ਮਾਨਸਾ (ਸਮਾਜ ਵੀਕਲੀ): ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਅਰੋਗਿਆ – ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਸਿਹਤ ਬਲਾਕ ਖਿਆਲਾ ਅਧੀਨ ਤੰਦਰੁਸਤੀ ਸਿਹਤ ਕੇਂਦਰਾਂ ਵਿੱਚ ਤਪਦਿਕ (ਟੀ ਬੀ) ਦੇ ਬਚਾਅ ਅਤੇ ਮੁਫ਼ਤ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪ੍ਰੋਗਰਾਮ ਅਰੋਗਿਆ- ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਹਰ ਮਹੀਨੇ ਦੀ 14 ਤਾਰੀਖ ਨੂੰ ਵੱਖ ਵੱਖ ਬੀਮਾਰੀਆਂ ਤੋਂ ਜਾਗਰੂਕ ਕਰਨ ਲਈ ਸਿਹਤ ਸਿੱਖਿਆ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਇਸ ਮਹੀਨੇ ਤਪਦਿਕ (ਟੀ.ਬੀ.) ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਵੱਖ ਵੱਖ ਤੰਦਰੁਸਤੀ ਸਿਹਤ ਕੇਂਦਰਾਂ ਵਿੱਚ ਕਮਿਊਨਿਟੀ ਸਿਹਤ ਅਫ਼ਸਰ ਵੱਲੋਂ ਪ੍ਰਚਾਰ ਸਮੱਗਰੀ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਪਦਿਕ(ਟੀ.ਬੀ.) ਮੁੱਖ ਰੂਪ ਵਿੱਚ ਫ਼ੇਫ਼ੜਿਆਂ ਦੀ ਅਤੇ ਦੂਜੀ ਸਰੀਰ ਦੇ ਬਾਕੀ ਹਿੱਸਿਆਂ ਦੀ ਹੁੰਦੀ ਹੈ।ਕਰੀਬ 90 ਫ਼ੀਸਦੀ ਤੋਂ ਵਧੇਰੇ ਲੋਕਾਂ ਵਿੱਚ ਫੇਫੜਿਆਂ ਦੀ ਟੀ.ਬੀ. ਦੇਖਣ ਨੂੰ ਮਿਲਦੀ ਹੈ। ਦੋਵਾਂ ਕਿਸਮ ਦੀ ਤਪਦਿਕ (ਟੀ ਬੀ) ਵਿੱਚ ਕੁਝ ਇੱਕ ਸਮਾਨ ਲੱਛਣ ਹਨ, ਜਿਵੇਂ ਕਿ ਬੁਖਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ਵਿੱਚ ਕਮੀ, ਥਕਾਵਟ ਰਹਿਣੀ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ। ਫੇਫੜਿਆਂ ਦੀ ਟੀ.ਬੀ. ਵਿੱਚ ਦੋ ਹਫ਼ਤਿਆਂ ਤੋਂ ਵੱਧ ਦੀ ਲਗਾਤਾਰ ਖੰਘ ਅਤੇ ਬਲਗਮ ਆਮ ਲੱਛਣ ਹੈ। ਛਾਤੀ ਵਿੱਚ ਦਰਦ ਰਹਿੰਦਾ ਹੈ। ਜਿਹੜੇ ਵਿਅਕਤੀਆਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਜਾਂ ਐੱਚ. ਆਈ.ਵੀ. ਪੀੜਤ ਲੋਕਾਂ ਨੂੰ ਟੀ.ਬੀ. ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ।
ਟੀ. ਬੀ.ਰੋਗ ਇੱਕ ਵਿਅਕਤੀ ਤੋਂ ਖੰਘਣ, ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਨੂੰ ਸਾਹ ਰਾਹੀਂ ਤੰਦਰੁਸਤ ਵਿਅਕਤੀ ਨੂੰ ਹੋ ਸਕਦਾ ਹੈ।
ਟੀ.ਬੀ. ਰੋਗ ਤੋਂ ਬਚਾਅ ਲਈ ਜਨਮ ਸਮੇਂ ਵੈਕਸੀਨ ਬੱਚੇ ਨੂੰ ਭਵਿੱਖ ਵਿੱਚ ਟੀ.ਬੀ. ਦੀ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਲਈ ਰੋਜ਼ਾਨਾ ਪੌਸ਼ਟਿਕ ਅਤੇ ਸਾਫ਼ ਸੁਥਰੇ ਭੋਜਨ ਦਾ ਸੇਵਨ ਕੀਤਾ ਜਾਵੇ, ਰੋਜ਼ਾਨਾ ਵਰਜ਼ਿਸ਼, ਖੁੱਲ੍ਹੀ ਹਵਾ *ਚ ਸੈਰ ਵੀ ਬਹੁਤ ਜ਼ਰੂਰੀ ਹੈ। ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਾਉਣਾ, ਭੁੱਖ ਘੱਟ ਹੋਣਾ, ਬੁਖਾਰ ਅਤੇ ਰਾਤ ਪਸੀਨਾ ਆਉਣਾ, ਥਕਾਵਟ ਟੀ ਵੀ ਦੇ ਆਮ ਲੱਛਣ ਹਨ। ਖੰਘਣ ਜਾਂ ਛਿੱਕਣ ਮੌਕੇ ਰੁਮਾਲ ਦੀ ਵਰਤੋਂ ਕੀਤੀ ਜਾਵੇ ਅਤੇ ਖੁੱਲ੍ਹੇ ਵਿਚ ਨਾ ਥੁੱਕਿਆ ਜਾਵੇ। ਟੀ.ਬੀ. ਦੀ ਪੁਸ਼ਟੀ ਹੋਣ ਤੇ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਟੀ ਬੀ ਦਾ ਇਲਾਜ਼ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly