(ਸਮਾਜ ਵੀਕਲੀ)
ਸ਼ੁਭ ਸਵੇਰ ਦੋਸਤੋ,
ਮੈਨੂੰ ਤਾਂ ਸਮਝ ਆ ਗਈ ਹੈ ਕਿ ਅਸੀਂ ਹਵਾ ‘ਚ ਬਲਦੇ ਦੀਵੇ ਵਾਂਗ ਹਾਂ, ‘ਤੇ ਹਵਾ ਮੂਹਰੇ ਦੀਵੇ ਦੀ ਕੀ ਔਕਾਤ ਹੈ? ਹਵਾ…ਦੀਵਾ ਕਦੋਂ ਵੀ ਬੁਝਾ ਸਕਦੀ ਹੈ। ਹਵਾ ‘ਚ ਦੀਵੇ ਨੂੰ ਜ਼ਿਆਦਾ ਦੇਰ ਬਲਦਾ ਰੱਖਣ ਤੇ ਲੋਅ ਨੂੰ ਮਜਬੂਤ ਕਰਨ ਲਈ ਸਾਨੂੰ ਸਬਰ, ਸੰਜਮ, ਚਾਅ ਤੇ ਉਤਸ਼ਾਹ ਰੂਪੀ ਚੀਜ਼ਾਂ ਦਾ ਤੇਲ ਅਤੇ ਸਿਆਣਪ-ਲਿਆਕਤ ਰੂਪੀ ਮਜਬੂਤ ਓਟਾਂ ਦੀ ਲੋੜ ਪੈਂਦੀ ਹੈ। ਆਖਿਰ ਤਾਂ ਲੋਅ ਨੇ ਬੁਝਣਾ ਹੀ ਹੁੰਦਾ ਹੈ, ਪਰ ਜਿਨੀ ਦੇਰ ਜਗੀਏ ਰੋਸ਼ਨ ਕਰੀਏ ਆਰ-ਪਰਿਵਾਰ ਨੂੰ।
ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਸਾਨੂੰ ਜੀਵਨ ਜਿੰਨ੍ਹਾਂ ਵੀ ਮਿਲਿਆ ਸਾਡੇ ਲਈ ਸਭ ਤੋਂ ਵਧੀਆ ਤੇ ਸਸਤਾ ਸੌਦਾ ਹੈ। ਕਿਉਂਕਿ ਇਹ ਸਾਨੂੰ ਬਿੰਨਾਂ ਕਿਸੇ ਕੀਮਤ ਤੋਂ ਮਿਲਿਆ ਹੈ। ਮੁਫ਼ਤ ਮਿਲੀ ਚੀਜ਼ ਕਦੇਂ ਵੀ ਵਾਪਿਸ ਲਈ ਜਾ ਸਕਦੀ ਹੈ! ਇਸ ਲਈ ਜਸ਼ਨ ਮਨਾਈਏ, ਖੁਸ਼ ਰਹੀਏ ਜਿਨਾ ਰਿਹਾ ਜਾ ਸਕਦਾ ਹੋਵੇ, ਕਿਉਂਕਿ ਹੋਰਾਂ ਲੋਕਾਂ ਵਾਂਗ ਅਸੀਂ ਵੀ ਕੱਲ੍ਹ ਨੂੰ ਮਰ ਸਕਦੇ ਹਾਂ, ਪਰ ਸਾਡੇ ਬਿਨਾਂ ਜੱਗ ਤੇ ਰੌਣਕ ਮੇਲੇ ਲੱਗਣੇ ਬੰਦ ਨਹੀਂ ਹੋਣੇ, ਸਿਰਫ਼ ਅਸੀਂ ਵਿੱਚ ਨਹੀਂ ਹੋਣਾ!
ਮੈਂ ਹੈਰਾਨ ਹਾਂ, ਭੱਜੀ ਫਿਰਦੀ ਲੁਕਾਈ ਦੇਖਕੇ! ਅਸੀਂ ਰੋਂਦੋ ਹੋਏ ਜਨਮ ਲੈਂਦੇ ਹਾਂ, ਸਾਰਾ ਜੀਵਨ ਸ਼ਿਕਾਇਤਾਂ ਕਰਦੇ ਜਿਉਂਦੇ ਹਾਂ, ਆਖਿਰ ਨਿਰਾਸ਼ਾਵਾਂ ‘ਚ ਡੁੱਬੇ ਕੇ ਮਰ ਜਾਂਦੇ ਹਾਂ। ਸਾਨੂੰ ਜੀਵਨ ਦੇਣ ਵਾਲੀ ਕੁਦਰਤ ਕਦੇਂ ਵੀ ਸਾਡੇ ਤੋਂ ਇਹ ਘਟੀਆਂ ਉਮੀਦਾਂ ਨਹੀਂ ਰੱਖਦੀ।
ਆਪਾਂ ਤਾਂ ਹਰ ਨਵੇਂ ਦਿਨ ਨੂੰ ਆਪਣੇ ਜੀਵਨ ਦਾ ਆਖ਼ਰੀ ਦਿਨ ਮੰਨ ਕੇ ਜਿਊਂਈਦਾ ਹੈ। ਮਨ ਦੇ ਸਭ ਝਗੜੇ, ਕਲੇਸ਼, ਹੰਕਾਰ ਆਪੇ ਮਰ ਜਾਂਦੇ ਨੇ।
ਸਾਡੇ ਚੜ੍ਹਦੀਕਲਾ ਵਾਲੇ ਪੰਜਾਬੀਆਂ ਦੀ ਕਹਾਵਤ ਸੀ… *’ ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ’।*
ਵੱਖਰਾ ਹੀ ਸ਼ਰੂਰ…ਸਾਨੂੰ ਚੜਿਆ ਹਜੂਰ,
ਉਹਦੇ ਨਾਂ ਦੀਆਂ ਲੋਰਾਂ…ਸਾਨੂੰ ਕਾਹਦੀਆਂ ਨੇ ਥੋੜਾਂ,
ਸੋਚਾਂ ਜਗਤ ਭਲਾਈ…ਜਿਹੜੀ ਸਾਡੇ ਹਿੱਸੇ ਆਈ,
ਕਰੀਏ ਨੇਕ ਕਮਾਈ…ਜੱਗ ਕਰੇ ਰੁਸਵਾਈ,
ਪ੍ਰਵਾਹ ਨਾ ਕਰੀਏ…ਇਹੋ ਜਿਹੀਆਂ ਸੋਚਾਂ ਤੇ,
ਰੱਖੀਏ ਗਰੂਰ ਆਪਣੇ ਨੂੰ…ਆਪਣੀ ਹੀ ਜੁੱਤੀ ਦੀਆਂ ਨੋਕਾਂ ਤੇ!
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly