ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਵਾਲੀ ਥਾਂ ਉੱਤੇ ‘ਪਿੰਡ’ ਵਸਾਉਣ ਦਾ ਐਲਾਨ

ਪਟਿਆਲਾ (ਸਮਾਜ ਵੀਕਲੀ) : ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ ਆਪਣੇ ਪਰਿਵਾਰਾਂ ਸਮੇਤ ਛੇ ਦਿਨਾਂ ਤੋਂ ਇੱਥੋਂ ਦੇ ਠੀਕਰੀਵਾਲਾ ਚੌਕ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਦਰਜਨ ਭਰ ਜਥੇਬੰਦੀਆਂ ਦੇ ਸੈਂਕੜੇ ਮੁਲਾਜ਼ਮਾਂ ਨੇ ਪਟਿਆਲਾ ਵਿੱਚ ‘ਪਿੰਡ’ ਵਸਾਉਣ ਦਾ ਫ਼ੈਸਲਾ ਲਿਆ ਹੈ। ਪਿੰਡ ਦਾ ਨਾਂ ‘ਨਵਾਂ ਠੀਕਰੀਵਾਲਾ’ ਰੱਖਿਆ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲਗਪਗ ਚਾਰ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਆਪਣੇ ਬੱਚਿਆਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਸਰਕਾਰ ਖ਼ਿਲਾਫ਼ ਡਟੇ ਹੋਏ ਹਨ। ਸਰਕਾਰ ਵੱਲੋਂ ਨੋਟਿਸ ਨਾ ਲੈਣ ਤੋਂ ਖ਼ਫ਼ਾ ਹੋ ਕੇ ਇਨ੍ਹਾਂ ਨੇ ਇੱਥੇ ਹੀ ‘ਪਿੰਡ’ ਵਸਾਉਣ ਦਾ ਫ਼ੈਸਲਾ ਲਿਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’ ਦੇ ਬੁਲਾਰੇ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਪਿੰਡ ਦਾ ਨਾਂ ‘ਨਵਾਂ ਠੀਕਰੀਵਾਲਾ’ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਹ ਇੱਥੋਂ ਨਹੀਂ ਉਠਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਸਰਕਾਰ ’ਤੇ ਵਾਅਦਾਖਿਲਾਫ਼ੀ ਸਮੇਤ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਸਰਕਾਰ ਉਨ੍ਹਾਂ ਕੋਲੋਂ ਨਿਗੂਣੀਆਂ ਤਨਖ਼ਾਹਾਂ ’ਤੇ ਹੀ ਕੰਮ ਲੈਂਦੀ ਆ ਰਹੀ ਹੈ। ਉਨ੍ਹਾਂ ਵੱਲੋਂ ਹੁਣ ਸਰਕਾਰ ਦਾ ਜਬਰ ਹੋਰ ਨਹੀਂ ਸਿਹਾ ਜਾਵੇਗਾ ਅਤੇ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।

ਇਸ ਮੌਕੇ ਜਗਰੂਪ ਸਿੰਘ, ਸ਼ੇਰ ਸਿੰਘ ਖੰਨਾ, ਵਰਿੰਦਰ ਬੀਬੀਵਾਲ, ਗੁਰਵਿੰਦਰ ਪੰਨੂ, ਵਰਿੰਦਰ ਮੋਮੀ, ਸੇਵਕ ਦੰਦੀਵਾਲ ਅਤੇ ਸੁਖਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਅੱਜ ਇਨ੍ਹਾਂ ਮੁਲਾਜ਼ਮਾਂ ਨੇ ਦੋ ਤੋਂ ਚਾਰ ਵਜੇ ਤੱਕ ਧਰਨੇ ਦੇ ਨਜ਼ਦੀਕ ਹੀ ਸਥਿਤ ਸਮਾਣਾ ਚੁੰਗੀ ਵਾਲੇ ਟੀ-ਪੁਆਇੰਟ ’ਤੇ ਆਵਾਜਾਈ ਵੀ ਰੋਕੀ ਰੱਖੀ। ਧਰਨੇ ਦੇ ਛੇਵੇਂ ਦਿਨ ਮੁਲਾਜ਼ਮਾਂ ਦੇ ਬੱਚਿਆਂ ਨੇ ਪੰਡਾਲ ਵਿੱਚ ਮੂਹਰਲੀ ਕਤਾਰ ਮੱਲੀ ਰੱਖੀ। ਇਸ ਦੌਰਾਨ ਉਨ੍ਹਾਂ ਆਪਣੇ ਮਾਪਿਆਂ ਦੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਨਾਅਰੇ ਵੀ ਲਾਏ। ਮੁਲਾਜ਼ਮਾਂ ਦੀਆਂ ਮਹਿਲਾ ਪਰਿਵਾਰਕ ਮੈਂਬਰਾਂ ਵੱਲੋਂ ਵੀ ਸਰਕਾਰ ’ਤੇ ਨੌਕਰੀ ਪੱਕੀ ਕਰਨ ਸਬੰਧੀ ਜ਼ੋਰ ਪਾਇਆ ਜਾ ਰਿਹਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬੇ ਨਾਨਕ ਦਾ ਵਿਆਹ: ਬਾਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁੰਚਿਆ
Next articleਸਿੱਧੂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਸਾਨ ਮੁੱਦੇ ਉਠਾਏ