ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਮੰਤਰੀ ਮੰਡਲ ਨੇ ਮਾਈਨਿੰਗ ਖੱਡ ਤੋਂ ਰੇਤੇ ਤੇ ਬੱਜਰੀ ਦੀਆਂ ਦਰਾਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਤੈਅ ਕਰ ਦਿੱਤੀਆਂ ਹਨ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਗਸਤ 2022 ਵਿੱਚ ਮਾਈਨਿੰਗ ਖੱਡ ਤੋਂ ਰੇਤੇ ਤੇ ਬਜਰੀ ਦਾ ਭਾਅ 9 ਰੁਪਏ ਪ੍ਰਤੀ ਕਿਊਬਕ ਫੁੱਟ ਤੈਅ ਕੀਤਾ ਸੀ, ਜਿਸ ਵਿੱਚ ਲੋਡਿੰਗ ਦੇ ਖ਼ਰਚੇ ਸ਼ਾਮਲ ਸਨ। ਰੇਤੇ ਤੇ ਬੱਜਰੀ ਦੀ ਮੰਗ ਤੇ ਸਪਲਾਈ ਵਿੱਚ ਵੱਡਾ ਪਾੜਾ ਆਉਣ ਕਾਰਨ ਭਾਅ ਬਹੁਤ ਵਧ ਗਿਆ ਸੀ। ਮੰਤਰੀ ਮੰਡਲ ਨੇ ਸੂਬੇ ਵਿੱਚ ਰੇਤੇ ਦੀ ਸਥਾਨਕ ਪੱਧਰ ਉਤੇ ਉਪਲੱਬਧਤਾ ਵਧਾਉਣ ਲਈ ਟੈਂਡਰਾਂ ਦੀ ਸਮੀਖਿਆ ਦਾ ਅਧਿਕਾਰ ਵੀ ਡਾਇਰੈਕਟਰ ਨੂੰ ਦੇ ਦਿੱਤਾ ਹੈ ਜਦੋਂ ਕਿ ਪਹਿਲਾਂ ਕੁੱਝ ਹਾਲਾਤ ਕਾਰਨ ਇਹ ਅਧਿਕਾਰ ਖ਼ਾਰਜ ਕੀਤਾ ਗਿਆ ਸੀ।
ਇਹ ਇਕਰਾਰਨਾਮੇ ਅਸਲ ਵਿੱਚ ਸਿਰਫ਼ ਫਰਵਰੀ-ਮਾਰਚ 2023 ਤੱਕ ਪ੍ਰਮਾਣਿਕ ਸਨ ਅਤੇ ਇਸ ਤਰ੍ਹਾਂ ਇਨ੍ਹਾਂ ਨੂੰ ਸਿਰਫ਼ ਦੋ ਮਹੀਨਿਆਂ ਲਈ ਬਹਾਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਰੇਤੇ ਦੀ ਸਪਲਾਈ ਵਧੇਗੀ ਅਤੇ ਵਿਭਾਗ ਨਵੀਂ ਟੈਂਡਰਿੰਗ ਪ੍ਰਕਿਰਿਆ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਮੰਤਰੀ ਮੰਡਲ ਨੇ ਰੇਤੇ ਅਤੇ ਬੱਜਰੀ ਦੇ ਉਨ੍ਹਾਂ ਟਰਾਂਸਪੋਰਟਰਾਂ ਤੋਂ ਵਸੂਲੀ ਜਾਣ ਵਾਲੀ ਰਾਇਲਟੀ ਅਤੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਚੈਕਿੰਗ ਸਮੇਂ ਕੋਈ ਵੀ ਸਬੰਧਤ ਦਸਤਾਵੇਜ਼ ਪੇਸ਼ ਕਰਨ ਤੋਂ ਅਸਮਰੱਥ ਰਹਿੰਦੇ ਹਨ। ਫਿਲਹਾਲ ਇਨ੍ਹਾਂ ਟਰਾਂਸਪੋਰਟਰਾਂ ਤੋਂ 3.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਹਿਸਾਬ ਨਾਲ ਰਾਇਲਟੀ ਤੇ ਜੁਰਮਾਨੇ ਵਸੂਲੇ ਜਾ ਰਹੇ ਹਨ।