ਕਿਸੇ ਵੀ ਤਰ੍ਹਾਂ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ – ਡਾ ਜਗਦੀਪ ਸਿੰਘ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਯੋਗ ਅਗਵਾਈ ਵਿੱਚ ਐੰਟੀ ਲਾਰਵਾ ਟੀਮ ਵੱਲੋਂ ਬੀਤੇ ਦਿਨ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਘਰਾਂ ਅਤੇ ਸਕੂਲਾਂ ਕਾਲਜਾਂ ਵਿੱਚ ਵਿਜਿਟ ਕੀਤਾ ਗਿਆ।
ਡਾ ਜਗਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਹੁਣ ਤੱਕ 112774 ਘਰਾਂ/ਦੁਕਾਨਾਂ/ਦਫ਼ਤਰਾਂ ਆਦਿ ਦਾ ਸਰਵੇ ਕੀਤਾ ਗਿਆ ਹੈ ਅਤੇ 3780 ਘਰਾਂ/ਮੁਹੱਲਿਆਂ/ਦੁਕਾਨਾਂ ਆਦਿ ਵਿੱਚ ਮੱਛਰ ਦੇ ਲਾਰਵੇ ਪਾਏ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ‘ਤੇ ਹੀ ਕੰਟੇਨਰਾਂ ‘ਚੋਂ ਪਾਣੀ ਕੱਢ ਕੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕੰਟੇਨਰਾਂ ਨੂੰ ਤੁਰੰਤ ਖਾਲੀ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ‘ਤੇ ਲਾਰਵੀਸਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਲਾਰਵਾ ਮਾਰਿਆ ਜਾ ਸਕੇ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਜ਼ਿਆਦਾਤਰ ਮਰੀਜ਼ ਢੁਕਵੇਂ ਆਰਾਮ, ਤਰਲ ਪਦਾਰਥ ਦੇ ਸੇਵਨ ਅਤੇ ਸਹੀ ਡਾਕਟਰੀ ਸਲਾਹ ਅਤੇ ਇਲਾਜ ਨਾਲ ਆਪਣੇ ਆਪ ਠੀਕ ਹੋ ਜਾਂਦੇ ਹਨ ਪਰ ਕੁਝ ਮਾਮਲਿਆਂ ਵਿੱਚ ਡੇਂਗੂ ਗੰਭੀਰ ਰੂਪ ਲੈ ਸਕਦਾ ਹੈ ਜੋ ਜਾਨਲੇਵਾ ਹੋ ਸਕਦਾ ਹੈ। ਡੇਂਗੂ ਦੇ ਖਤਰੇ ਵਾਲੇ ਕੁਝ ਲੱਛਣ ਜਿਵੇਂ ਲਗਾਤਾਰ ਉਲਟੀਆਂ ਆਉਣਾ, ਲਗਾਤਾਰ ਤੇਜ਼ ਪੇਟ ਦਰਦ, ਖੰਘ/ਉਲਟੀ/ਮਲ ਆਦਿ ਰਾਹੀਂ ਖੂਨ ਆਉਣਾ, ਨੱਕ/ਮਸੂੜਿਆਂ ਆਦਿ ਤੋਂ ਖੂਨ ਵਗਣਾ, ਸਾਹ ਲੈਣ ਵਿੱਚ ਤਕਲੀਫ਼, ਬਹੁਤ ਜ਼ਿਆਦਾ ਕਮਜ਼ੋਰੀ ਹੋਣਾ ਆਦਿ ਹਨ। ਇਹਨਾਂ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਹੈ ਤਾਂ ਜੋ ਜਲਦੀ ਤੋਂ ਜਲਦੀ ਜ਼ਰੂਰੀ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਸੰਭਵ ਤੌਰ ‘ਤੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ, ਬੱਚੇ, ਡਾਇਬਟੀਜ਼ ਵਾਲੇ ਲੋਕ, ਹਾਈ ਬੀਪੀ, ਦਿਲ ਦੀ ਬਿਮਾਰੀ, ਫੇਫੜਿਆਂ ਦੀ ਬਿਮਾਰੀ, ਗੁਰਦੇ ਦੀ ਬਿਮਾਰੀ ਵਰਗੇ ਗੰਭੀਰ ਬਿਮਾਰੀਆਂ ਦੇ ਮਰੀਜ਼ ਅਤੇ ਮੋਟੇ ਲੋਕਾਂ ਆਦਿ ਦਾ ਖਾਸ ਤੌਰ ‘ਤੇ ਧਿਆਨ ਰੱਖਣ ਦੀ ਲੋੜ ਹੈ। ਡਾ ਜਗਦੀਪ ਸਿੰਘ ਨੇ ਕਿਹਾ ਕਿ ਡੇਂਗੂ ਪ੍ਰਤੀ ਹਰ ਇੱਕ ਨਾਗਰਿਕ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਡੇਂਗੂ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ ਜੇਕਰ ਪਰਿਵਾਰ ਆਪਣੇ ਆਪ ਆਪਣੇ ਕੂਲਰਾਂ ਅਤੇ ਹੋਰ ਪਾਣੀ ਨਾਲ ਭਰੇ ਹੋਏ ਡੱਬੇ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਨ। ਆਪਣੇ ਘਰ ਵਿੱਚ ਪਾਣੀ ਦੇ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਸਰੋਤ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਖਾਲੀ ਕਰਕੇ ਸੁਖਾ ਕੇ ਫੇਰ ਭਰਿਆ ਜਾਵੇ। ਇਸਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਬੁਖਾਰ ਹੋਣ ਦੀ ਸੂਰਤ ਵਿਚ ਜਲਦ ਤੋਂ ਜਲਦ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਂਟ ਕੀਤੀ
Next articleਸੀ.ਐਮ.ਦੀ ਯੋਗਸ਼ਾਲਾ ਤਹਿਤ ਹੁਸ਼ਿਆਰਪੁਰ ਸ਼ਹਿਰ ’ਚ ਚੱਲ ਰਹੀਆਂ ਹਨ 120 ਯੋਗ ਕਲਾਸਾਂ – ਕੋਮਲ ਮਿੱਤਲ