ਮਾਨਸਾ (ਸਮਾਜ ਵੀਕਲੀ) ਇੱਥੇ ਨਸ਼ਾ ਵਿਰੋਧੀ ਕਮੇਟੀ ਨੇ ਫੈਸਲਾ ਕੀਤਾ ਕਿ ਹਰ ਕਿਸਮ ਦੇ ਨਸ਼ੇ ਦੇ ਮੁਕੰਮਲ ਖਾਤਮੇ ਸਮੇਤ ਨਸ਼ਾ ਤਸਕਰਾਂ ਦੀ ਮਿਲੀਭੁਗਤ ਵਿਰੁੱਧ ਅਤੇ ਜਵਾਨੀ ਨੂੰ ਬਚਾਉਣ ਲਈ ਜ਼ਿਲ੍ਹੇ ਅੰਦਰ 15 ਤੋਂ 21 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾਵੇਗਾ ਅਤੇ 21 ਜੁਲਾਈ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਨਸ਼ੇ ਵਿਰੋਧੀ ਕਮੇਟੀ ਦੇ ਅੱਜ ਇਥੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਐਂਟੀ ਡਰੱਗ ਟਾਸਕ ਫੋਰਸ ਵੱਲੋ ਪਰਵਿੰਦਰ ਸਿੰਘ ਝੋਟਾ, ਐਡਵੋਕੇਟ ਲਖਨਪਾਲ ਸਿੰਘ ਤੇ ਗੁਰਜੀਤ ਗੈਟੀ ਝੁਨੀਰ ਨੇ ਕਿਹਾ ਕਿ ਚੋਣਾਂ ਦਰਮਿਆਨ ਨਸ਼ਾ ਤਸਕਰਾਂ ਦਾ ਖ਼ਾਤਮਾ ਕਰਨ ਦੇ ਨਾਮ ਤੋਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨਸ਼ਾ ਤਸਕਰਾਂ ਦੇ ਹੱਕ ਵਿੱਚ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨਿੱਤ ਦਿਨ ਨੌਜਵਾਨਾਂ ਨੂੰ ਨਿਗਲ ਰਹੇ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਕੋਹਾਂ ਦੂਰ ਪਾਸਾ ਵੱਟਦਿਆਂ ਕੁਭਕਰਨੀ ਨੀਂਦ ਸੁੱਤਾ ਪਿਆ ਹੈ ਜਦੋਂ ਕਿ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਪੁਰਜ਼ੋਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਚਲਾਈ ਗਈ ਮੁਹਿੰਮ ਦੀ ਮਜ਼ਬੂਤੀ ਲਈ ਸਕੂਲਾਂ ਕਾਲਜਾਂ ਅਤੇ ਪਿੰਡਾਂ ਵਿੱਚ ਲਾਮਬੰਦੀ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਜਸਬੀਰ ਕੌਰ ਨੱਤ ਸੁਖਦਰਸ਼ਨ ਸੁਖਜੀਤ ਰਾਮਾਨੰਦੀ, ਰਾਜਦੀਪ ਗੇਹਲੇ, ਸੁਰਿੰਦਰਪਾਲ ਮਾਨਸਾ, ਕੁਲਵਿੰਦਰ (ਸੁੱਖੀ) ਮਾਨਸਾ,ਸੰਦੀਪ ਮਾਨਸਾ , ਜੱਸੀ ਮਾਨਸਾ ਅਤੇ ਗੁਰਦੀਪ ਮਾਨਸਾ, ਲਖਵੀਰ ਅਕਲੀ ਮੱਖਣ ਸਿੰਘ ਭੈਣੀਬਾਘਾ, ਬਲਜਿੰਦਰ ਸਿੰਘ ਖਿਆਲੀ ਚਹਿਲਾਂ ਵਾਲੀ ਨੇ ਸੰਬੋਧਨ ਕੀਤਾ।