(ਸਮਾਜ ਵੀਕਲੀ)
ਅਸੀਂ ਬਹੁਤ ਵਾਰ ਬਜ਼ੁਰਗਾਂ ਤੋਂ ਸੁਣਿਆ ਹੈ,”ਚਿੰਤਾ ਚਿਖਾ ਬਰਾਬਰ ਹੈ”ਮਤਲਬ ਅਸੀਂ ਅੰਦਰੋਂ ਅੰਦਰੀਂ ਫਿਕਰ ਕਰ ਕਰਕੇ ਧੁੱਖਦੇ ਰਹਿੰਦੇ ਹਾਂ।ਪਰ ਜਿੰਨ੍ਹਾਂ ਦੀ ਇਹ ਆਦਤ ਹੁੰਦੀ ਹੈ,ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ।ਬਹੁਤ ਸੋਚਣ ਨਾਲ,ਫਿਕਰ ਕਰਨ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲਦਾ।ਕਈ ਵਾਰ ਅਸੀਂ ਉਨ੍ਹਾਂ ਗੱਲਾਂ ਤੇ ਘਟਨਾਵਾਂ ਨੂੰ ਕਲਪਨਾ ਕਰਕੇ ਬਹੁਤ ਵਧਾ ਲੈਂਦੇ ਹੈ ਅਤੇ ਉਸ ਬਾਰੇ ਹੀ ਚਿੰਤਾ ਕਰਨ ਲੱਗਦੇ ਹਾਂ। ਅਸੀਂ ਜਿਸ ਹਾਲਤ ਵਿੱਚ ਹੁੰਦੇ ਹਾਂ,ਉਸ ਨੂੰ ਨਹੀਂ ਮਾਣਦੇ,ਸਗੋਂ ਭਵਿੱਖ ਦੀ ਚਿੰਤਾ ਕਰਦੇ ਰਹਿੰਦੇ ਹਾਂ।ਇਹ ਚਿੰਤਾ ਸਾਡੇ ਸਰੀਰਕ ਅਤੇ ਮਾਨਸਿਕ ਸਿਹਤ ਤੇ ਬਹੁਤ ਅਸਰ ਕਰਦੀ ਹੈ।ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਆ ਚਿੰਬੜਦੀਆਂ ਹਨ।
ਬਹੁਤ ਵਾਰ ਅਸੀਂ ਫਜ਼ੂਲ ਦੀਆਂ ਚਿੰਤਾਵਾਂ ਕਰਦੇ ਰਹਿੰਦੇ ਹਾਂ।ਸਾਨੂੰ ਆਂਢ ਗੁਆਂਢ ਵਿੱਚ ਕੀ ਹੋ ਰਿਹਾ ਦੀ ਚਿੰਤਾ ਵੀ ਸਤਾਉਂਦੀ ਹੈ।ਗਲੀ ਵਿੱਚ ਕਿਹਦੀ ਕੁੜੀ ਜਾਂ ਮੁੰਡਾ ਕਿੰਨੇ ਵਜੇ ਗਏ,ਕੀ ਪਾਇਆ ਸੀ ਆਦਿ ਦੀ ਚਿੰਤਾ ਵੀ ਅਸੀਂ ਕਰਦੇ ਹਾਂ।ਇੱਥੇ ਹੀ ਬਸ ਨਹੀਂ ਅਸੀਂ ਉਨ੍ਹਾਂ ਦੇ ਆਉਣ ਤੱਕ ਵੀ ਵੇਖਣ ਦਾ ਕੰਮ ਕਰਦੇ ਹਾਂ।ਫਿਕਰ ਲੱਗਾ ਰਹਿੰਦਾ ਹੈ,ਚਿੰਤਾ ਰਹਿੰਦੀ ਹੈ ਕਿਤੇ ਉਹ ਘਰ ਚਲੇ ਜਾਣ ਤੇ ਸਾਨੂੰ ਪਤਾ ਹੀ ਨਾ ਲੱਗੇ।ਅਸੀਂ ਆਪਣੇ ਦਿਮਾਗ਼ ਦੇ ਘੋੜੇ ਪਤਾ ਨਹੀਂ ਕਿੱਥੋਂ ਤੱਕ ਦੜਾਉਂਦੇ ਹਾਂ।ਅਸੀਂ ਆਪਣੇ ਦਿਮਾਗ਼ ਅਤੇ ਸਰੀਰ ਨੂੰ ਫਜ਼ੂਲ ਵਿੱਚ ਹੀ ਥਕਾ ਲੈਂਦੇ ਹਾਂ।ਜਦੋਂ ਅਜਿਹੀਆਂ ਚਿੰਤਾਵਾਂ ਅਸੀਂ ਪਾਲ ਦ ਹਾਂ ਤਾਂ ਕਿਸੇ ਦੂਸਰੇ ਦਾ ਨੁਕਸਾਨ ਨਹੀਂ ਕਰਦੇ ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ।
