ਸੰਤਾਪ

 (ਸਮਾਜ ਵੀਕਲੀ) – ਪਿਛਲੇ ਹਫਤੇ ਦੁਪਹਿਰ ਨੂੰ ਖਾਣਾ ਖਾਣ ਲਈ ਘਰ ਜਾਣ ਦੀ ਤਿਆਰੀ ਹੀਂ ਕਰ ਰਿਹਾ ਸਾਂ ਕਿ ਕਲੀਨਿਕ ਦੇ ਸਾਹਮਣੇ ਇੱਕ ਕਾਰ ਆਕੇ ਰੁਕੀ , ਜਿਹਦੇ ਵਿੱਚੋਂ ਚਾਰ  ਔਰਤਾਂ ਤੇ ਇੱਕ ਮਰਦ ਨਿਕਲਕੇ ਅੰਦਰ ਆ ਗਏ ।  ਉਹਨਾਂ ਵਿੱਚ ਇੱਕ ਭਰਵੇਂ ਸਰੀਰ ਦੀ ਬਹੁਤ ਸੋਹਣੀ ਭਰਜਵਾਨ ਔਰਤ ਸੀ ,ਜਿਹਨੇ  ਕਲੀਨਿਕ ‘ਚ ਵੜਦਿਆਂ ਹੀ ਇੱਕ ਵਾਰ  ਆਪਣੇ ਸਰੀਰ ਨੂੰ ਝੁਨਝੁਨੀ ਜਿਹੀ ਦਿੱਤੀ । ਮੈਂ ਇਸ਼ਾਰੇ ਨਾਲ ਉਹਨੂੰ ਆਪਣੇ ਕੋਲ ਰੱਖੀ ਕੁਰਸੀ ‘ਤੇ ਬੈਠਣ ਲਈ ਕਿਹਾ । ਉਹ ਆਕੜ ਕੇ ਕੁਰਸੀ ਉੱਤੇ ਬਹਿ ਗਈ । ਮੈਂ ਕਿਹਾ ,” ਦੱਸੋ ਕੀ ਤਕਲੀਫ਼ ਹੈ ?”
     ਅੱਗੋਂ ਕਹਿੰਦੀ ,” ਡਾਕਟਰ ਤੂੰ ਕਿ ਮੈਂ ?”
     ਮੈਂ ਕਿਹਾ ,”  ਡਾਕਟਰ ਤਾਂ ਮੈਂ ਹੀ ਹਾਂ , ਪਰ ਕੋਈ ਰੋਗ ਦੱਸੋਗੇ ਤਾਂ ਹੀ ਠੀਕ ਕਰੂੰ !”
         ਉਹਨੇ ਹੁਣ ਮੇਰੇ ਹਰ ਸਵਾਲ ਦੇ ਜਵਾਬ ਵਿੱਚ ਆਪਣੇ ਸੱਜੇ ਹੱਥ ਦੀ ਉਂਗਲ ਸਿੱਧੀ ਕਰਕੇ ਛੱਤ  ਵੱਲ ਕਰਨੀ ਸ਼ੁਰੂ ਕਰ ਦਿੱਤੀ । ਮੈਂ ਇਹਦਾ ਕਾਰਣ ਪੁੱਛਿਆ ਤਾਂ ਉਹਨੇ ਕਿਹਾ ,” ਮੈਨੂੰ ਅੱਲ੍ਹਾ ਨੇ ਭੇਜਿਆ ਏ , ਭੁੱਖੇ ਨੂੰ ਰੋਟੀ ਤੇ ਨੰਗੇ ਨੂੰ ਕਪੜੇ ਦੇਣ ਵਾਸਤੇ । ਪਹਿਲਾਂ ਮੈਂ ਬਹੁਤ ਗੁਨਾਹ ਕੀਤੇ ਸਨ , ਜਿਹਨਾਂ ਦਾ ਮੈਂ ਪਛਤਾਵਾ ਵੀ ਕਰਨਾ ਹੈ |”
          ਮੈਂ ਪੁੱਛਿਆ ,” ਗੁਨਾਹ ਕੀ ਕੀਤੇ ਸਨ ?”
    ਕਹਿੰਦੀ ,” ਮੈਨੂੰ ਆਪਣੇ ਆਪ ਤੇ ਬੜਾ  ਗਰੂਰ ਸੀ ।” ਉਹਦੀ ਅਦਾਅ ਤੋਂ ਗਰੂਰ ਹੁਣ ਵੀ ਝਲਕ ਰਿਹਾ ਸੀ !
        ਜਦੋਂ ਮੈਂ ਉਹਦੀ ਬਿਮਾਰੀ ਬਾਰੇ ਕੁਝ  ਸਵਾਲ ਕੀਤੇ ਤਾਂ ਕਹਿੰਦੀ ,” ਮੈਨੂੰ ਅੱਲ੍ਹਾ ਦੇ ਹੁਕਮ ਬਗੈਰ ਕੋਈ ਨਹੀਂ ਠੀਕ ਕਰ ਸਕਦਾ । ਮੈਨੂੰ ਇਸ ਧਰਤੀ ‘ਤੇ ਭੇਜਿਆ ਹੀ ਅੱਲ੍ਹਾ ਨੇ ਹੈ ।”
                                      ਮੈਂ ਕਿਹਾ ,” ਤੈਨੂੰ ਧਰਤੀ ‘ਤੇ ਭੇਜਣ ਵੇਲੇ ਅੱਲ੍ਹਾ ਨੇ ਇੱਕ ਬਹੁਤ   ਜ਼ਰੂਰੀ ਗੱਲ ਦੱਸੀ ਸੀ , ਉਹ ਤੂੰ ਕਿਓਂ ਭੁਲਾ ਦਿੱਤੀ ?”
     ਕਹਿੰਦੀ ,” ਕਿਹੜੀ ਜ਼ਰੂਰੀ ਗੱਲ ?                          ਮੈਂ ਕਿਹਾ ,” ਅੱਲ੍ਹਾ ਨੇ ਕਿਹਾ ਸੀ ਅਗਰ ਤੈਨੂੰ  ਧਰਤੀ ‘ਤੇ ਪਹੁੰਚਕੇ ਕੋਈ ਮੁਸ਼ਕਿਲ ਆਵੇ ਤਾਂ ਉਹਦਾ ਹੱਲ ਕਰਣ ਵਾਸਤੇ ਮੈਂ ਕਈ ਸਾਲ ਪਹਿਲਾਂ ਹੀ ਡਾਕਟਰ ਇੰਦਰਜੀਤ ਨੂੰ ਧਰਤੀ ‘ਤੇ ਭੇਜ ਦਿੱਤਾ ਏ । ਇਸ ਕਰਕੇ ਤੇਰੀ ਹਰ  ਮੁਸ਼ਕਿਲ ਦਾ ਹੱਲ ਮੇਰੇ ਕੋਲ ਹੈ ।                                                     ਉਹ ਇੰਨੀ ਗੱਲ ਸੁਣਕੇ ਮੇਰੇ ਵੱਲ ਵੇਖਕੇ ਮੁਸਕੁਰਾਈ ਤੇ ਆਪਣੇ ਸੱਜੇ ਹੱਥ ਨੂੰ ਹਿਲਾਕੇ ਮੱਥੇ ਨਾਲ ਲਗਾ ਕੇ  ਅਦਬ ਨਾਲ ਸਲਾਮ ਕੀਤੀ ਤਾਂ ਮੈਂ ਸਮਝ ਗਿਆ ਕਿ ਤੀਰ ਨਿਸ਼ਾਨੇ ‘ਤੇ ਵੱਜਾ ਹੈ ।
      ਹੁਣ ਉਹ ਮੇਰੀ ਹਰ ਗੱਲ ਮੰਨ ਰਹੀ ਸੀ  । ਉਹਦੇ ਘਰਦਿਆਂ ਦੀ ਗੱਲਬਾਤ ਤੋਂ ਮੈਨੂੰ ਸਮਝ ਆਈ ਕਿ ਉਹਦੇ ਘਰ ਹੇਠ ਉੱਤੇ ਚਾਰ ਕੁੜੀਆਂ ਦਾ ਜਨਮ ਹੋਣਾ ਤੇ ਘਰ ਵਿੱਚ ਬਾਰਬਾਰ ਇਸ ਗੱਲ ਦਾ ਜ਼ਿਕਰ ਹੀ ਉਹਨੂੰ ਮਾਨਸਿਕ ਰੋਗੀ ਬਣਾ ਗਿਆ ।
    ਮੈਂ ਉਹਦੇ ਨਾਲ ਆਈਆਂ ਔਰਤਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਮੁੰਡਾ ਜਾਂ ਕੁੜੀ ਪੈਦਾ ਹੋਣ ਵਿੱਚ ਸਿਰਫ ਮਰਦ ਦਾ ਸਰੀਰ ਹੀ ਜਿੰਮੇਵਾਰ ਹੁੰਦਾ ਹੈ ਨਾ ਕਿ ਔਰਤ ਦਾ । ਉਹਨਾਂ ਨੂੰ ਕੁੜੀਆਂ ਦੇ ਜਨਮ ਦਾ ਬਾਰਬਾਰ  ਜ਼ਿਕਰ ਕਰਨ ਤੋਂ ਵਰਜ਼ਣ ਤੋਂ ਬਾਦ ਮੈਂ ਉਸ ਮਰੀਜ਼ ਔਰਤ ਨੂੰ ਸੰਮੋਹਨ ਕਰਕੇ ਜ਼ਰੂਰੀ ਆਦੇਸ਼ ਦਿੱਤੇ ਤਾਂ ਉਹ ਆਪਣੇ  ਆਪ ਨੂੰ ਬਹੁਤ ਹਲਕੀ ਫੁਲਕੀ ਮਹਿਸੂਸ ਕਰਨ ਲੱਗ ਪਈ ।
    ਇੱਕ ਹਫਤੇ ਬਾਅਦ  ਉਹਦੇ ਘਰਵਾਲੇ ਦਾ ਫੋਨ ਆਇਆ ਕਿ ਉਸ ਦਿਨ ਤੋਂ ਬਾਅਦ ਉਹ ਬਿਲਕੁਲ ਠੀਕ ਹੈ !

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਬਾਬੇ ਸਾਹਿਬ ਭਾਂਖਰਪੁਰ ਵਿਖੇ ਪੁਆਧੀ ਲੇਖਕ ਦਾ ਕੀਤਾ ਸਨਮਾਨ:
Next articleਖ਼ਜ਼ਾਨਾ