹੋ ਕੇ ਆਪਣੀ ਲੜਾਈ ਲੜਨੀ ਚਾਹੀਦੀ ਹੈ ਅਤੇ ਲੋਕ ਘੋਲਾਂ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਮੀਡੀਆ ਦੀ ਤਾਕਤ ਨੂੰ ਵੀ ਇਸ ਰੂਪ ਵਿਚ ਹੀ ਵਰਤਿਆ ਜਾ ਸਕਦਾ ਹੈ। ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਇਸ ਸੱਤਾ ਏਨੀ ਨਾਬਰ ਹੈ ਕਿ ਉਹ ਮੀਡੀਆ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਚੁੱਕ ਕੇ ਜੇਲ੍ਹ ਵਿਚ ਸੁੱਟਣ ਤੋਂ ਵੀ ਗੁਰੇਜ ਨਹੀਂ ਕਰਦੀ। ਇਸ ਸੈਸ਼ਨ ਦਾ ਸੰਚਾਲਨ ਰਿਸਰਚ ਸਕਾਲਰ ਮਲਕੀਤ ਨੇ ਬਾਖੂਬੀ ਕੀਤਾ।

ਦੂਜੇ ਸ਼ੈਸ਼ਨ ਵਿਚ ਪੰਜਾਬੀ ਦੇ ਉੱਘੇ ਕਹਾਣੀਕਾਰ ਵਰਿਆਮ ਸੰਧੂ ਭਰਵੇਂ ਇੱਕਠ ਵਿਚ ਦਰਸ਼ਕਾਂ ਦੇ ਰੂਬਰੂ ਹੋਏ। ਉਹਨਾਂ ਨੇ ਆਪਣੇ ਜੀਵਨ ਸਫ਼ਰ ਵਿੱਚੋਂ ਅਨੇਕ ਯਾਦਾਂ ਸਾਂਝੀਆਂ ਕਰਦੇ ਹੋਏ, ਜਿਉਣ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਸ਼ੋਭਾ ਸਿੰਘ ਅਤੇ ਦਵਿੰਦਰ ਸਤਿਆਰਥੀ ਦੀਆਂ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਤੋਂ ਅੱਕ ਕੇ ਮਰਨ ਦੇ ਰਾਹ ਤੁਰੇ ਇਹ ਲੋਕ ਜਦ ਵਾਪਿਸ ਪਰਤੇ ਤਾਂ ਇਹਨਾਂ ਨੇ ਆਪਣੇ ਹੁੱਨਰ, ਕਲਾ ਅਤੇ ਲਿਆਕਤ ਦਾ ਲੋਹਾ ਮਨਵਾਇਆ। ਉਹਨਾਂ ਇਹ ਵੀ ਕਿਹਾ ਕਿ ਮੇਰਾ ਸਫ਼ਰ ‘ਬੰਦਾ ਬਣਨ’ ਤੋਂ ਸ਼ੁਰੂ ਹੁੰਦਾ ਹੈ ਅਤੇ ਮੈਂ ਸਾਰੀ ਉਮਰ ਫਰਿਸ਼ਤਗੀ ਦੇ ਮੁਕਾਬਲੇ ਬੰਦਗੀ ਹੀ ਕੀਤੀ। ਉਹਨਾਂ ਬਾਰੇ ਬੋਲਦਿਆਂ ਪ੍ਰਸਿੱਧ ਕਹਾਣੀ ਆਲੋਚਕ ਬਲਦੇਵ ਧਾਲੀਵਾਲ ਨੇ ਕਿਹਾ ਕਿ ਅਗਰ ਤੁਸੀਂ ਵਰਿਆਮ ਸੰਧੂ ਦੇ ਕਥਾ ਸੁਹਜ ਬਾਰੇ ਜਾਣਨਾ ਹੈ ਤਾਂ ਸਾਨੂੰ ਉਸ ਦੀ ਇਤਿਹਾਸ ਮੁਖੀ ਪਹੁੰਚ ਵਿੱਚੋਂ ਅੰਤਰਦ੍ਰਿਸ਼ਟੀ ਲੈਣੀ ਪਵੇਗੀ, ਕਿਉਂਕਿ ਵਰਿਆਮ ਸੰਧੂ ਪੰਜਾਬੀ ਦੇ ਬਾਕੀ ਕਹਾਣੀਕਾਰਾਂ ਤੋਂ ਇਸੇ ਕਰਕੇ ਵੱਖਰਾ ਹੈ ਕਿ ਉਸਦੀ ਰਚਨਾਵਾਂ ਦੇ ਪਿਛੋਕੜ ਵਿਚ ਪੰਜਾਬ ਦਾ ਇਤਿਹਾਸਿਕ ਅਤੇ ਸੱਭਿਆਚਾਰਕ ਅਵਚੇਤਨ ਕਾਰਜਸ਼ੀਲ ਹੈ। ਇਸ ਸੈਸ਼ਨ ਵਿਚ ਆਏ ਮਹਿਮਾਨ ਦਾ ਸੁਆਗਤ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ, ਧੰਨਵਾਦ ਕਹਾਣੀਕਾਰ ਨਿਰਜੰਨ ਬੋਹਾ ਅਤੇ ਸੰਚਾਲਨ ਕਾਲਜ ਕਨਵੀਨਰ ਡਾ. ਬਲਮ ਲਿੰਬਾ ਨੇ ਕੀਤਾ।

ਤੀਜੇ ਸੈਸ਼ਨ ਵਿਚ ਬਾਤਰੰਨਮੀ ਸ਼ਾਇਰ ਗੁਰਸੇਵਕ ਲੰਬੀ ਦੀ ਸੰਚਾਲਨਾ ਹੇਠ 12 ਸ਼ਾਇਰਾਂ ਨੇ ਆਪਣੇ ਕਲਾਮ ਨੂੰ ਗਾ ਕੇ ਪੇਸ਼ ਕੀਤਾ। ਇਹਨਾਂ ਸ਼ਾਇਰਾਂ ਵਿਚ ਲੋਕ ਪੱਖੀ ਗਾਇਕ ਜਗਰਾਜ ਧੌਲਾ, ਤਰੰਨਮ-ਮੁਹਾਰਥੀ ਤ੍ਰੈਲੋਚਨ ਲੋਚੀ, ਰਾਜਵਿੰਦਰ ਜਟਾਣਾ, ਪਰਜਿੰਦਰ ਕਲੇਰ, ਰਾਮ ਸਰੂਪ ਸ਼ਰਮਾ, ਸੁਰ ਇੰਦਰ, ਸੁਖਵਿੰਦਰ ਸਨੇਹ, ਇਕਬਾਲ ਸੋਮੀਆ ਨੇ ਆਪਣੇ ਬਾਤਰੁੰਨਮੀ ਬੋਲਾਂ ਨਾਲ ਝੂੰਮਣ ਲਾ ਦਿੱਤਾ। ਇਸ ਸੈਸ਼ਨ ਦੀ ਪ੍ਰਧਾਨਗੀ ਵਿਚ ਸ਼ਾਇਰ ਬੂਟਾ ਸਿੰਘ ਚੌਹਾਨ, ਪ੍ਰਗਤੀਵਾਦੀ ਚੇਤਨਾ ਦੇ ਕਵੀ ਸੁਰਜੀਤ ਜੱਜ, ਕੌਮਾਂਤਰੀ ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਨੇ ਵਰਤਮਾਨ ਦੌਰ ਦੀਆਂ ਅਦਬੀ ਚੁਣੌਤੀਆਂ ਅਤੇ ਕਵਿਤਾ ਦੀ ਭੂਮਿਕਾ ਦੀ ਵਿਸ਼ੇ ਤੇ ਗੰਭੀਰ ਟਿੱਪਣੀਆਂ ਕੀਤੀਆਂ।

ਰਾਤ ਦੇ ਸੈਸ਼ਨ ਦਾ ਆਗਾਜ਼ ਇਕ ਕਿਰਤੀ ਦੇ ਰੂਪ ਵਿਚ ਹਰ ਸਾਲ 5000 ਪੌਦੇ ਲਗਾਉਣ ਵਾਲੇ ਰੁਪਿੰਦਰ ਪਾਲ ਨੇ ਕੀਤਾ। ਇਸ ਸੈਸ਼ਨ ਵਿਚ ਪਰਮਿੰਦਰ ਪੈਮ ਅਤੇ ਪ੍ਰਵੀਨ ਦੀ ਅਗਵਾਈ ਵਿਚ ਨੰਨ੍ਹੇ ਬਾਲਾਂ ਦਾ ਖੁੱਲ੍ਹਾ ਰੰਗਮੰਚ ਪੇਸ਼ ਹੋਇਆ। ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਵਰਕਰ ਡਾ. ਨਵਸ਼ਰਨ ਕੌਰ ਨੂੰ 11000 ਰੁਪਏ ਦੇ ਸੁਹਜਦੀਪ ਕੌਰ ਯਾਦਗਾਰੀ ਨਾਰੀ ਪ੍ਰਤਿਭਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲੋਕ ਘੋਲਾਂ ਦੀ ਚੇਤਨਾ ਨੂੰ ਸੁਰਾਂ ਵਿਚ ਬੰਨ੍ਹ ਕੇ ਪੇਸ਼ ਕਰਨ ਵਾਲੇ ਜਗਰਾਜ ਧੌਲਾ ਨੂੰ 5100 ਰੁਪਏ ਦੇ ਸਰੂਪ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਸ਼ਾ ਦਾ ਡਿਜੀਟਲੀਕਰਨ ਕਰਨ ਵਾਲੇ ਡਾ. ਸੀ ਪੀ ਕੰਬੋਜ ਨੂੰ 5100 ਰੁਪਏ ਦੇ ਰਜਿੰਦਰ ਸਿੰਘ ਵਾਲੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸੈਸ਼ਨ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਆਈ ਏ ਐਸ ਬਲਦੀਪ ਕੌਰ, ਡਿਪਟੀ ਕਮਿਸ਼ਨਰ ਮਾਨਸਾ ਸਨ। ਪ੍ਰੋ. ਸੁਖਦੇਵ ਸਿੰਘ ਅਤੇ ਜ਼ਿਲ੍ਹਾ ਖੋਜ ਅਫ਼ਸਰ ਮੈਡਮ ਤੇਜਿੰਦਰ ਕੌਰ ਨੇ ਪ੍ਰਧਾਨਗੀ ਕੀਤੀ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਮੇਲੇ ਦੇ ਸਫ਼ਲ ਆਯੋਜਨ ਦੀ ਵਧਾਈ ਦਿੰਦਿਆ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਸ਼ੈਸਨ ਦਾ ਸਿਖਰ ਡਾ. ਸਾਹਿਬ ਸਿੰਘ ਦੁਆਰਾ ਲਿਖਤ, ਨਿਰਦੇਸ਼ਿਤ ਅਤੇ ਉਹਨਾਂ ਦੁਆਰਾ ਹੀ ਅਭਿਨੀਤ ਸੋਲੋ ਨਾਟਕ ‘ਧਨ ਲੇਖਾਰੀ ਨਾਨਕਾ’ ਦੇ ਰੂਪ ਵਿਚ ਹੋਇਆ। ਇਕ ਲੇਖਕ ਦੀ ਅਵਾਮ ਪ੍ਰਤੀ ਜ਼ਿੰਮੇਵਾਰੀ ਨੂੰ ਕੇਂਦਰ ਵਿਚ ਰੱਖ ਕੇ ਸਿਰਜਿਆ ਇਹ ਨਾਟਕ ਪੰਜਾਬ ਅਤੇ ਦੇਸ਼ ਦੁਨੀਆ ਦੇ ਸਾਰੇ ਗੰਭੀਰ ਮੁੱਦਿਆ ਨੂੰ ਛੁਹੰਦਾ ਹੋਇਆ ਜਾਤੀਗਤ ਅਤੇ ਫਿਰਕੂ ਵਲਗਣਾਂ ਨੂੰ ਤੋੜਨ ਦਾ ਸੱਦਾ ਦਿੰਦਾ ਹੈ ਅਤੇ ਸੱਤਾ ਦੀ ਨਾਬਰੀ ਅਤੇ ਦੰਭ ਭਰਪੂਰ ਸੋਚ ਤੇ ਤਿੱਖਾ ਕਟਾਖਸ਼ ਕਰਦਾ ਹੈ। ਪੂਰਾ ਡੇਢ ਘੰਟਾ ਇਸ ਨਾਟਕ ਨੇ ਇਕ ਹਜ਼ਾਰ ਦੇ ਕਰੀਬ ਸਰੋਤਿਆਂ ਨੂੰ ਅੱਖ ਵੀ ਨਹੀਂ ਝਪਕਣ ਦਿੱਤੀ ਅਤੇ ਨਾਟਕ ਤੋਂ ਬਾਅਦ ਵੀ ਸੈਂਕੜੇ ਲੋਕ ਡਾ. ਸਾਹਿਬ ਸਿੰਘ ਨੂੰ ਮਿਲਣ ਲਈ ਖੜ੍ਹੇ ਰਹੇ। ਇਸ ਤੋਂ ਪਹਿਲਾਂ ਦੋ ਦਿਨਾਂ ਵਿਚ ਕੇਵਲ ਧਾਲੀਵਾਲ ਦੇ ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’ ਅਤੇ ਕੀਰਤੀ ਕਿਰਪਾਲ ਦੁਆਰਾ ਪੇਸ਼ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਨਾਟਕ ‘ਅਜੇ ਵੀ ਵਕਤ ਹੈ’ (ਲਿਖਤ ਕੁਲਦੀਪ ਸਿੰਘ ਦੀਪ) ਨੇ ਵੀ ਦਰਸ਼ਕਾਂ ਉੱਪਰ ਗਹਿਰਾ ਪ੍ਰਭਾਵ ਛੱਡਿਆ। ਭੰਡ ਜੋੜੀ ਅਵਤਾਰ ਅਤੇ ਇਕਬਾਲ ਅਤੇ ਸਾਗਰ ਸੁਰਿੰਦਰ ਦੀ ਨਿਰਦੇਸ਼ਨਾ ਹੇਠ ਨੁੱਕੜ ਨਾਟਕਾਂ ਨੇ ਵੀ ਰੰਗਮੰਚ ਦੀ ਤਾਕਤ ਦਾ ਅਹਿਸਾਸ ਕਰਾਇਆ।

ਮੇਲੇ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਮੇਲੇ ਵਿਚ 30 ਦੇ ਕਰੀਬ ਸਟਾਲਾਂ ਤੋਂ ਦੋ ਲੱਖ ਦੇ ਵਿਚਕਾਰ ਪੁਸਤਕਾਂ ਦੀ ਵਿੱਕਰੀ ਹੋਈ ਅਤੇ ਤਿੰਨ ਦਿਨਾਂ ਦੇ ਵਿਚ ਮਾਨਸਾ ਵਾਸੀਆਂ ਨੇ ਕਲਾਵਾਂ ਦੇ ਕਿਤਾਬਾਂ ਦਾ ਭਰਪੂਰ ਅਨੰਦ ਲਿਆ। ਕੇਵਲ ਧਾਲੀਵਾਲ, ਅਸ਼ੋਲ ਬਾਂਸਲ, ਸੁੱਖੀ ਪਾਤੜਾਂ, ਜਗਤਾਰ ਸੋਖੀ, ਜਗਤਾਰ ਔਲਖ ਸਮੇਤ ਨੌ ਵੱਡੀਆਂ ਸ਼ਖਸੀਅਤਾਂ ਨੂੰ ਲਗਭਗ ਸੱਤਰ ਹਜ਼ਾਰ ਦੀ ਨਕਦ ਇਨਾਮ-ਰਾਸ਼ੀ, ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਸਤੀਸ਼ ਕੁਮਾਰ ਵਰਮਾ, ਅਮਰਜੀਤ ਗਰੇਵਾਲ. ਸੁਵਰਨ ਸਿੰਘ ਵਿਰਕ, ਡਾ. ਸੁਰਜੀਤ, ਸਿਆਮ ਸੁੰਦਰ ਦੀਪਤੀ, ਫਿਲਮਕਾਰ ਰਾਜੀਵ ਸ਼ਰਮਾ, ਫਿਲਮ ਕਰਿਟਕ ਜਤਿੰਦਰ ਸਿੰਘ ਅਤੇ ਸ਼ਾਇਰ ਤਰਸੇਮ, ਸਤਪਾਲ ਭੀਖੀ, ਦੀਪਕ ਧਲੇਵਾਂ ਸਮੇਤ 100 ਦੇ ਕਰੀਬ ਵਿਦਵਾਨ, ਸ਼ਾਇਰ ਅਤੇ ਸਾਹਿਤ ਦੀਆਂ ਹੋਰ ਵਿਦਨਾਵਾਂ ਨਾਲ ਜੁੜੇ ਲੋਕ ਮਾਨਸਾ ਦੇ ਲੋਕਾਂ ਨੂੰ ਮਿਲੇ, 50 ਦੇ ਕਰੀਬ ਪੁਸਤਕਾਂ ਨੂੰ ਲੋਕ ਅਰਪਿਤ ਕੀਤਾ ਗਿਆ। ਕੰਵਰਦੀਪ ਥਿੰਦ, ਗੋਪਾਲ ਸਿੰਘ, ਸੰਦੀਪ ਕੁਮਾਰ ਅਤੇ ਜਗਜੀਤ ਸਿੰਘ ਵਰਗੇ ਕੈਲੀਗ੍ਰਾਫਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋ. ਸੰਦੀਪ ਸਿੰਘ, ਪ੍ਰੋ ਗੁਰਦੀਪ ਢਿੱਲੋਂ, ਜੈਕ ਸਰਾਂ, ਰਾਜ ਜੋਸ਼ੀ, ਜਗਦੀਸ਼ ਰਾਏ ਕੂਲਰੀਆਂ ਨੇ ਵੱਖ ਵੱਖ ਸੈਸ਼ਨਾਂ ਦੇ ਸੰਚਾਲਨ ਵਿਚ ਅਹਿਮ ਭੂਮਿਕਾ ਨਿਭਾਈ।

ਇਸ ਮੇਲੇ ਦੀ ਸਫ਼ਲਤਾ ਵਿਚ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ, ਡਾ. ਬਲਮ ਲਿੰਮਾ ਸਮੇਤ ਮੰਚ ਦੇ ਸਿਰੜੀ ਕਾਮਿਆਂ ਗੁਰਨੈਬ ਮੰਘਾਣੀਆਂ, ਗਗਨਦੀਪ ਸ਼ਰਮਾ, ਪ੍ਰੋ ਕੁਲਦੀਪ ਸਿੰਘ, ਸੁਖਜੀਵਨ, ਗੁਰਦੀਪ ਗਾਮੀਵਾਲਾ, ਗੁਲਾਬ ਸਿੰਘ, ਵਿਸ਼ਵਦੀਪ ਬਰਾੜ, ਜਗਜੀਵਨ ਆਲੀਕੇ, ਗੁਰਜੰਟ ਸਿੰਘ ਚਾਹਲ, ਜਸਵਿੰਦਰ ਸਿੰਘ, ਸੰਤੋਖ ਸਾਗਰ, ਜਗਜੀਤ ਵਾਲੀਆ, ਦਿਨੇਸ਼ ਰਿਸ਼ੀ, ਸੁੱਭਾਸ਼ ਬਿੱਟੂ, ਕਸ਼ਮੀਰ ਸਿੰਘ, ਵਿਨੋਦ ਮਿੱਤਲ, ਅਵਤਾਰ ਖਹਿਰਾ ਦੀ ਅਣਥੱਕ ਮਿਹਨਤ ਦਾ ਯੋਗਦਾਨ ਰਿਹਾ। ਮੇਲੇ ਦੇ ਤਿੰਨੇ ਦਿਨ ਮਾਨਸਾ ਦੇ ਰੰਗਮੰਚ ਦੇ ਮਾਣ ਮਨਜੀਤ ਕੌਰ ਔਲਖ, ਮੰਚ ਦੇ ਸਰਪ੍ਰਸਤ ਪ੍ਰਿ. ਦਰਸ਼ਨ ਸਿੰਘ, ਕਥਾਕਾਰ ਦਰਸ਼ਨ ਜੋਗਾ, ਡਾ. ਗੁਰਮੇਲ ਕੌਰ ਜੋਸ਼ੀ, ਸ਼ਾਇਰ ਗੁਰਪ੍ਰੀਤ, ਜਸਵੀਰ ਢੰਡ, ਡਾ. ਸੁਪਨਦੀਪ ਕੌਰ, ਸੁਰਮੀਤ ਮਾਵੀ, ਅਮਨ ਭੋਗਲ, ਦਰਸ਼ਨ ਸਿੰਘ ਢਿੱਲੋਂ, ਅਨੇਮਨ, ਰਘਬੀਰ ਸਿੰਘ ਮਾਨ, ਹਰਭਗਵਾਨ ਭੀਖੀ, ਮਨਜੀਤ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ ਨੇ ਮੇਲੇ ਵਿਚ ਰੰਗ ਭਰੇ।

ਜੱਜ ਅਤੇ ਸ਼ਾਇਰ ਅਤੁਲ ਕੰਬੋਜ, ਐਮ ਐਲ ਏ ਗੁਰਪ੍ਰੀਤ ਬਣਾਂਵਾਲੀ ਅਤੇ ਵਿਜੈ ਕੁਮਾਰ, ਡੀ ਈ ਓ ਹਰਿੰਦਰ ਸਿੰਘ ਭੁੱਲਰ. ਡਿੱਪਟੀ ਡੀ ਈ ਓ ਗੁਰਲਾਬ ਸਿੰਘ, ਪ੍ਰਿੰਸੀਪਲ ਮਧੂ ਸ਼ਰਮਾ, ਮਿੱਠੂ ਕਬਾੜੀਆ, ਮਾਣਿਕ ਗੋਇਲ, ਹਰਪ੍ਰੀਤ ਬੈਣੀਵਾਲ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਮੇਲੇ ਨੂੰ ਆਮ ਦਰਸ਼ਕਾਂ ਵਾਂਗ ਮਾਣਿਆ ਅਤੇ ਕਿਤਾਬਾਂ ਦੀ ਖਰੀਦੋ ਫਰੋਖ਼ਤ ਕੀਤੀ।ਧੰਨਵਾਦ ਸਹਿਤ ਇਹ ਨਿਊਜ਼ ਪੰਜਾਬ ਸਾਹਿਤ ਅਕਾਦਮੀ ਦੇ ਕਨਵੀਨਰ ਡਾ . ਕੁਲਦੀਪ ਸਿੰਘ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਵਾਲੀਆ ਅਸੋਸੀਏਟ ਮੈਂਬਰ
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian jumps to death from high-rise after killing wife, 2 kids in UAE
Next articleਕੰਜ਼ਕਾਂ ਦੀ ਭਾਲ