(ਸਮਾਜ ਵੀਕਲੀ) ਐਨਡੀਏ ਦੇ ਤੀਜੇ ਕਾਰਜਕਾਲ2024-25 ਦਾ ਬਜਟ ਪੇਸ਼ ਹੋਵੇਗਾ। ਹਰ ਵਰਗ ਨੂੰ ਬਜਟ ਤੋਂ ਬਹੁਤ ਉਮੀਦਾਂ ਹਨ। ਕਰੋਨਾ ਮਹਾਮਾਰੀ ਦੇ ਲੰਮਾ ਸਮਾਂ ਤਾਲਾਬੰਦੀ ਕਰਕੇ ਸਨਅਤ ਮੁੜ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਜਿਸ ਕਾਰਨ ਬਹੁਤ ਜ਼ਿਆਦਾ ਬੇਰੁਜ਼ਗਾਰੀ ਵੱਧ ਗਈ ਹੈ।ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਬਹੁਤ ਹੀ ਮੁਸ਼ੱਕਤ ਨਾਲ ਦਿਹਾੜੀ ਦਾਰ ਨੂੰ 300 ਰੁਪਏ ਦਿਹਾੜੀ ਮਿਲ ਰਹੀ ਹੈ। ਬੇਰੁਜ਼ਗਾਰੀ ਬਹੁਤ ਵੱਧ ਚੁਕੀ ਹੈ। ਦੋ ਸਮਾਂ ਦੀ ਰੋਟੀ ਦਾ ਹਿੱਲਾ ਵਸੀਲਾ ਕਰਨਾ ਆਮ ਆਦਮੀ ਲਈ ਬਹੁਤ ਹੀ ਔਖਾ ਹੋ ਗਿਆ ਹੈ। ਸਾਲ 2020 ਵਿੱਚ ਦੇਸ਼ ਨੂੰ ਕਰੋਨਾ ਦੀ ਮਾਰ ਝੱਲਣੀ ਪਈ । ਪਿਆਜ ਤਾਂ ਹਮੇਸ਼ਾ ਹੀ ਹੰਝੂ ਕਢਵਾਉਂਦਾ ਹੈ। ਨਿੰਬੂ ਨੇ ਤਾ ਇਸ ਵਾਰ ਬਹੁਤ ਜ਼ਿਆਦਾ ਦੰਦ ਖੱਟੇ ਕਰ ਦਿੱਤੇ। ਆਲੂ ਵੀ 40 ਰੁਪਏ ਕਿਲੋ ਵਿਕ ਰਿਹਾ ਹੈ।ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਬਹੁਤ ਵਾਧਾ ਹੋਇਆ ਹੈ। ਹਰੀ ਸਬਜ਼ੀਆਂ ਦੇ ਭਾਅ ਨੂੰ ਅੱਗ ਲੱਗੀ ਹੋਈ ਹੈ। ਫਲਾਂ ਦੀ ਤਾਂ ਗੱਲ ਹੀ ਛੱਡ ਦਿਓ। ਘਰੇਲੂ ਰਸੋਈ ਦਾ ਬਜਟ ਵਿਗੜ ਚੁੱਕਿਆ ਹੈ। ਸੂਬਾ ਸਰਕਾਰ ਨੂੰ ਟੈਕਸ ਵਿੱਚ ਕਟੋਤੀ ਕਰਨੀ ਚਾਹੀਦੀ ਹੈ।
ਕਿਹੋ ਜਿਹਾ ਹੋਵੇ ਕੇਂਦਰ ਸਰਕਾਰ ਦਾ ਬਜਟ
ਸੰਜੀਵ ਸਿੰਘ ਸੈਣੀ
ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਕਿਸਾਨੀ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਧੀਆ ਸਕੀਮਾਂ ਉਲੀਕਣੀਆਂ ਚਾਹੀਦੀਆਂ ਹਨ। ਤਾਂ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ। ਕਿਸਾਨਾਂ ਸਿਰ ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ਕਿ ਉਹ ਖੁਦਕੁਸ਼ੀ ਕਰਨ ਦੇ ਰਾਹ ਪੈ ਗਿਆ ਹੈ। ਰਸਾਇਣਿਕ ਖਾਦਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਖੇਤੀ ਕਰਨ ਵਾਲੇ ਔਜ਼ਾਰ ਦਿਨ ਪ੍ਰਤੀ ਦਿਨ ਮਹਿੰਗੇ ਹੁੰਦੇ ਜਾ ਰਹੇ ਹਨ।
ਨੌਜਵਾਨ ਵਰਗ ਨੂੰ ਬਜਟ ਤੋਂ ਬਹੁਤ ਉਮੀਦਾਂ ਹਨ। ਸਰਕਾਰ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਅੱਜ ਪੰਜਾਬ ਖਾਲੀ ਹੋ ਰਿਹਾ ਹੈ। ਜਹਾਜਾਂ ਦੇ ਜਹਾਜ ਭਰਕੇ ਵਿਦਿਆਰਥੀਆਂ ਨਾਲ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਪਾਸਪੋਰਟ ਦਫਤਰਾਂ ਦੇ ਬਾਹਰ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਚਪੜਾਸੀ ਦੀ ਅਸਾਮੀ ਲਈ ਪੀਐਚਡੀ ਐਮ ਫਿਲ ਤੱਕ ਦੇ ਮੁੰਡੇ ਕੁੜੀਆਂ ਅਪਲਾਈ ਕਰ ਰਹੇ ਹਨ।ਨੌਜਵਾਨ ਵਰਗ ਉਮੀਦ ਕਰਦਾ ਹੈ ਕਿ ਨੌਕਰੀਆਂ ਦੀ ਭਰਤੀ ਸਮੇਂ ਪਾਰਦਰਸ਼ਤਾ ਲਿਆਈ ਜਾਵੇ।ਸਿੱਖਿਆ ਬਜਟ ਨੂੰ ਹੋਰ ਵਧਾਉਣਾ ਚਾਹੀਦਾ ਹੈ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਮਾਸਟਰ , ਪ੍ਰੋਫੈਸਰ ਦੀਆਂ ਖਾਲੀ ਅਸਾਮੀਆਂ ਨੂੰ ਭਰਨਾ ਚਾਹੀਦਾ ਹੈ।
ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਣੀ ਚਾਹੀਦੀ ਹੈ। ਪੈਰਾਮੈਡੀਕਲ ਸਟਾਫ਼, ਡਾਕਟਰ ਹੋਰ ਵੀ ਹਸਪਤਾਲ ਤੋਂ ਸੰਬੰਧਿਤ ਭਰਤੀ ਕਰਨੀ ਚਾਹੀਦੀ ਹੈ। ਜਦੋਂ ਇਹ ਮਹਾਮਾਰੀ ਫ਼ੈਲੀ ਤਾਂ ਧਾਰਮਿਕ ਇਮਾਰਤਾਂ ਨੂੰ ਇਕਾਂਤਵਾਸ ਲਈ ਵਰਤਿਆ ਗਿਆ ਸੀ। ਸਰਕਾਰ ਨੂੰ ਸੂਬਿਆਂ ਦੀ ਜਨਸੰਖਿਆ ਦੇ ਮੁਤਾਬਕ ਹਰ ਸੂਬੇ ਵਿੱਚ ਬੁਨਿਆਦੀ ਸਹੂਲਤਾਂ ਤੋਂ ਲੈਸ ਹਸਪਤਾਲ ਬਣਾਉਣੇ ਚਾਹੀਦੇ ਹਨ।ਤਾਂ ਕਿ ਗਰੀਬ ਤੋਂ ਗਰੀਬ ਬੰਦਾ ਵੀ ਆਪਣਾ ਇਲਾਜ ਸਸਤੀਆਂ ਦਰਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਕਰਵਾ ਸਕੇ। ਪ੍ਰਾਈਵੇਟ ਹਸਪਤਾਲ ਤਾਂ ਜਣੇ ਖਣੇ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ।
ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਸਖਤ ਕਾਨੂੰਨ ਲਿਆਉਣੇ ਚਾਹੀਦੇ ਹਨ, ਤਾਂ ਜੋ ਲੋਕ ਗਲਤ ਕੰਮਾਂ ਤੋਂ ਡਰਨ। ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਕੋਈ ਗਰੀਬ ਤਬਕਾ ਵੀ ਪੜ੍ਹਾਈ-ਲਿਖਾਈ ਤੋਂ ਵਾਂਝਾ ਨਾ ਰਹੇ। ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਰਿਹਾ ਹੈ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ। ਆਧੁਨਿਕ ਸਹੂਲਤਾਂ ਤੋਂ ਲੈਸ ਨਸ਼ਾ ਮੁਕਤੀ ਕੇਂਦਰ ਬਨਾਉਣੇ ਚਾਹੀਦੇ ਹਨ ਤਾਂ ਜੋ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਇਲਾਜ ਵਧੀਆ ਤਰੀਕੇ ਨਾਲ ਹੋ ਸਕੇ।ਹਾਲ ਹੀ ਵਿਚ ਮਾਨ ਸਰਕਾਰ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਮੁਖੀਆਂ ਨਾਲ ਮੀਟਿੰਗਾਂ ਕੀਤੀਆਂ। ਤੇ ਜੋ ਨਸ਼ਾ ਸਪਲਾਈ ਕਰਦੇ ਹਨ ਉਨ੍ਹਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਸਰਕਾਰ ਨੂੰ ਬਿਜਲੀ ਮੁਫ਼ਤ ਨਹੀਂ, ਸਗੋਂ ਬਿਜਲੀ ਦੇ ਰੇਟਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ। ਜੇ ਬਿਜਲੀ ਸਸਤੀ ਹੋਵੇਗੀ ਤਾਂ ਬਿਜਲੀ ਦੀ ਚੋਰੀ ਵੀ ਨਹੀਂ ਰਹੇਗੀ। ਹਰ ਤਬਕਾ ਬਿਲ ਭਰੇਗਾ। ਵਾਤਾਵਰਨ ਨੂੰ ਸਾਫ ਰੱਖਣ ਲਈ ਦਰਖਤ ਲਗਾਉਣ ਲਈ ਪੰਚਾਇਤਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਜੋ ਫੈਕਟਰੀਆਂ ਪ੍ਰਦੂਸ਼ਣ ਫੈਲਾ ਰਹੀਆਂ ਹਨ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਲਿਆ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਮਾਲਵਾ ਖੇਤਰ ਕੈਂਸਰ ਨਾਲ ਪ੍ਰਭਾਵਿਤ ਹੈ ।ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਨਾਮੁਰਾਦ ਬੀਮਾਰੀ ਕੈਂਸਰ ਦੇ ਇਲਾਜ ਲਈ ਵੱਖਰਾ ਹਸਪਤਾਲ ਬਣਾਉਣਾ ਚਾਹੀਦਾ ਹੈ। ਛੋਟੇ ਛੋਟੇ ਜੰਮ ਦੇ ਬੱਚਿਆਂ ਦੇ ਸਰੀਰਾਂ ਵਿੱਚ ਬਹੁਤ ਨੁਕਸ਼ ਹਨ। ਪੀਣ ਵਾਲਾ ਪਾਣੀ ਸਹੀ ਨਹੀਂ ਰਿਹਾ ਹੈ। ਦੁੱਧ ਦੇਣ ਵਾਲੇ ਪਸ਼ੂ ਕੈਂਸਰ ਨਾਲ ਪੀੜੀਤ ਹਨ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਵਧੀਆ ਨੀਤੀ ਉਲੀਕਣੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168