‘ਜਵਾਬ’

ਕੁਲਵਿੰਦਰ  ਚਾਵਲਾ

(ਸਮਾਜ ਵੀਕਲੀ)

– ਕੁਲਵਿੰਦਰ  ਚਾਵਲਾ

ਉਸਨੇ ਕਿਹਾ
‘ਮੈਂ ਤੈਨੂੰ ਪਸੰਦ ਕਰਦਾ ਹਾਂ’
ਉਹ ਜਵਾਬ ਵਿੱਚ ਹੱਸੀ।

ਉਸਨੇ ਗੱਲ ਅੱਗੇ ਵਧਾਈ ਤੇ ਕਿਹਾ
‘ਮੈਨੂੰ ਲੱਗਦਾ ਮੈਂ ਤੈਨੂੰ ਪਿਆਰ ਕਰਦਾ ਹਾਂ’
ਉਹ ਜਵਾਬ ਵਿੱਚ ਸਿਰਫ ਹੱਸੀ।

ਉਸਨੇ ਗੱਲ ਥੋੜੀ ਹੋਰ ਅੱਗੇ ਵਧਾਈ।
‘ਮੇਰੀ ਸੋਚ ਐ ਕਿ ਆਪਾਂ ਦੋਵਾਂ ਨੂੰ ਕਿਤੇ ਬਾਹਰ ਮਿਲਣਾ ਚਾਹੀਦੈ’
ਉਹ ਜਵਾਬ ਵਿੱਚ ਫਿਰ ਸਿਰਫ ਹੱਸੀ।

ਉਹ ਫਿਰ ਬੋਲਿਆ
‘ਚਲ ਆਪਾਂ ਵਿਆਹ ਕਰਵਾ ਲਈਏ’
ਜਵਾਬ ਵਿੱਚ ਉਹ ਉੱਚੀ ਉੱਚੀ ਹੱਸਣ ਲੱਗੀ। ਐਥੋਂ ਤੱਕ ਕਿ ਹੱਸ ਹੱਸ ਕੇ ਉਸਦਾ ਸਾਹ ਉੱਖੜ ਗਿਆ।

ਹੁਣ ਉਹ ਉਸਦੇ ਹਾਸੇ ਤੋਂ ਕਾਹਲਾ ਪੈਣ ਲੱਗਾ ਸੀ ।
‘ਤੂੰ ਬਾਰ ਬਾਰ ਮੇਰੀ ਗੱਲ ‘ਤੇ ਹੱਸ ਰਹੀ ਏਂ। ਮੈਂ ਤੈਨੂੰ ਕਮਲਾ ਲੱਗਦਾਂ ? ਮੇਰੇ ਕੋਲੋਂ ਤੇਰਾ ਫਜੂਲ ਹੱਸਣਾ ਬਰਦਾਸ਼ਤ ਨਹੀਂ ਹੋ ਰਿਹਾ। ਕੀ ਮਤਲਬ ਐ ਇਸ ਮੂਰਖਤਾ ਭਰੇ ਵਤੀਰੇ ਦਾ?’

ਹੁਣ ਉਹ ਸੰਜੀਦਾ ਸੀ।

‘ਕੁਝ ਖਾਸ ਨਹੀਂ।
ਬਸ ਸੋਚ ਰਹੀ ਸੀ ਕਿ ਕੀ ਤੂੰ ਮੈਨੂੰ ਜ਼ਿੰਦਗੀ ਵਿੱਚ ਕਦੇ ਖੁਸ਼ ਰੱਖ ਸਕੇਂਗਾ’ ।

‘ਫਿਰ ਕੀ ਜਵਾਬ ਐ ਤੇਰਾ ?’
ਹੁਣ ਉਸਦੀ ਅਵਾਜ਼ ਵਿੱਚ ਤਲਖ਼ੀ ਅਤੇ ਕਾਹਲਾਪਨ ਸੀ ।

ਉਹ ਬਿਨਾਂ ਕੁਝ ਬੋਲੇ ਉੱਥੋਂ ਉੱਠ ਪਈ ‘ਤੇ ਕਾਹਲੇ ਕਦਮਾਂ ਨਾਲ ਤੁਰੀ ਜਾਂਦੀ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

#ਕੁਲਵਿੰਦਰਚਾਵਲਾ

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“महिला सशक्तिकरण में डॉ. अंबेडकर की भूमिका”
Next article“ਮਹਿਲਾ ਸਸ਼ਕਤੀਕਰਨ ਵਿੱਚ ਡਾ. ਅੰਬੇਡਕਰ ਦੀ ਭੂਮਿਕਾ”