ਇੰਜ ਹੀ ਬੱਚਿਆਂ ਦੀ ਚਿੰਤਾ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਜਿਸ ਜਮਾਤ ਵਿੱਚ ਬੱਚਾ ਪੜ੍ਹਾਈ ਕਰ ਰਿਹਾ ਹੈ,ਉਸਦੀ ਚਿੰਤਾ ਘੱਟ ਅਤੇ ਅੱਗਲੇ ਪੰਜ ਸੱਤ ਸਾਲਾਂ ਦੀ ਚਿੰਤਾ ਕਰਦੇ ਹਾਂ।ਹਾਂ,ਉਸ ਦੇ ਭਵਿੱਖ ਬਾਰੇ ਮਾਪਿਆਂ ਦਾ ਫਿਕਰਮੰਦ ਹੋਣਾ ਠੀਕ ਹੈ ਪਰ ਹਰ ਵੇਲੇ ਚਿੰਤਾ ਕਰਨੀ ਅਤੇ ਕਲਪਨਾ ਕਰਕੇ ਪ੍ਰੇਸ਼ਾਨ ਰਹਿਣਾ ਸਹੀ ਨਹੀਂ ਹੈ।ਚਿੰਤਾ ਨਾਲ ਮਾਨਸਿਕ ਰੋਗ ਵੀ ਹੁੰਦੇ ਹਨ।ਅੱਜ ਸਮਾਜ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ।ਪੈਸੇ ਇਕੱਠੇ ਕਰਨ ਦੀ ਚਿੰਤਾ,ਦੂਸਰੇ ਤੋਂ ਵੱਧ ਅਮੀਰ ਬਣਨ ਦੀ ਚਿੰਤਾ ਅਤੇ ਦੂਸਰਿਆਂ ਦੇ ਕੰਮ ਵਧੀਆ ਕਿਵੇਂ ਚੱਲਦੇ ਦੀ ਵੀ ਚਿੰਤਾ।ਹਕੀਕਤ ਇਹ ਹੈ ਕਿ ਜ਼ਿੰਦਗੀ ਮਿਹਨਤ, ਇਮਾਨਦਾਰੀ ਅਤੇ ਸਬਰ ਸੰਤੋਖ ਨਾਲ ਹੀ ਵਧੀਆ ਚੱਲਦੀ ਹੈ।ਚਿੰਤਾਵਾਂ ਕਈ ਵਾਰ ਪਾਗਲਪਨ ਤੱਕ ਲੈ ਜਾਂਦੀਆਂ ਹਨ।
ਅਸਲ ਵਿੱਚ ਅਸੀਂ ਵਰਤਮਾਨ ਵਿੱਚ ਬਹੁਤ ਘੱਟ ਜਿਊਂਦੇ ਹਾਂ। ਭਵਿੱਖ ਦੀ ਚਿੰਤਾ ਵੀ ਸਾਨੂੰ ਲੱਗੀ ਰਹਿੰਦੀ ਹੈ।ਭਵਿੱਖ ਲਈ ਸੋਚਣਾ ਬਹੁਤ ਜ਼ਰੂਰੀ ਹੈ,ਉਸ ਲਈ ਯੋਜਨਾ ਤਹਿਤ ਪੈਸੇ ਵੀ ਜੋੜਨਾ ਚਾਹੀਦੇ ਹਨ।ਪਰ ਜੇਕਰ ਅਸੀਂ ਯੋਜਨਾ ਬਣਾਉਣੀ ਨਹੀਂ ਅਤੇ ਚਿੰਤਾ ਹੀ ਕਰਨੀ ਹੈ ਤਾਂ ਨਤੀਜੇ ਵੀ ਮਾੜੇ ਹੀ ਨਿਕਲਣਗੇ।ਕੱਲ ਕੀ ਹੋਏਗੀ ਦੀ ਚਿੰਤਾ ਉਹ ਪੱਲ ਵੀ ਖਰਾਬ ਕਰ ਦਿੰਦੀ ਹੈ,ਜਿਹੜਾ ਚੰਗਾ ਹੁੰਦਾ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ,”ਆਉਣ ਵਾਲੇ ਕੱਲ੍ਹ ਦਾ ਫਿਕਰ ਨਾ ਕਰੋ ਕਿਉਂਕਿ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੁਹਾਡੇ ਨਾਲ ਅੱਜ ਕੀ ਵਾਪਰਨਾ ਹੈ।”ਹਕੀਕਤ ਇਹ ਹੈ ਕਿ ਅੱਗਲੇ ਪਲ ਸਾਡੇ ਨਾਲ ਕੀ ਵਾਪਰਨਾ ਸਾਨੂੰ ਉਹ ਵੀ ਪਤਾ ਨਹੀਂ ਹੁੰਦਾ।
ਵਰਤਮਾਨ ਵਿੱਚ ਜਿਊਣਾ ਸਿੱਖਣਾ ਬਹੁਤ ਜ਼ਰੂਰੀ ਹੈ।ਦੂਸਰਿਆਂ ਕੋਲ ਵਧੇਰੇ ਕਿਉਂ ਹੈ ਦੀ ਚਿੰਤਾ ਛੱਡਕੇ,ਜੋ ਆਪਣੇ ਕੋਲ ਹੈ ਅਤੇ ਜੋ ਅਸੀਂ ਕਰ ਸਕਦੇ ਹਾਂ ਉਸਤੇ ਧਿਆਨ ਦੇਣਾ ਬਿਹਤਰ ਹੈ।ਅਸਲ ਵਿੱਚ ਆਪਣੇ ਦੁੱਖ ਤੋਂ ਲੋਕ ਘੱਟ ਦੁੱਖੀ ਹੁੰਦੇ ਹਨ,ਦੂਸਰੇ ਨੂੰ ਸੁੱਖੀ ਵੇਖਕੇ ਵਧੇਰੇ ਦੁੱਖੀ ਹਨ।ਇਹ ਵੀ ਬੀਮਾਰ ਮਾਨਸਿਕਤਾ ਹੈ।ਚਿੰਤਾ ਨਾਲ ਨਾ ਕੋਈ ਸੁਧਾਰ ਹੋ ਸਕਦਾ ਹੈ ਅਤੇ ਨਾ ਕੁੱਝ ਸਾਡੇ ਮੁਤਾਬਿਕ ਹੋਣਾ ਹੈ।ਚਿੰਤਾਵਾਂ ਸਿਰਫ ਸਾਨੂੰ ਮਾਨਸਿਕ ਰੋਗੀ ਹੀ ਬਣਾ ਸਕਦੀਆਂ ਹਨ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly