ਦੇਵ ਮੁਹਾਫਿਜ਼
(ਸਮਾਜ ਵੀਕਲੀ) ਅੱਧੀ ਰਾਤ ਦਾ ਸਮਾਂ ਹੋ ਚੁੱਕਿਆ ਸੀ। ਗਲੀਆਂ ਵਿੱਚ ਸੁੰਨਸਾਨ ਸੀ ਤੇ ਕਿਤੇ ਕਿਤੇ ਕੁੱਤਿਆਂ ਦੇ ਭੌਂਕਣ ਦੀ ਵੀ ਆਵਾਜ਼ ਆ ਰਹੀ ਸੀ। ਸਥਾਨ.. ਮਹਾਰਾਸ਼ਟਰ ਦੇ ਰਾਏਗੜ ਜਿਲੇ ਦਾ ਨੇਰਲ ਸ਼ਹਿਰ ।
ਹਰ ਰੋਜ਼ ਦੀ ਤਰ੍ਹਾਂ ਇੱਕ ਚੋਰ ਆਪਣੇ ਘਰੋਂ ਨਿਕਲ ਕੇ ਅੱਧੀ ਰਾਤ ਨੂੰ ਨੇਰਲ ਦੀਆਂ ਗਲੀਆਂ ਵਿੱਚ ਆ ਪਹੁੰਚਿਆ। ਤਲਾਸ਼ਦੇ ਤਲਾਸ਼ਦੇ ਉਸਨੂੰ ਇੱਕ ਦਰਵਾਜ਼ੇ ਨੂੰ ਜੰਦਰਾ ਮਾਰਿਆ ਹੋਇਆ ਮਕਾਨ ਦਿਖਿਆ। ਉਸਨੇ ਹੁਸ਼ਿਆਰੀ ਨਾਲ ਚਾਰੋਂ ਤਰਫ਼ ਵੇਖਿਆ ਤੇ ਝੱਟ ਹੀ ਘਰ ਦੀ ਕੰਧ ਟੱਪ ਕੇ ਅੰਦਰ ਚਲਾ ਗਿਆ ਚੋਰ ਥੋੜਾ ਡਰ ਤੋਂ ਰਹਿਤ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਹੈ । ਉਸਨੇ ਇੱਕ ਕਮਰੇ ਦੇ ਤਾਲੇ ਨੂੰ ਤੋੜਿਆ ਤੇ ਆਪਣੀ ਟਾਰਚ ਜਲਾ ਕੇ ਉਸਨੇ ਚਾਰੋਂ ਤਰਫ ਵੇਖਿਆ। ਜਿੰਨਾਂ ਸਮਾਨ ਉਹ ਚੁੱਕ ਸਕਦਾ ਸੀ ਉਸਨੇ ਚੁੱਕਿਆ। ਟੀਵੀ, ਖਾਣ ਵਾਲੀਆਂ ਵਸਤਾਂ ਤੇ ਹੋਰ ਕੀਮਤੀ ਸਮਾਨ । ਜਲਦੀ ਦੇਣੇ ਹੀ ਸਮਾਨ ਬੰਨ ਕੇ ਚੋਰ ਰਪੂ ਚੱਕਰ ਹੋ ਗਿਆ।
ਅਗਲੀ ਸਵੇਰ ਹੋਈ ਤੇ ਚੋਰੀ ਵਾਲੇ ਘਰ ਦਾ ਮਾਲਕ ਅੱਜ ਫਿਰ ਨਹੀਂ ਵਾਪਸ ਆਇਆ। ਰਾਤ ਹੋਈ। ਅੱਧੀ ਰਾਤ ਨੂੰ ਕੀ ਹੋਇਆ ? ਫਿਰ ਉਹੀ ਚੋਰ ਵਾਪਸ ਆਇਆ। ਚੋਰ ਨੇ ਪਹਿਲੀ ਰਾਤ ਘਰ ਦੇ ਬਾਹਰ ਅਤੇ ਅੰਦਰ ਕਾਫੀ ਕੂੜਾ ਪਿਆ ਵੇਖ ਕੇ ਅੰਦਾਜ਼ਾ ਲਗਾ ਲਿਆ ਸੀ ਕਿ ਘਰ ਕਈ ਦਿਨਾਂ ਤੋਂ ਬੰਦ ਹੈ । ਉਸਨੇ ਸੋਚਿਆ ਕਿਉਂ ਨਾ ਅੱਜ ਫਿਰ ਉਸੇ ਘਰ ਵਿੱਚੋਂ ਹੀ ਚੋਰੀ ਕੀਤੀ ਜਾਵੇ। ਅੱਜ ਫਿਰ ਘਰ ਦੇ ਬਾਹਰ ਜੰਦਰਾ ਲੱਗਾ ਵੇਖ ਕੇ ਚੋਰ ਬਾਗੋ ਬਾਗ ਹੋ ਗਿਆ। ਉਹ ਬਿਨਾਂ ਤੇਰੀ ਕੀਤਿਆਂ ਕੰਧ ਟੱਪ ਕੇ ਘਰ ਅੰਦਰ ਵੜ ਗਿਆ । ਅੱਜ ਉਸਨੇ ਦੂਜੇ ਕਮਰੇ ਦੇ ਤਾਲੇ ਨੂੰ ਤੋੜਿਆ। ਆਪਣੀ ਟਾਰਚ ਕਮਰੇ ਦੇ ਚਾਰੋਂ ਤਰਫ ਘਮਾਈ। ਉਸਨੇ ਕੀ ਵੇਖਿਆ ਇਕ ਕਿਤਾਬਾਂ ਵਾਲੇ ਅਲਮਾਰੀ ਜਿਸ ਵਿੱਚ ਕੁਝ ਕਿਤਾਬਾਂ ਹਨ ਤੇ ਦੂਜੇ ਪਾਸੇ ਇੱਕ ਸੋਅ ਕੇਸ ਵਿੱਚ ਕੁਝ ਟਰਾਫੀਆਂ ਅਤੇ ਪੁਰਸਕਾਰ ਪਏ ਹਨ। ਪਰ ਜਦੋਂ ਹੀ ਉਸਨੇ ਆਪਣੀ ਟਾਰਚ ਦੂਜੀ ਕੰਧ ਵੱਲ ਘੁਮਾਈ ਤਾ.. ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ । ਇਥੇ ਇੱਕ ਤਸਵੀਰ ਲੱਗੀ ਹੋਈ ਸੀ । ਤਸਵੀਰ ਨੂੰ ਵੇਖ ਕੇ ਚੋਰ ਨੇ ਸੋਚਿਆ ਕਿ ਇਹ ਤਾਂ ਮਰਾਠੀ ਦੇ ਬਹੁਤ ਹੀ ਮਸ਼ਹੂਰ ਕਵੀ ਹਨ ਤੇ ਮੈਂ ਤਾਂ ਇਹਨਾਂ ਦੀਆਂ ਰਚਨਾਵਾਂ ਵੀ ਪੜ੍ਹ ਚੁੱਕਿਆ ਹਾਂ। ਚੋਰ ਦਾ ਦਿਲ ਹੁਣ ਇਕਦਮ ਚਕਨਾ ਚੂਰ ਹੋ ਗਿਆ ਸੀ। ਉਸਨੇ ਸੋਚਿਆ ਮੈਂ ਇਹ ਕੀ ਕਰ ਬੈਠਾ ! ਇਕ ਰੱਬ ਰੂਪ ਕਵੀ ਦੇ ਘਰੋਂ ਚੋਰੀ… ਹੇ ਭਗਵਾਨ! ਮੈਨੂੰ ਮੁਆਫ ਕਰੀਂ । ਚੋਰ ਬਹੁਤ ਹੀ ਪਛਤਾਇਆ ਤੇ ਸ਼ਾਇਦ ਇਨਾ ਦੁਖੀ ਅੱਜ ਪਹਿਲੀ ਵਾਰ ਹੋਇਆ ਸੀ। ਉਹ ਤੁਰੰਤ ਆਪਣੇ ਘਰ ਗਿਆ ਤੇ ਪਹਿਲੀ ਰਾਤ ਚੋਰੀ ਕੀਤਾ ਹੋਇਆ ਸਮਾਨ ਚੁੱਕ ਲਿਆਇਆ ਤੇ ਚੋਰੀ ਵਾਲੇ ਘਰ ਵਿੱਚ ਫਿਰ ਦੁਬਾਰਾ ਰੱਖ ਦਿੱਤਾ। ਇਥੋਂ ਤੱਕ ਹੀ ਬਸ ਨਹੀਂ ਉਸਨੇ ਇੱਕ ਨੋਟ ਵੀ ਕੰਧ ਤੇ ਚਿਪਕਾ ਦਿੱਤਾ ਜਿਸ ਉਪਰ ਲਿਖਿਆ ਸੀ, ” ਮੈਨੂੰ ਪਤਾ ਨਹੀਂ ਸੀ ਕਿ ਇਹ ਇੱਕ ਮਹਾਨ ਮਰਾਠੀ ਕਵੀ ਦਾ ਘਰ ਹੈ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਵੀ ਚੋਰੀ ਨਾ ਕਰਦਾ । ਇਸ ਕਰਕੇ ਮੈਂ ਚੋਰੀ ਕੀਤਾ ਸਮਾਨ ਵਾਪਸ ਰੱਖ ਦਿੱਤਾ ਹੈ। ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾਂ ।”
ਉਸਨੇ ਇਹ ਨੋਟ ਮਰਾਠੀ ਵਿੱਚ ਲਿਖਿਆ ਅਤੇ ਅਖੀਰ ਵਿੱਚ ਇੰਗਲਿਸ਼ ਦੇ ਸ਼ਬਦ ਦਾ ਪ੍ਰਯੋਗ ਕਰਦੇ ਹੋਏ ਸੋਰੀ ਲਿਖਿਆ। ਦੂਜੇ ਦਿਨ ਜਦ ਮਕਾਨ ਮਾਲਕ ਵਾਪਸ ਘਰ ਆਏ ਤਾਂ ਕੀ ਵੇਖਿਆ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ। ਵੇਖ ਕੇ ਬਹੁਤ ਜਿਆਦਾ ਪਰੇਸ਼ਾਨ ਅਤੇ ਹੈਰਾਨ ਹੋਏ। ਉਹ ਝੱਟ ਸਮਝ ਗਏ ਸਨ ਕਿ ਜਰੂਰ ਚੋਰੀ ਹੋਈ ਹੈ। ਉਹਨਾਂ ਨੇ ਜਲਦੀ ਹੀ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨੇ ਕੀ ਵੇਖਿਆ ਕਿ ਸਮਾਨ ਸਭ ਪੂਰਾ ਹੈ ਪਰ ਤਾਲੇ ਟੁੱਟੇ ਹਨ। ਪੁਲਿਸ ਨੇ ਮਕਾਨ ਮਾਲਕ ਤੋਂ ਪੁੱਛ ਗਿੱਛ ਕੀਤੀ ਤੇ ਦੁਬਾਰਾ ਫਿਰ ਚੰਗੀ ਤਰਾਂ ਪੜਤਾਲਿਆ ਤਾਂ ਕੀ ਵੇਖਿਆ ਕੰਧ ਨਾਲ ਇੱਕ ਪੇਪਰ ਚਿਪਕਿਆ ਹੋਇਆ ਹੈ ਤੇ ਇਹ ਚੋਰ ਵੱਲੋਂ ਮੁਆਫੀਨਾਮਾ ਸੀ। ਪੁਲਿਸ ਵੀ ਚੋਰ ਦਾ ਲਿਖਿਆ ਮਾਫ਼ੀਨਾਮਾ ਪੜ੍ਹ ਕੇ ਹੈਰਾਨ ਹੋ ਗਈ ਕਿ ਕਮਾਲ ਦਾ ਚੋਰ ਸੀ । ਇੱਕ ਚੋਰ ਦੇ ਦਿਲ ਵਿੱਚ ਕਵੀ ਲਈ ਇਨਾਂ ਸਤਿਕਾਰ.. ਵਾਕਿਆ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ। ਪੁਲਿਸ ਨੇ ਫਿੰਗਰ ਪ੍ਰਿੰਟ ਲਏ ਤੇ ਜਾਂਚ ਸ਼ੁਰੂ ਕਰ ਦਿੱਤੀ ।
ਇਹ ਕਹਾਣੀ ਬੜੀ ਅਜੀਬ ਸੀ ਪਰ ਹਕੀਕਤ। ਇਹ ਮੰਨਣ ਵਿੱਚ ਨਹੀਂ ਆਉਂਦਾ ਕਿ ਇੱਕ ਚੋਰ ਦੇ ਦਿਲ ਵਿੱਚ ਕਿਸੇ ਕਵੀ ਲਈ ਇਨਾਂ ਸਤਿਕਾਰ ਹੋ ਸਕਦਾ ਹੈ ? ਸ਼ਾਇਦ ਇਹ ਚੋਰ ਵੀ ਕੋਈ ਆਮ ਚੋਰ ਨਹੀਂ ਹੋਵੇਗਾ । ਅਸਲ ਵਿੱਚ ਇਹ ਮਰਾਠੀ ਦੇ ਮਸ਼ਹੂਰ ਕਵੀ ਨਰਾਇਣ ਸੁਰਵੇ ਦਾ ਘਰ ਸੀ। ਨਰਾਇਣ ਸੁਰਵੇ ਜੀ ਦਾ ਹੁਣ ਦਿਹਾਂਤ ਹੋ ਚੁੱਕਿਆ ਸੀ। ਇਸ ਘਰ ਵਿੱਚ ਕੇਵਲ ਹੁਣ ਉਸ ਦੀ ਬੇਟੀ ਸਜਾਤਾ ਅਤੇ ਉਸਦਾ ਪਤੀ ਗਨੇਸ਼ ਰਹਿੰਦੇ ਸਨ। ਉਹ ਕੁਝ ਦਿਨਾਂ ਤੋਂ ਆਪਣੇ ਬੇਟੇ ਦੇ ਘਰ ਵਿਰਾਰ ਗਏ ਹੋਏ ਸਨ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ ਇਹ ਘਟਨਾ ਵਾਪਰੀ।
• ਕਵੀ ਦੇ ਬਾਰੇ –
ਨਰਾਇਣ ਸੁਰਵੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਦਲਿਤ ਕਵੀ ਸਨ। ਉਸ ਨੇ ਆਪ ਅਧਿਐਨ ਕੀਤਾ। 2010 ਵਿੱਚ 83 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਸੁਰਵੇ ਮਰਾਠੀ ਸਾਹਿਤ ਦੇ ਸਭ ਤੋਂ ਵੱਡੇ ਨਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਬਚਪਨ ਮੁੰਬਈ ਦੀਆਂ ਸੜਕਾਂ ‘ਤੇ ਬੀਤਿਆ। ਇੱਕ ਮਿੱਲ ਵਰਕਰ ਨੇ ਉਸਨੂੰ ਗੋਦ ਲਿਆ ਸੀ। ਉਸਨੇ ਆਪਣੀਆਂ ਲਿਖਤਾਂ ਵਿੱਚ ਸ਼ਹਿਰ ਦੇ ਗਰੀਬ ਅਤੇ ਵਾਂਝੇ ਲੋਕਾਂ ਦੇ ਜੀਵਨ ਅਤੇ ਸੰਘਰਸ਼ਾਂ ਨੂੰ ਦਰਸਾਇਆ ਸੀ। ਉਹ ਸਮਾਜ ਸੇਵੀ ਕਵੀ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly