(ਸਮਾਜ ਵੀਕਲੀ)
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ
ਲੈਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ।
ਮਾਂ ਸ਼ਬਦ ਕਹਿੰਦਿਆਂ ਹੀ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ। ਮਾਂ ਸ਼ਬਦ ਦਾ ਅਰਥ ਹੈ ਮਮਤਾ ਦੀ ਦੇਵੀ, ਅਰਥਾਤ ਪਿਆਰ ਨਾਲ ਭਰੀ ਹੋਈ ਮੂਰਤੀ। ਮਾਂ ਪਿਆਰ ਦਾ ਅਥਾਹ ਸਮੁੰਦਰ ਹੈ। ਇਸੇ ਲਈ ਫੀਰੋਜ਼ਦੀਨ ਸ਼ਰਫ ਆਪਣੀ ਕਵਿਤਾ
‘ਮਾਂ ਦਾ ਦਿਲ’ ਵਿੱਚ ਲਿਖਦੇ ਹਨ:
ਮਾਂ ਛਾਂ ਜਿੰਦਗੀ ਦੇ ਨਿੱਕੜੇ ਜਿਹੇ ਦਿਲ ਵਿੱਚ ਸੋਮਾ ਉਹ ਮੁੱਹਬਤਾਂ ਦਾ ਰੱਬ ਨੇ ਪਸਾਰਿਆ।
ਅੱਜ ਤੀਕਣ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ,
ਮਾਰ -ਮਾਰ ਟੁੱਭੀਆਂ ਹੈ ਸਾਰਾ ਜੱਗ ਹਾਰਿਆ।
ਮਾਂ ਜਿਸਨੇ ਸਿਰਫ ਸਾਨੂੰ ਜਨਮ ਹੀ ਨਹੀਂ ਦਿੱਤਾ, ਸਗੋਂ ਦੁੱਖ, ਹਨੇਰੀ, ਧੁੱਪ, ਛਾਂ ਅਤੇ ਇਸ ਦੁਨੀਆਂ ਦੀਆਂ ਭੈੜੀਆਂ ਨਜ਼ਰਾਂ ਤੋਂ ਸਾਨੂੰ ਆਪਣੇ ਪਿਆਰ ਤੇ ਮਮਤਾ ਦੀ ਭਰੀ ਬੁੱਕਲ ਵਿੱਚੋਂ ਲੱਕੋ ਕੇ ਬਚਾਉਂਦੀ ਹੈ। ਮਾਂ ਦਾ ਦਰਜਾ ਰੱਬ ਸਮਾਨ ਹੈ।
ਮੈਂ ਤਾਂ ਕਹਾਂਗੀ ਕਿ ਰੱਬ ਤੋਂ ਵੀ ਉੱਪਰ ਹੈ ਕਿਉਂਕਿ ਰੱਬ ਨੂੰ ਪਾਉਣ ਲਈ ਭਗਤੀ ਕਰਨੀ ਪੈਂਦੀ ਹੈ, ਤਪ ਕਰਨਾ ਪੈਂਦਾ ਹੈ ਪਰ ਮਾਂ ਤੇ ਜਨਮ ਸਮੇਂ ਤੋਂ ਹੀ ਸਾਡੇ ਨਾਲ ਹੁੰਦੀ ਹੈ। ਹਰ ਦੁੱਖ -ਸੁੱਖ ਵਿੱਚ ਹਮੇਸ਼ਾ ਸਾਥ ਦਿੰਦੀ ਹੈ। ਮਾਂ ਇੱਕ ਭੈਣ, ਪਤਨੀ, ਭਰਜਾਈ , ਨਨਾਨ ਵੀ ਹੈ ਪਰ ਮਾਂ ਨੂੰ ਛੱਡ ਕੇ ਬਾਕੀ ਸਾਰੇ ਰਿਸ਼ਤੇ ਕਿਸੇ ਨਾਲ ਕਿਸੇ ਸਵਾਰਥ ਨਾਲ ਬੱਝੇ ਹੋਏ ਹਨ ਪਰ ਇੱਕ ਮਾਂ ਦਾ ਰਿਸ਼ਤਾ ਹੀ ਇਹੋ ਜਿਹਾ ਹੈ ਜੋ ਸਵਾਰਥ ਰਹਿਤ ਹੈ। ਉਹ ਆਪਣੇ ਧੀ-ਪੁੱਤਰਾਂ ਲਈ ਹਰ ਤਰਾਂ ਦਾ ਤਿਆਗ, ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ। ਆਪਣੀਆਂ ਲੋੜਾਂ ਭੁੱਲ ਕੇ ਸਿਰਫ਼ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਦੀ ਹੈ ।
ਆਪਣੇ ਬੱਚੇ ਨੂੰ ਸੁੱਕੀ ਥਾਂ ਤੇ ਪਾ ਕੇ ਆਪ ਗਿੱਲੀ ਥਾਂ ਤੇ ਸੌਣਾ ਅਤੇ ਆਪ ਭੁੱਖੇ ਰਹਿ ਕੇ ਆਪਣੇ ਬੱਚੇ ਦਾ ਪੇਟ ਭਰਨਾ, ਸਿਰਫ ਇੰਨੀ ਸ਼ਕਤੀ ਮਾਂ ਵਿੱਚ ਹੀ ਹੁੰਦੀ ਹੈ। ਜਿਸ ਤਰਾਂ ਉਹ ਰੱਬ ਸਭ ਦਾ ਪਾਲਣ-ਪੋਸ਼ਣ ਕਰਦਾ ਹੈ, ਨਿਆਸਰਿਆਂ ਦਾ ਆਸਰਾ ਬਣਦਾ ਹੈ, ਉਸੇ ਤਰਾਂ ਸਿਰਫ ਮਾਂ ਹੈ, ਜਿਸਨੂੰ ਇਹ ਫਿਕਰ ਹੁੰਦਾ ਹੈ ਕਿ ਉਸਦੇ ਬੱਚਿਆਂ ਦੀਆਂ ਕੀ ਲੋੜਾਂ ਹਨ ਅਤੇ ਉਸਨੇ ਕਿਸ ਤਰ੍ਹਾਂ ਉਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ।
ਪਰ ਬੜੀ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਕਈ ਘਰਾਂ ਵਿੱਚ ਮਾਂ ਨੂੰ ਬੋਝ ਸਮਝਿਆ ਜਾਂਦਾ ਹੈ। ਨੂੰਹ-ਪੁੱਤ ਪੈਸੇ ਦੀ ਦੌੜ ਵਿੱਚ ਅਜਿਹੇ ਲੱਗੇ ਹੋਏ ਹਨ ਕਿ ਉਹਨਾਂ ਨੂੰ ਮਾਂ ਅਤੇ ਆਪਣੇ ਬਜ਼ੁਰਗਾਂ ਕੋਲ ਬੈਠਣ ਦਾ ਸਮਾਂ ਹੀ ਨਹੀਂ। ਪੋਤੇ -ਪੋਤਰੀਆਂ ਵੀ ਜੋ ਕਿ ਦਾਦੇ ਦਾਦੀ ਨੂੰ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਹਨ, ਕੋਲ ਬੈਠਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਜੇਕਰ ਉਹ ਗਲਤ ਕੰਮ ਤੋਂ ਟੋਕ ਦੇਣ ਤਾਂ ਉਹ ਪਲਟ ਕੇ ਜਵਾਬ ਦੇ ਦਿੰਦੇ ਹਨ। ਦਾਦਾ ਦਾਦੀ ਬੱਚਿਆਂ ਦੇ ਇਸ ਵਰਤਾਅ ਤੋਂ ਬਹੁਤ ਦੁਖੀ ਹੁੰਦੇ ਹਨ।
ਮੈਂ ਤਾਂ ਸੋਚਦੀ ਹਾਂ ਕਿ “ਕੀ , ਫਾਇਦਾ ਮਰਨ ਤੋਂ ਬਾਅਦ ਲੰਗਰ ਲਾਉਣ ਦਾ, ਜੇਕਰ ਜੀਉਂਦਿਆਂ ਜੀ ਮਾਂ ਨੂੰ ਪੁੱਛਣਾ ਨਹੀਂ, ਉਸਦੀ ਕਦਰ ਨਹੀਂ ਕਰਨੀ। ਅੱਜ ਤਾਂ ਸਾਡੀ ਉਹ ਹਾਲਤ ਹੈ “ਜਿਉਂਦਿਆਂ ਨੂੰ ਡਾਗਾਂ ਤੇ ਮੋਇਆਂ ਨੂੰ ਬਾਂਗਾ” । ਜੇਕਰ ਮਾਂ ਦੇ ਜਿਉਂਦਿਆਂ ਜੀ ਉਸਦਾ ਹਾਲ ਪੁੱਛ ਲਿਆ ਜਾਵੇ, ਉਸ ਦੇ ਕੋਲ ਦੋ ਪਲ ਬੈਠ ਕੇ ਦੁੱਖ-ਸੁੱਖ ਫੋਲ ਲਿਆ ਜਾਵੇ ਉਸਨੂੰ ਕਿਸੇ ਕਿਸੇ ਚੀਜ਼ ਦੀ ਲੋੜ ਤਾਂ ਨਹੀ, ਤਾਂ ਇੰਨੇ ਵਿੱਚ ਹੀ ਮਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਨੂੰਹ ਇਹ ਨਹੀਂ ਸੋਚਦੀ ਕਿ ਉਸਨੇ ਸਦਾ ਨੂੰਹ ਨਹੀਂ ਰਹਿਣਾ ।
ਉਸਨੇ ਵੀ ਕਦੀ ਸੱਸ ਬਣਨਾ ਹੈ । ਮਾਂ ਭਾਵੇਂ ਆਪਣੀ ਹੋਵੇ ਜਾਂ ਫਿਰ ਪਤੀ ਦੀ ਮਾਂ ਤੇ ਮਾਂ ਹੈ। ਜਿਸਨੇ ਸਾਨੂੰ ਪਾਲਣ ਲਈ ਸਾਰੇ ਕਸ਼ਟ ਆਪਣੇ ਸੀਨੇ ਤੇ ਜ਼ਰੇ ਹਨ। ਸੱਚ ਆਖਦੇ ਨੇ ਕਿ ਕਿਸੇ ਚੀਜ਼ ਦੀ ਅਹਿਮੀਅਤ ਸਾਨੂੰ ਉਦੋਂ ਹੀ ਪਤਾ ਚਲਦੀ ਹੈ ਜਦੋਂ ਉਹ ਚੀਜ਼ ਸਾਥੋਂ ਖੋਹੀ ਜਾਵੇ ਜਾਂ ਦੂਰ ਚਲੀ ਜਾਵੇ। ਮਾਂ ਦੀ ਕੀ ਅਹਿਮੀਅਤ ਹੈ ਇਹ ਉਹਨਾਂ ਬਦਕਿਸਮਤ ਧੀਆਂ ਪੁੱਤਾਂ ਨੂੰ ਪੁੱਛ ਕੇ ਵੇਖੋ, ਜਿਨਾਂ ਦੀ ਜਿੰਦਗੀ ਵਿੱਚ ਜਨਮ ਦੇਣ ਵਾਲੀਆਂ ਮਾਵਾਂ ਨਹੀਂ ਰਹੀਆਂ । ਰੱਬਾ ਕਦੀ ਵੀ ਬੱਚਿਆਂ ਨੂੰ ਮਾਂ ਦਾ ਵਿਛੋੜਾ ਨਾ ਸਹਿਣਾ ਪਵੇ । ਇੱਕ ਸ਼ਾਇਰ ਮਾਂ ਤੋਂ ਪਏ ਵਿਛੋੜੇ ਦਾ ਦਰਦ ਦੱਸਦਿਆ ਆਖਦਾ ਹੈ:
ਕੱਲਿਆ ਛੱਡ ਕੇ ਮਾਂ ਤੁਰ ਗਈ ਏ।
ਏਦਾ ਲਗਦਾ ਛਾਂ ਤੁਰ ਗਈ ਏ।
ਸ਼ਾਇਦ ਹੀ ਹੁਣ ਨੀਂਦਰ ਆਵੇ
ਸਿਰ ਦੇ ਹੇਠੋਂ ਬਾਂਹ ਤੁਰ ਗਈ ਏ।
ਧੀਆਂ ਲਈ ਤਾਂ ਮਾਵਾਂ ਤੋਂ ਨੇੜੇ ਦਾ ਕੋਈ ਸਾਕ ਹੀ ਨਹੀਂ। ਮਾਂ ਧੀ ਦੀ ਸਹੇਲੀ ਵੀ ਹੈ, ਹਮਰਾਜ ਵੀ ਹੈ ਤੇ ਮਾਰਗ ਦਰਸ਼ਕ ਵੀ । ਜਦੋਂ ਧੀ ਸਹੁਰੇ ਘਰ ਤੋਂ ਮਾਂ ਘਰ ਆਉਦੀਂ ਹੈ ਤਾਂ ਸਭ ਤੋਂ ਜਿਆਦਾ ਖੁਸ਼ੀ ਮਾਂ ਨੂੰ ਹੀ ਹੁੰਦੀ ਹੈ ਤੇ ਜੇ ਮਾਂ ਦੁਨੀਆ ਤੋਂ ਨਾ ਰਹੇ ਤਾਂ ਪੇਕਾ ਘਰ ਸੁੰਨਾ-ਸੁੰਨਾ ਲਗਦਾ ਹੈ।
ਮਾਂ ਵਰਗਾ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ। ਆਉ! ਅਸੀਂ ਅੱਜ ਪ੍ਰਣ ਕਰ ਲਈਏ ਕਿ ਆਪਣੀ ਮਾਂ ਦੇ ਬਲਿਦਾਨ ਨੂੰ ਕਦੇ ਵਿਅਰਥ ਨਹੀਂ ਹੋਣ ਦੇਣਾ। ਉਸਦੇ ਸੁਪਨੇ ਪੂਰੇ ਕਰਨਾ ਸਿਰਫ ਸਾਡਾ ਹੀ ਫਰਜ਼ ਹੈ।
ਉਂਝ ਦੁਨੀਆਂ ਤੇ ਪਰਬਤ ਲੱਖਾਂ ,
ਕੁੱਝ ਉਸ ਤੋਂ ਉੱਚੀਆਂ ਥਾਵਾਂ ਨੇ
ਕੰਡੇ ਜਿੰਨਾਂ ਛੁਪਾ ਲਏ ਹਿੱਕ ਵਿੱਚ
ਕੁਝ ਕੁ ਐਸੀਆਂ ਰਾਵਾਂ ਨੇ
ਚੀਸਾਂ ਲੈ ਅਸੀਸਾਂ ਦੇਂਦੀ
ਜਖਮਾਂ ਬਦਲੇ ਕਸਮਾਂ ਵੇ
ਆਪਣੇ ਲਈ, ਕਦੇ ਵੀ ਕੁਝ ਨਹੀ ਮੰਗਿਆ
ਉਸ ਰੱਬ ਰੂਪੀ ਮਾਵਾਂ ਨੇ।
ਨੀਟਾ ਭਾਟੀਆ
ਪੰਜਾਬੀ ਮਿਸਟ੍ਰੈਸ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly