ਅਧਿਆਪਕਾਂ ਲਈ ਇੰਡੀਅਨ ਸਕੂਲ ਆਫ ਬਿਜਨੈਸ ਮੁਹਾਲੀ ਦੇ ਸਹਿਯੋਗ ਨਾਲ ਐਡਵਾਂਸ ਟ੍ਰੇਨਿੰਗ ਵਿਚ ਸਰਟੀਫਿਕੇਟ ਕੋਰਸਾਂ ਦੀ ਸ਼ੁਰੂਆਤ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਵਲੋਂ ਮਾਸਟਰ ਕੇਡਰ ਦੇ ਨਵ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਅਤੇ ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਵਿਚ ਵਾਧਾ ਕਰਨ ਦੇ ਮੰਤਵ ਨਾਲ ਐਡਵਾਂਸ ਟਰੇਨਿੰਗ ਬਾਰੇ ਕੋਰਸ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਰਵਾਈ ਗਈ। ਉਨਾਂ ਅੱਜ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਅਦਿੱਤਿਆ ਉੱਪਲ ਅਤੇ ਹੋਰ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਵਲੋ ਇਸ ਸਬੰਧੀ ਕਰਵਾਏ ਗਏ ਆਨ ਲਾਈਨ ਪ੍ਰੋਗਰਾਮ ਵਿਚ ਹਿੱਸਾ ਲਿਆ ।
ਉਨਾਂ ਇਸ ਮੌਕੇ ਕਪੂਰਥਲਾ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਅਧਿਆਪਕਾਂ ਵਲੋ ਕੀਤੀ ਮਿਹਨਤ ਨਾਲ ਹੀ ਸੂਬੇ ਵਿਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ। ਉਨਾਂ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਦੇ ਨਾਲ ਨਿਰੋਏ ਸਮਾਜ ਦੀ ਸਿਰਜਨਾ ਕਰਨ ਲਈ ਡਟ ਕੇ ਕੰਮ ਕਰਨ। ਇਸ ਤੋਂ ਇਲਾਵਾ ਉਨਾਂ ਕਪੂਰਥਲਾ ਜ਼ਿਲ੍ਹੇ ਵਿਚ ਅਧਿਆਪਕਾਂ ਨੂੰ ਨਵੀਨਤਮ ਤਕਨੀਕਾਂ ਦੀ ਪੜਾਈ ਵਿਚ ਵਰਤੋਂ, ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਵਧਾਉਣ ਅਤੇ ਉਨਾਂ ਨੂੰ ਤਕਨੀਕੀ ਤੌਰ ਤੇ ਸਮਰੱਥ ਬਣਾਉਣ ਲਈ ਇੰਡੀਅਨ ਸਕੂਲ ਆਫ ਬਿਜਨੈਸ ਮੁਹਾਲੀ ਦੇ ਸਹਿਯੋਗ ਨਾਲ ਅਡਵਾਂਸ ਟ੍ਰੇਨਿੰਗ ਵਿਚ ਸਰਟੀਫਿਕੇਟ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ।
ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿਚ ਦਵਿੰਦਰ ਪਾਲ ਸਿੰਘ, ਦਰਸ਼ਨ ਲਾਲ,ਪੂਜਾ,ਪਰਮਵੀਰ ਕੌਰ ਅਤੇ ਸੰਦੀਪ ਕੁਮਾਰੀ ਸ਼ਾਮਲ ਸਨ। ਨਵੇਂ ਚੁਣੇ ਗਏ ਅਧਿਆਪਕਾਂ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਅਦਾ ਕਰਨਗੇ।
ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ,ਗੁਰਦੀਪ ਸਿੰਘ ਗਿੱਲ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ ਸਿ), ਬਿਕਰਮਜੀਤ ਸਿੰਘ ਥਿੰਦ ਉਪ ਜ਼ਿਲ੍ਹਾ ਸਿਖਿਆ ਅਧਿਕਾਰੀ (ਸੈ ਸਿ ), ਗੁਰਭਜਨ ਸਿੰਘ ਲਾਸਾਨੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿ), ਨੰਦਾ ਧਵਨ ਉਪ ਜ਼ਿਲ੍ਹਾ ਸਿਖਿਆ ਅਧਿਕਾਰੀ (ਐਲੀ ਸਿ) ਆਦਿ ਅਧਿਕਾਰੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly