(ਸਮਾਜ ਵੀਕਲੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਲਾਨਾ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ 16 ਮਾਰਚ ਦਿਨ ਐਤਵਾਰ ਨੂੰ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰ) ਭਵਾਨੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਕਰਨਗੇ। ਇਸ ਸਮਾਗਮ ਵਿੱਚ ਡਾਕਟਰ ਅਰਵਿੰਦਰ ਕੌਰ ਕਾਕੜਾ, ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਮੁੱਖ ਮਹਿਮਾਨ ਵਜੋਂ ਅਤੇ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ (ਭਾਰਤ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਮਾਗਮ ਵਿੱਚ ਆਪਣੇ ਚਰਚਿਤ ਨਾਵਲ ‘ਧਰਤ ਵਿਹੂਣੇ’ ਦੇ ਲੇਖਕ ਸੁਖਵਿੰਦਰ ਪੱਪੀ ਨੂੰ ਪ੍ਰੋ: ਦਲੀਪ ਕੌਰ ਟਿਵਾਣਾ ਗਲਪ ਪੁਰਸਕਾਰ, ਆਪਣੇ ਉੱਚ ਪਾਏ ਦੇ ਕਾਵਿ ਸੰਗ੍ਰਹਿ ‘ਖਲਾਅ ਹੁਣ ਵੀ ਹੈ’ ਦੇ ਸ਼ਾਇਰ ਗੁਰਪਿਆਰ ਹਰੀ ਨੌ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਅਤੇ ਚਰਚਿਤ ਕਾਵਿ ਸੰਗ੍ਰਹਿ ‘ਹੁੰਦਿਆਂ-ਸੁੰਦਿਆਂ’ ਦੀ ਸ਼ਾਇਰਾ ਮੀਨਾ ਮਹਿਰੋਕ ਨੂੰ ਪ੍ਰੋਫੈਸਰ ਅਨੂਪ ਵਿਰਕ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰੀ ਪੱਧਰ ਤੇ ਨਿਸ਼ਾਨੇਬਾਜ਼ੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੱਗੂਵਾਲਾ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਵਾਲੇ ਅਨੰਤਵੀਰ ਸਿੰਘ ਸਪੁੱਤਰ ਸਰਦਾਰ ਗੁਰਦੀਪ ਸਿੰਘ ਨੂੰ ਵਿਸ਼ੇਸ਼ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਸ੍ਰੀ ਮੂਲ ਚੰਦ ਸ਼ਰਮਾ, ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਡਾ ਇਕਬਾਲ ਕੌਰ ਉਦਾਸੀ ਸਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ, ਮੀਤ ਖੱਟੜਾ (ਡਾ), ਸਰਪਰਸਤ ਮਾਲਵਾ ਲਿਖਾਰੀ ਸਭਾ ਸੰਗਰੂਰ ਅਤੇ ਸਰਪੰਚ ਗੁਰਪ੍ਰੀਤ ਸਿੰਘ ਪ੍ਰਧਾਨ ਉਡਾਨ ਫਾਊਂਡੇਸ਼ਨ ਭਵਾਨੀਗੜ੍ਹ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਇਸ ਮੌਕੇ ਆਪ ਸਭ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj