ਨਵੀਂ ਦਿੱਲੀ, (ਸਮਾਜ ਵੀਕਲੀ): ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਭਾਰਤੀ ਫੌਜ ਪੂਰਬੀ ਲੱਦਾਖ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਪੂਰੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਮੁਕਾਬਲਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਇਲਾਕਿਆਂ ਵਿੱਚ ਭਾਰਤੀ ਫੌਜ ਦੀਆਂ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ। ਥਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਨਰਵਾਣੇ ਨੇ ਮੰਨਿਆ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਕੁਝ ਖੇਤਰਾਂ ਵਿੱਚੋਂ ਭਾਰਤੀ ਸਲਾਮਤੀ ਦਸਤਿਆਂ ਨੂੰ ਪਿੱਛੇ ਹਟਾਇਆ ਗਿਆ ਹੈ ਪਰ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ‘ਖ਼ਤਰਾ ਟਲ ਗਿਆ ਹੈ।’
ਜਨਰਲ ਨਰਵਾਣੇ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਮੀਟਿੰਗ ਪੁਆਇੰਟ ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਜਾਰੀ ਹੈ। ਜਨਰਲ ਨਰਵਾਣੇ ਨੇ ਕਿਹਾ, ‘‘ਪੂਰਬੀ ਲੱਦਾਖ ਵਿੱਚ ਸਾਡੀਆਂ ਅਪਰੇਸ਼ਨਲ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ ਜਦੋਂਕਿ ਠੀਕ ਉਸੇ ਵੇਲੇ ਅਸੀਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਵਾਦ ਵੀ ਰਚਾ ਰਹੇ ਹਾਂ।’’ ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਫ਼ੌਜ, ਚੀਨ ਵੱਲੋਂ ਨਵੇਂ ਜ਼ਮੀਨ ਹੱਦਬੰਦੀ ਕਾਨੂੰਨ ਦੇ ਹਵਾਲੇ ਨਾਲ ਕੀਤੀਆਂ ਜਾਣ ਵਾਲੀਆਂ ਫੌਜੀ ਤਬਦੀਲੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਨਰਵਾਣੇ ਨੇ ਦੇਸ਼ ਦੀ ਉੱਤਰੀ ਸਰਹੱਦਾਂ ਦੇ ਨਾਲ ਬੁਨਿਆਦੀ ਢਾਂਚੇ ਨਾਲ ਜੁੜੇ ਵਿਕਾਸ ਤੇ ਅਪਗ੍ਰੇਡੇਸ਼ਨ ਪ੍ਰਾਜੈਕਟਾਂ ਦਾ ਵੀ ਹਵਾਲਾ ਦਿੱਤਾ।
ਚੀਨ ਨਾਲ ਜਾਰੀ 14ਵੇਂ ਗੇੜ ਦੀ ਗੱਲਬਾਤ ਬਾਰੇ ਪੁੱਛਣ ’ਤੇ ਜਨਰਲ ਨਰਵਾਣੇ ਨੇ ਕਿਹਾ, ‘‘ਅਸੀਂ ਸਾਡੇ ਵੱਲ ਸੁੱਟੀ ਜਾਣ ਵਾਲੀ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਪਹਿਲਾਂ ਦੇ ਮੁਕਾਬਲੇ ਵੱਧ ਤਿਆਰ ਹਾਂ।’’ ਫੌਜ ਮੁਖੀ ਨੇ ਕਿਹਾ ਕਿ ਭਾਰਤ ਆਸਵੰਦ ਹੈ ਕਿ ਪੈਟਰੋਲਿੰਗ ਪੁਆਇੰਟ 15 (ਹੌਟ ਸਪਰਿੰਗਜ਼) ’ਤੇ ਚੱਲ ਰਹੇ ਮਸਲਿਆਂ ਨੂੰ ਵੀ ਸੁਲਝਾ ਲਿਆ ਜਾਵੇਗਾ। ਜਨਰਲ ਨਰਵਾਣੇ ਨੇ ਕਿਹਾ ਕਿ ਪਿਛਲੇ ਸਾਲ 4 ਦਸੰਬਰ ਨੂੰ ਨਾਗਾਲੈਂਡ ਵਿੱਚ ਥਲ ਸੈਨਾ ਵੱਲੋਂ ਗ਼ਲਤ ਪਛਾਣ ਦੇ ਆਧਾਰ ’ਤੇ ਕੀਤੀ ਗੋਲੀਬਾਰੀ ਮਾਮਲੇ ਦੀ ਜਾਂਚ ਰਿਪੋਰਟ ਇਕ-ਦੋ ਦਿਨਾਂ ’ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਸਬੰਧਤਾਂ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly