ਸਵਾਮੀ ਪ੍ਰਸਾਦ ਮੌਰਿਆ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਸੁਲਤਾਨਪੁਰ (ਸਮਾਜ ਵੀਕਲੀ):  ਸਥਾਨਕ ਅਦਾਲਤ ਨੇ ਸੱਤ ਸਾਲ ਪੁਰਾਣੇ ਕੇਸ ’ਚ ਭਾਜਪਾ ਵਿਧਾਇਕ ਸਵਾਮੀ ਪ੍ਰਸਾਦ ਮੌਰਿਆ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਵਾਰੰਟ ਜਾਰੀ ਕਰਦਿਆਂ ਜੱਜ ਨੇ ਕੇਸ ਦੀ ਅਗਲੀ ਸੁਣਵਾਈ 24 ਜਨਵਰੀ ਨਿਰਧਾਰਿਤ ਕੀਤੀ ਹੈ। ਓਬੀਸੀ ਵਰਗ ਦੇ ਮੰਨੇ-ਪ੍ਰਮੰਨੇ ਆਗੂ ਮੌਰਿਆ ਨੇ ਕੱਲ ਹੀ ਯੋਗੀ ਆਦਿੱਤਿਆਨਾਥ ਦੀ ਕੈਬਨਿਟ ’ਚੋਂ ਅਸਤੀਫ਼ਾ ਦਿੱਤਾ ਸੀ। ਮੌਰਿਆ ਖ਼ਿਲਾਫ਼ 2014 ’ਚ ਹਿੰਦੂ ਦੇਵੀ-ਦੇਵਤਿਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ’ਤੇ ਕੇਸ ਦਰਜ ਕੀਤਾ ਗਿਆ ਸੀ। ਵਿਧਾਇਕ ਅੱਜ ਕੇਸ ਦੀ ਸੁਣਵਾਈ ਦੌਰਾਨ ਹਾਜ਼ਰ ਨਾ ਹੋਏ ਤਾਂ ਜੱਜ ਯੋਗੇਸ਼ ਕੁਮਾਰ ਯਾਦਵ ਨੇ ਉਸ ਖ਼ਿਲਾਫ਼ ਵਾਰੰਟ ਜਾਰੀ ਕਰ ਦਿੱਤਾ।

ਸਾਲ 2016 ’ਚ ਵੀ ਮੌਰਿਆ ਖ਼ਿਲਾਫ਼ ਇਸੇ ਕੇਸ ’ਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ ਪਰ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਵਾਰੰਟਾਂ ’ਤੇ ਰੋਕ ਲਗਾ ਦਿੱਤੀ ਸੀ। ਵਕੀਲ ਅਨਿਲ ਤਿਵਾੜੀ ਨੇ ਕਿਹਾ ਕਿ ਅਦਾਲਤ ਨੇ 6 ਜਨਵਰੀ ਨੂੰ ਮੌਰਿਆ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ 12 ਜਨਵਰੀ ਨੂੰ ਪੇਸ਼ ਹੋਏ ਪਰ ਉਹ ਹਾਜ਼ਰ ਨਹੀਂ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਕੈਬਨਿਟ ’ਚੋਂ ਅਸਤੀਫ਼ਾ ਦਿੱਤੇ ਜਾਣ ਨਾਲ ਭਾਜਪਾ ’ਚ ਭੂਚਾਲ ਆ ਗਿਆ ਹੈ। ਉਸ ਨੇ ਸਮਾਜਵਾਦੀ ਪਾਰਟੀ ’ਚ ਜਾਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਉਹ ਭਾਜਪਾ ’ਚ ਮੁੜ ਸ਼ਾਮਲ ਨਹੀਂ ਹੋਣਗੇ। ਬਦਾਯੂੰ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਉਸ ਦੀ ਧੀ ਸੰਗਮਿਤਰਾ ਮੌਰਿਆ ਵੱਲੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਖੁਦ ਹੀ ਇਸ ਬਾਰੇ ਫ਼ੈਸਲਾ ਲਵੇਗੀ। ਸਮਾਜਵਾਦੀ ਪਾਰਟੀ ’ਚ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ 14 ਜਨਵਰੀ ਤੱਕ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਕੈਬਨਿਟ ’ਚੋਂ 18 ਮੰਤਰੀ 20 ਜਨਵਰੀ ਤੱਕ ਅਸਤੀਫ਼ੇ ਦੇਣਗੇ: ਰਾਜਭਰ
Next articleਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