(ਸਮਾਜ ਵੀਕਲੀ)
” ਫਰੀਦਾ ਬਾਰ ਪਰਾਇਐ ਬੈਸਣਾ ਸਾਈ ਮੁਝੇ ਨਾ ਦੇਹਿ।
ਜੇ ਤੂ ਏਵੈ ਰਖਸੀ ਜੀਉ ਸੁਰਾਹੀ ਲਹਿ।। “
ਫ਼ਰੀਦ ਜੀ ਦੇ ਇਸ ਦੋਹੇ ਤੋਂ ਅਸੀਂ ਪੰਜਾਬੀਆਂ ਦੇ ਸੁਭਾਅ ਤੇ ਧਰਮ ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ। ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ। ਫਿਰ ਵੀ ਜੇ ਅਸੀਂ ਸਮਾਜਿਕ ਅਤੇ ਧਾਰਮਿਕ ਪੱਖੋਂ ਵੇਖੀਏ ਤਾਂ ਹਰ ਧਰਮ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦਾ ਹੈ। ਦੁਨੀਆਂ ‘ਤੇ ਹਰ ਧਰਮ ਇਹੀ ਕਹਿੰਦਾ ਹੈ ਕਿ ਰੱਬ ਇਕ ਹੈ, ਹਰ ਮਨੁੱਖ ਉਸ ਦਾ ਹੀ ਪੈਦਾ ਕੀਤਾ ਹੋਇਆ ਹੈ, ਹਰ ਜੀਵ ਵਿੱਚ ਉਸ ਪ੍ਰਮਾਤਮਾ ਦਾ ਵਾਸ ਹੈ।
ਹਰ ਦੁਨਿਆਵੀ ਧਰਮ ਸਾਨੂੰ ਪਰਮ ਪਿਤਾ ਪ੍ਰਮਾਤਮਾ ਨਾਲ਼ ਜੋੜਦਾ ਹੈ। ਜੋੜਨ ਦਾ ਢੰਗ ਸਭ ਦਾ ਵੱਖੋ-ਵੱਖਰਾ ਜ਼ਰੂਰ ਹੋ ਸਕਦਾ, ਪਰ ਮੰਜ਼ਿਲ ਇਕ ਹੀ ਹੈ। ਜਦੋਂ ਮਨੁੱਖ ਕਿਸੇ ਵੀ ਧਰਮ ਨਾਲ਼ ਜੁੜਦਾ ਹੈ ਤਾਂ ਮਨੁੱਖ ਵਿਚ ਨੈਤਿਕਤਾ ਦੇ ਵਿਕਾਸ ਦਾ ਜਰੀਹਾ ਬਣਦਾ ਹੈ। ਹਰ ਧਰਮ ਦਾ ਮਕਸਦ ਵਿਅਕਤੀ ਨੂੰ ਦੂਜੇ ਵਿਅਕਤੀ ਨਾਲ਼ ਜੋੜਨਾ ਹੈ। ਇਕ ਦੂਜੇ ਦੇ ਦੁੱਖ-ਸੁੱਖ, ਦੁੱਖ-ਦਰਦ ਨੂੰ ਸਮਝਣਾ ਅਤੇ ਵੰਡਣਾ ਹੈ। ਜੇ ਧਰਮ ਅਜਿਹਾ ਨਹੀਂ ਕਰਦਾ ਤਾਂ ਉਹ ਅਰਥਹੀਣ ਹੈ।
” ਨਾ ਕੋਇ ਬੈਰੀ ਨਾਹੀ ਬੇਗਾਨਾ,
ਸਗਲ ਸੰਗ ਹਮ ਕੋ ਬਣ ਆਈ।”
ਹੁਣ ਜੇ ਅਸੀਂ ਇਤਿਹਾਸਕ ਤੌਰ ਤੇ ਧਰਮ ‘ਤੇ ਨਜ਼ਰ ਮਾਰੀਏ ਤਾਂ ਸਾਨੂੰ ਗਿਆਤ ਹੁੰਦਾ ਹੈ ਕਿ ਨਵ-ਪੱਥਰ ਯੁੱਗ ਤੱਕ ਮਨੁੱਖ ਦਾ ਕੋਈ ਧਰਮ ਨਹੀਂ ਸੀ। ਖੇਤੀ-ਬਾੜੀ ਦੇ ਵਿਕਾਸ ਨਾਲ਼ ਮਨੁੱਖੀ ਜੀਵਨ ਵਿਚ ਸਥਿਰਤਾ ਆਈ। ਮਨੁੱਖ ਵਿਚ ਸੰਪਤੀ ਜੋੜਨ ਦਾ ਚਲਨ ਪੈਦਾ ਹੋ ਗਿਆ। ਉਹ ਹੁਣ ਆਪਣੇ ਇਲਾਵਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਨਸਲਾਂ ਲਈ ਵੀ ਧਨ-ਸੰਪਤੀ ਜੋੜਨ ਲੱਗਾ। ਖੇਤੀ-ਬਾੜੀ ਵਿਚ ਸਥਿਰਤਾ ਨਾਲ਼ ਵਾਧੂ ਉਪਜ ਹੋਣ ਲੱਗੀ। ਸਮਾਜ ਚਾਰ ਵਰਗਾਂ – ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡਿਆ ਗਿਆ। ਬ੍ਰਾਹਮਣ ਵਰਗ ਯੱਗ ਅਤੇ ਸਿੱਖਿਆ ਦੇਣ ਦਾ ਕੰਮ ਕਰਦਾ ਸੀ ; ਖੱਤਰੀ ਵਰਗ ਦੁਸ਼ਮਣਾਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਧਨ-ਸੰਪਤੀ ਦੀ ਰੱਖਿਆ ਕਰਦਾ ਸੀ ; ਵੈਸ਼ ਵਰਗ ਹਰ ਪ੍ਰਕਾਰ ਦੇ ਹੱਥੀ ਕਰਨ ਵਾਲੇ਼ ਕਿੱਤੇ ਕਰਦਾ ਸੀ ; ਸ਼ੂਦਰ ਵਰਗ ਇਹਨਾਂ ਸਾਰੇ ਵਰਗਾਂ ਲਈ ਸਹਾਇਕ ਵਜੋਂ ਕੰਮ ਕਰਦਾ ਸੀ। ਉਸ ਸਮੇਂ ਕੋਈ ਊਚ-ਨੀਚ ਨਹੀਂ ਸੀ। ਸਭ ਮਿਲਵਰਤਣ ਨਾਲ਼ ਰਹਿੰਦੇ ਸਨ।
ਤਬਦੀਲੀ ਕੁਦਰਤ ਦਾ ਨਿਯਮ ਹੈ। ਸਮਾਜ ਵਿਚਲੀ ਵਰਗ ਵੰਡ ਵਿੱਚ ਹੌਲ਼ੀ-ਹੌਲ਼ੀ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਆਰੀਆ ਲੋਕਾਂ ਨੇ ਪੰਜਾਬ ਦੀ ਧਰਤੀ ‘ਤੇ ਵਿਕਾਸ ਕੀਤਾ ਅਤੇ ਵੇਦਾਂ ਦੀ ਰਚਨਾ ਕੀਤੀ। ਇਹ ਵੇਦ ਧਰਮ ਦਾ ਅਧਾਰ ਬਣੇ। ਪਰ ਸਮਾਂ ਬੀਤਣ ਨਾਲ਼ ਪੁਰੋਹਿਤ ਵਰਗ ਆਪਣੇ ਆਪ ਨੂੰ ਸਭ ਤੋਂ ਵੱਧ ਵਿਦਵਾਨ ਅਤੇ ਉੱਤਮ ਸਮਝਣ ਲੱਗ ਪਿਆ। ਉਸ ਦੀ ਸੋਚ ਬਣਨ ਲੱਗੀ ਕਿ ਹਰ ਵਾਧੂ ਤੇ ਵਧੀਆ ਚੀਜ਼ ਉੱਤੇ ਉਸਦਾ ਸਭ ਤੋਂ ਵੱਧ ਹੱਕ ਹੈ। ਇਸ ਤਰ੍ਹਾਂ ਲਾਲਚ ਵੱਸ ਉਸ ਨੇ ਆਮ ਮਨੁੱਖ ਨੂੰ ਧਾਰਮਿਕ ਕਰਮ-ਕਾਂਡ ਵਿਚ ਉਲਝਾਉਣਾ ਸ਼ੁਰੂ ਕਰ ਦਿੱਤਾ। ਬਦਲੇ ਵਿਚ ਧਨ ਸਮੱਗਰੀ ਪ੍ਰਾਪਤ ਕਰਨ ਲੱਗ ਪਿਆ। ਲੋਕਾਂ ਵਿਚ ਧਾਰਮਿਕ ਡਰ ਉਤਪੰਨ ਕਰ ਦਿੱਤਾ। ਹੌਲ਼ੀ-ਹੌਲ਼ੀ ਜਨਸੰਖਿਆ ਅਤੇ ਜ਼ਰੂਰਤਾਂ ਦੇ ਵਾਧੇ ਕਾਰਨ ਇਹ ਕਰਮ-ਕਾਂਡ ਵੀ ਪੇਚੀਦਾ ਹੁੰਦੇ ਗਏ। ਹੁਣ ਆਮ ਵਿਅਕਤੀ ਲਈ ਇਹ ਜੀਅ ਦਾ ਜ਼ੰਜਾਲ ਬਣ ਗਏ। ਲੋਕਾਂ ਲਈ ਇਨ੍ਹਾਂ ਦੀ ਪਾਲਣਾ ਕਰਨੀ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਸਮਾਜ ਤੋਂ ਬਿਨਾਂ ਰਹਿਣਾ ਸੰਭਵ ਨਹੀਂ ਸੀ। ਇਸ ਤਰ੍ਹਾਂ ਹਿੰਦੂ ਧਰਮ ਜਟਿਲ ਹੋਰ ਜਟਿਲ ਹੁੰਦਾ ਗਿਆ।
527 ਈਸਵੀਂ ਪੂਰਬ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ। ਉਸ ਨੇ ਇਸ ਗਿਆਨ ਨੂੰ ਲੋਕਾਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਆਮ ਜਨਤਾ ਜੋ ਜਟਿਲ ਹਿੰਦੂ ਰੀਤੀ-ਰਿਵਾਜਾਂ ਅਤੇ ਜਾਤੀ ਭੇਦਭਾਵ ਤੋਂ ਅੱਕ ਚੁੱਕੀ ਸੀ, ਨੇ ਬੁੱਧ ਦੀ ਵਿਚਾਰਧਾਰਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੌਲ਼ੀ-ਹੌਲ਼ੀ ਬੁੱਧ ਧਰਮ ਸਾਰੇ ਭਾਰਤ ਅਤੇ ਆਲ਼ੇ-ਦੁਆਲ਼ੇ ਦੇ ਗੁਆਂਢੀ ਮੁਲਕਾਂ ਵਿਚ ਤੇਜ਼ੀ ਨਾਲ਼ ਫੈਲਣ ਲੱਗਾ।
30 ਤੋਂ 36 ਈਸਵੀਂ ਦੇ ਕਰੀਬ ਈਸਾ ਮਸੀਹ ਦੀ ਮੌਤ ਤੋਂ ਪਿੱਛੋਂ ਉਸ ਦੇ ਚੇਲਿਆਂ ਨੇ ਈਸਾ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਗ਼ਰੀਬਾਂ ਦਾ ਮਸੀਹਾ ਹੋਣ ਕਰਕੇ ਆਮ ਲੋਕਾਂ ਨੇ ਉਸ ਦੀਆਂ ਸਿੱਖਿਆਵਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹ ਧਰਮ ਵੀ ਤੇਜ਼ੀ ਨਾਲ਼ ਫੈਲਿਆ, ਪਰ ਭਾਰਤ ਵਿੱਚ ਇਹ ਧਰਮ ਅੰਗਰੇਜ਼ੀ ਹਕੂਮਤ-ਕਾਲ ਵਿਚ ਫੈਲਿਆ।
ਤੁਰਕਾਂ ਅਤੇ ਮੁਗ਼ਲ਼ਾਂ ਦੇ ਹਮਲਿਆਂ ਤੋਂ ਪਿੱਛੋਂ ਜਦੋਂ ਉਹਨਾਂ ਨੇ ਉੱਤਰੀ ਰਸਤੇ ਰਾਹੀਂ ਸਾਰੇ ਭਾਰਤ ‘ਤੇ ਕਬਜ਼ਾ ਕਰ ਲਿਆ ਤਾਂ ਮੁਸਲਿਮ ਧਰਮ ਦਾ ਫੈਲਾਅ ਹੋਣ ਲੱਗਾ। ਆਮ ਲੋਕ ਅਜੇ ਵੀ ਜਾਤੀ ਭੇਦਭਾਵ ਕਾਰਨ ਦੁਖੀ ਸਨ। ਸਿੱਟੇ ਵਜੋਂ ਉਹਨਾਂ ਨੇ ਵਿਦੇਸੀ ਹਮਲਾਵਰਾਂ ਦਾ ਸਾਥ ਦਿੱਤਾ। ਉਹਨਾਂ ਨੇ ਮੁਸਲਮਾਨਾਂ ਦੇ ਸੂਫ਼ੀ ਭਾਵ ਨੂੰ ਕਬੂਲਦਿਆਂ ਹੋਇਆਂ ਮੁਸਲਿਮ ਧਰਮ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਬਾਬਾ ਫਰੀਦ ਜੀ ਇਸ ਦੀ ਬਹੁਤ ਜਾਨਦਾਰ ਉਦਾਹਰਣ ਹਨ। ਉਹਨਾਂ ਲਿਖਿਆ :-
” ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖ
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ “
ਮੁਸਲਮਾਨ ਭਾਈਚਾਰੇ ਵਿਚ ਦੋ ਫਿਰਕੇ ਸਨ : ਸੁੰਨੀ ਅਤੇ ਸੀਆ। ਇਕ ਫਿਰਕਾ ਨੇ ਆਪਣੇ ਧਰਮ ਦੇ ਫੈਲਾਅ ਲਈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ‘ਤੇ ਅਨੇਕਾਂ ਜ਼ੁਲਮ ਕੀਤੇ। ਸ਼੍ਰੀ ਗੁਰੂ ਅਰਜਨ ਦੇਵ ਜੀ, ਤੇਗ਼ ਬਹਾਦਰ ਜੀ, ਅਤੇ ਅਨੇਕਾਂ ਹੋਰ ਹਸਤੀਆਂ ਦੀਆਂ ਕੁਰਬਾਨੀਆਂ ਇਸ ਜ਼ੁਲਮ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਹਨ। ਇਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀਂ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਧਰਮ ਦੀ ਨੀਂਹ ਰੱਖੀ। ਅੱਜ ਇਹੀ ਧਰਮ ਪੰਜਾਬੀਆਂ ਦੀ ਵਿਸ਼ੇਸ਼ ਦਿੱਖ ਅਤੇ ਪਹਿਚਾਣ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹਨਾਂ ਦੀ ਵੱਖਰੀ ਪਹਿਚਾਣ ਨੇ ਇਹਨਾਂ ਦੀ ਮਹੱਤਤਾ ਨੂੰ ਵਿਸ਼ਵਵਿਆਪੀ ਬਣਾ ਦਿੱਤਾ ਹੈ।
ਦੁਨੀਆਂ ਦਾ ਕੋਈ ਵੀ ਕੋਨਾ ਹੋਵੇ ਜਿੱਥੇ ਕਿਤੇ ਕੋਈ ਕੁਦਰਤੀ, ਸਮਾਜਿਕ ਜਾਂ ਆਰਥਿਕ ਆਫਤ ਆਏ ਪੰਜਾਬੀ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਆਪਣੀ ਹੋਂਦ ਅਤੇ ਅਸਤਿਤਵ ਦਾ ਸਬੂਤ ਦਿੰਦੇ ਹਨ। ਮੁਸ਼ਕਲਾਂ ਨਾਲ਼ ਲੜਨਾ ਅਤੇ ਉਨ੍ਹਾਂ ਨੂੰ ਵੰਗਾਰਨਾ ਪੰਜਾਬੀਆਂ ਦਾ ਸੁਭਾਅ ਹੈ। ਇਹਨਾਂ ਮੁਸ਼ਕਲਾਂ ਨਾਲ਼ ਦੋ-ਦੋ ਹੱਥ ਕਰਨੇ ਵੀ ਪੰਜਾਬੀਆਂ ਨੂੰ ਖ਼ੂਬ ਆਉਂਦੇ ਹਨ। ਪੰਜਾਬੀ ਜਦੋਂ ਵਿਸ਼ਵ ਪੱਧਰ ‘ਤੇ ਵਿਚਰਦੇ ਹਨ ਤਾਂ ਉਹਨਾਂ ਦਾ ਇੱਕੋ ਧਰਮ ਹੁੰਦਾ ਹੈ – ਖਾਲਸ ਇਨਸਾਨੀਅਤ। ਉਹ ਕਦੇ ਵੀ ਆਪਣੇ ਆਪ ਨੂੰ ਛੋਟੇ-ਛੋਟੇ ਦਾਇਰਿਆਂ ਵਿਚ ਬੰਨ ਕੇ ਨਹੀਂ ਰੱਖਦੇ ਬਲਕਿ ਸਭ ਧਰਮਾਂ ਦੇ ਲੋਕਾਂ ਵਿਚ ਉਸ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਨੂੰ ਹੀ ਮਹਿਸੂਸ ਕਰਦੇ ਹਨ। ਉਹ ਝੁਕਦੇ ਹਨ ਤਾਂ ਸਿਰਫ਼ ਅਕਾਲ ਪੁਰਖ ਅੱਗੇ ਜਾਂ ਫਿਰ ਆਪਣੇ ਫਰਜ਼ਾਂ ਪ੍ਰਤੀ।
ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ‘ਤੇ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਹਰ ਪ੍ਰਕਾਰ ਦੀ ਧਾਰਮਿਕ ਕੱਟੜਤਾ ਦਾ ਸਦਾ ਵਿਰੋਧ ਕੀਤਾ ਹੈ ਪਰ ਹਰ ਧਰਮ ਅਤੇ ਜਾਤੀ ਦੀ ਚੰਗਿਆਈ ਨੂੰ ਸਵਿਕਾਰਿਆ ਹੈ ਅਤੇ ਉਸ ਦਾ ਸਤਿਕਾਰ ਵੀ ਕੀਤਾ ਹੈ। ਅੱਜ ਵਿਸ਼ਵ ਦੇ ਹਰ ਮੁਲਖ ਵਿਚ ਪੰਜਾਬੀ ਪਹੁੰਚ ਚੁੱਕਿਆ ਹੈ। ਉਸ ਨੇ ਉੱਥੇ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ। ਆਪਣੇ ਆਲ਼ੇ-ਦੁਆਲ਼ੇ ਆਪਣੀ ਮਹਿਕ ਖਿਲਾਰ ਕੇ ਆਪਣੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੱਤਾ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ :
” ਮੰਨਣ ਬਸ ਆਪਣੀ ਜਵਾਨੀ ਦੇ ਜੋਰ ਨੂੰ
ਅੱਖੜਖਾਂਦ, ਅਲਬੇਲਾ, ਧੁਰ ਥਾਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ। “
ਐਵੇਂ ਹੀ ਨਹੀਂ ਕਿਹਾ ਜਾਂਦਾ ” ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ” । ਦੂਸਰਿਆਂ ਲਈ ਆਪਾ ਕੁਰਬਾਨ ਕਰਨਾ ਇਸ ਦਾ ਮੁੱਢ ਕਦੀਮਾਂ ਦਾ ਸੁਭਾਅ ਹੈ। ਗੁਰੂ ਨਾਨਕ ਦੇਵ ਜੀ ਦਾ ਸਾਥੀ ਮਰਦਾਨਾ ਮੁਸਲਮਾਨ ਸੀ, ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਲਈ ਸ਼ਹੀਦੀ ਦਿੱਤੀ, ਭਾਈ ਘਨੱਈਆ ਜੀ ਨੇ ਧਰਮ ਨੂੰ ਅੱਖੋਂ ਪਰੋਖੇ ਕਰਕੇ ਸਭ ਦੀ ਸੰਭਾਲ ਕੀਤੀ, ਅੰਗਰੇਜ਼ੀ ਹਕੂਮਤ ਵਿਚ ਸਿੱਖ ਰੈਜੀਮੈਂਟ ਦਾ ਆਪਣਾ ਵਿਸ਼ੇਸ਼ ਰੁਤਬਾ ਸੀ। ਅੱਜ ਵੀ ਜਦੋਂ ਕੋਈ ਅਣਜਾਣ ਵਿਅਕਤੀ ਕਿਸੇ ਮੁਸ਼ਕਲ ਵਿਚ ਘਿਰ ਜਾਂਦਾ ਹੈ ਤਾਂ ਇੱਕ ਦਸਤਾਰਧਾਰੀ ਸਿੰਘ-ਸਿੰਘਣੀ ਨੂੰ ਵੇਖ ਕੇ ਮਹਿਸੂਸ ਕਰਦਾ ਹੈ ਕਿ ਉਸ ਦੀ ਮੁਸ਼ਕਲ ਹੁਣ ਆਖਰੀ ਸਾਹਾਂ ‘ਤੇ ਹੈ। ” ਖਾਲਸਾ ਮੇਰੋ ਰੂਪ ਹੈ ਏਕ ” ਮਹਾਂਵਾਕ ਪੰਜਾਬੀਆਂ ਦੀ ਵੱਖ ਵੱਖ ਧਰਮਾਂ ਪ੍ਰਤੀ ਪਹੁੰਚ ਨੂੰ ਇਕ ਡੋਰ ਵਿਚ ਪ੍ਰੋਣ ਲਈ ਕਾਫੀ ਹੈ।
ਭਾਰਤ ਵਿਚ ਚੱਲੇ ਕਿਸਾਨੀ ਸੰਘਰਸ਼ ਵਿਚ ਵੀ ਪੰਜਾਬੀਆਂ ਨੇ ਆਪਣੀ ਮਾਨਵਤਾ ਦਾ ਲੋਹਾ ਮਨਵਾਇਆ। ਪੂਰੀ ਦੁਨੀਆਂ ਦੇ ਵੱਖ ਵੱਖ ਥਾਵਾਂ ‘ਤੇ ਵੱਸੇ ਪੰਜਾਬੀਆਂ ਨੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਦਿੱਲੀ ਵਿਚ ਇਕ ਲਾ-ਮਿਸਾਲ ਪੰਜਾਬ ਵਸਾ ਦਿੱਤਾ। ਇਸੇ ਦੌਰਾਨ ਹੀ ਵਿਸ਼ਵ ਵਿਚ ਫੈਲੀ ਮਹਾਂਮਾਰੀ ਕਰੋਨਾ ਦੌਰਾਨ ਜਦੋਂ ਲੋਕ ਭੁੱਖ ਅਤੇ ਬਿਮਾਰੀ ਨਾਲ਼ ਲੜ ਰਹੇ ਸਨ ਤਾਂ ਪੰਜਾਬੀਆਂ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਧਰਮ-ਨਿਰਪੱਖ ਹੋ ਕੇ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਕੇ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦੀ ਇਕ ਅਨੋਖੀ ਮਿਸਾਲ ਪੈਦਾ ਕੀਤੀ। ਖਾਲਸਾ ਏਡ ਅਤੇ ਹੋਰ ਕਈ ਜਥੇਬੰਦੀਆਂ ਨੇ ਮੁਫ਼ਤ ਲੰਗਰ ਸੇਵਾ ਕਰਕੇ ਹਰ ਪੰਜਾਬੀ ਦਾ ਸੀਨਾ ਚੌੜਾ ਕੀਤਾ।
ਪੰਜਾਬੀ ਭਾਂਵੇ ਕਿਸੇ ਵੀ ਧਰਮ ਨਾਲ਼ ਹੀ ਸਬੰਧਿਤ ਕਿਉਂ ਨਾ ਹੋਣ, ਉਹ ਮਾਨਵਤਾ ਦੀ ਵਿਚਾਰਧਾਰਾ ਨੂੰ ਸਦਾ ਅਪਣਾਉਂਦੇ ਹਨ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਇੱਥੇ ਹਰ ਧਰਮ ਦੇ ਬੀਜ ਪ੍ਰਫੁੱਲਿਤ ਹੋਏ ਹਨ। ਹਰ ਇਕ ਨੂੰ ਗਲ ਨਾਲ਼ ਲਾਉਣਾ ਪੰਜਾਬੀਆਂ ਦੀ ਵਿਸ਼ੇਸ਼ਤਾ ਰਹੀ ਹੈ। ਨਿਰ-ਸੁਆਰਥ ਸੇਵਾ ਇਹਨਾਂ ਦਾ ਕਰਮ ਰਿਹਾ ਹੈ।
” ਕਿਰਤ ਕਰੋ – ਨਾਮ ਜਪੋ – ਵੰਡ ਛਕੋ ” ਇਹਨਾਂ ਦੇ ਜੀਵਨ ਦਾ ਆਧਾਰ ਬਣ ਚੁੱਕਾ ਹੈ।
ਰੂਸ-ਯੂਕਰੇਨ ਜੰਗ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਉੱਥੇ ਪਹੁੰਚ ਜਾਣਾ ਇਹਨਾਂ ਦੇ ਵਿਸ਼ਵ-ਵਿਆਪੀ ਹੋਣ ਦੀ ਮੂੰਹੋਂ ਬੋਲਦੀ ਤਸਵੀਰ ਨੂੰ ਪੇਸ਼ ਕਰਨ ਲਈ ਕਾਫ਼ੀ ਹੈ। ਜਿੱਥੇ ਕੁਝ ਲੋਕਾਂ ਦਾ ਮਕਸਦ ਕੇਵਲ ਅਸ਼ਾਂਤੀ ਫੈਲਾਉਣਾ ਅਤੇ ਤਬਾਹੀ ਹੀ ਹੈ, ਉੱਥੇ ਪੰਜਾਬੀਆਂ ਦਾ ਮਕਸਦ ਕੇਵਲ ਆਬਾਦੀ ਅਤੇ ਵਿਸ਼ਵ ਸ਼ਾਂਤੀ ਤੋਂ ਵੱਧ ਕੁਝ ਨਹੀਂ। ਇਹ ਜਿੱਥੇ ਵੀ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਦਾ ਨਾ ਕੇਵਲ ਪ੍ਰਚਾਰ ਹੀ ਕਰਦੇ ਬਲਕਿ ਕਰਕੇ ਵੀ ਵਿਖਾਉਂਦੇ ਹਨ।
” ਪਿਆਰ ਦਾ ਨਾਮ ਇਹਨਾਂ ਸਿੱਖਿਆ
ਦਿਲ ਜਾਨ ਵਾਰਨ, ਇਹ ਪਿਆਰ ‘ਤੇ
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ। “
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly