ਗੜ੍ਹਸ਼ੰਕਰ- (ਸਮਾਜ ਵੀਕਲੀ) (ਬਲਵੀਰ ਚੋਪੜਾ) 13 ਸਤੰਬਰ ਨੂੰ ਦੁਨੀਆਂ ਭਰ ਵਿਚ ਰਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਟੀਮ ਮੈਂਬਰ ਕਲਾਕਾਰ ਮਲਕੀਤ ਸਿੰਘ ਰੌਣੀ ਤੇ ਰਾਣਾ ਜੰਗ ਬਹਾਦਰ ਫ਼ਿਲਮ ਦੀ ਪ੍ਰਮੋਸ਼ਨ ਲਈ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਹੁੰਚੇ ਜਿਨ੍ਹਾਂ ਦਾ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਫਿਲਮ ਦੀ ਸਟੋਰੀ ’ਤੇ ਸੰਖੇਪ ਝਾਤ ਪਾਉਂਦੇ ਹੋਏ ਕਿਹਾ ਕਿ ‘ਅਰਦਾਸ ਸਰਬੱਤ ਦੇ ਭਲੇ ਦੀ’ ਇਕ ਪਰਿਵਾਰਕ ਤੇ ਸੇਧਦਾਇਕ ਫਿਲਮ ਹੈ ਜਿਸ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਤੋਂ ਹਰ ਇਨਸਾਨ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਆਪਣੇ ਫਿਲਮੀ ਸਫ਼ਰ ’ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਤੇ ਜ਼ਿੰਦਗੀ ਵਿਚ ਚੰਗੇ ਇਨਸਾਨ ਅਤੇ ਆਪਣੇ ਅਧਿਆਪਕਾਂ ਤੇ ਮਾਤਾ-ਪਿਤਾ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ। ਅਦਾਕਾਰ ਰਾਣਾ ਜੰਗ ਬਹਾਦਰ ਨੇ ਆਪਣੇ ਸੰਬੋਧਨ ’ਚ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਦੇ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਮੈਂ ਆਪਣੀ ਅਦਾਕਾਰੀ ਰਾਹੀਂ ਸਮਾਜ ਨੂੰ ਹਮੇਸ਼ਾਂ ਸੇਧ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਹਮੇਸ਼ਾਂ ਡਟੇ ਰਹਿਣ ਲਈ ਪ੍ਰੇਰਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਸਫ਼ਲਤਾ ਦੀ ਪ੍ਰਾਪਤੀ ਲਈ ਮਾਪਿਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗਾ ਦੇਖਣ ਤੇ ਚੰਗਾ ਸੁਣਨ ਲਈ ਪ੍ਰੇਰਿਤ ਕੀਤਾ। ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮਲਕੀਤ ਸਿੰਘ ਰੌਣੀ ਅਤੇ ਰਾਣਾ ਜੰਗ ਬਹਾਦਰ ਦਾ ਕਾਲਜ ਵਲੋਂ ਸਨਮਾਨ ਕਰਦੇ ਹੋਏ ਕਾਲਜ ’ਚ ਪਹੁੰਚਣ ਲਈ ਧੰਨਵਾਦ ਕੀਤਾ ਤੇ ਫਿਲਮ ਦੀ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ ਤੇ ਕਾਲਜ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly