HOME ਪਿਤਾ-ਪੁਰਖੀ ਵਿਰਾਸਤੀ ਵਸਤਾਂ ਤੋਂ ਅਸੀਂ ਕਿੰਝ ਵਿਰਵੇ ਹੋਏ

ਪਿਤਾ-ਪੁਰਖੀ ਵਿਰਾਸਤੀ ਵਸਤਾਂ ਤੋਂ ਅਸੀਂ ਕਿੰਝ ਵਿਰਵੇ ਹੋਏ

1
 (ਸਮਾਜ ਵੀਕਲੀ)  ਸੈਰ-ਸਫਰ ਤੇ ਨਿਕਲਿਆ ਇਨਸਾਨ ਪੁਰਾਤਨ ਕਿਲ੍ਹੇ,ਇਤਿਹਾਸਕ ਥਾਵਾਂ ਤੇ ਬਣੇ ਅਜਾਇਬ ਘਰ ਦੇਖਣ ਦੀ ਉਤਸੁਕਤਾ ਮਨ ‘ਚ  ਜਰੂਰ ਰੱਖਦਾ ਹੈ।ਪੁਰਾਣੇ ਸਮੇਂ ‘ਚ ਰਾਜੇ-ਮਹਾਰਾਜੇ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਕੇ ਜਾਂਦੇ ਸਨ ਜਿਸ ਨੂੰ ਉਸ ਦੀਆਂ ਅਗਲੀਆਂ ਪੀੜੀਆਂ ਸੰਭਾਲਦੀਆਂ ਸਨ।ਪੁਰਾਤਨ ਕਿਲ੍ਹਿਆਂ ‘ਚ ਬਣੇ ਅਜਾਇਬ ਘਰ ਪੁਰਾਤਨ ਹਥਿਆਰਾਂ ,ਯੁੱਧਾਂ/ਜੰਗਾਂ ਦਾ ਰਿਕਾਰਡ ਤੇ ਹੋਰ ਸੰਭਾਲਣਯੋਗ ਵਸਤਾਂ ਦਾ ਭਰਭੂਰ ਖਜ਼ਾਨਾ ਆਪਣੇ ਕਲਾਵੇ ਸਮੋਈ ਬੈਠੇ ਹਨ।ਇਸੇ ਤਰ੍ਹਾਂ ਇਤਿਹਾਸਕ ਥਾਵਾਂ, ਖਾਸ ਕਰਕੇ ਸਿੱਖਾਂ ਨੇ ਆਪਣੇ  ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ  ਵੀ ਸਿੱਖ ਅਜਾਇਬ ਘਰ ਸਥਾਪਿਤ ਕੀਤੇ ਤੇ ਇਹਨਾਂ ‘ਚ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਦੀਆਂ ਇਤਿਹਾਸਕ ਵਸਤਾਂ ਤੇ ਹੋਰ ਬਹੁਤ ਕੁੱਝ ਸੰਭਾਲਿਆ ਹੋਇਆ ਹੈ। ਪਰ ਅੱਜ ਆਪਾ ਅਜਿਹੇ ਅਜਾਇਬ ਘਰਾਂ ਦੀ ਗੱਲ ਕਰਨ ਲੱਗੇ ਹਾਂ ਜੋ ਹਰ ਘਰ ‘ਚ ਬਣ ਸਕਦਾ ਸੀ ਤੇ ਅਸੀਂ ਆਪਣੇ ਬੱਚਿਆਂ ਨੂੰ ਉਸ ਨਾਲ ਜੋੜ ਸਕਦੇ ਸੀ।ਪਰ ਸਾਡੀ ਬਦਕਿਸਮਤੀ ਰਹੀ ਕਿ ਇੱਕ-ਦੁੱਕਾ ਨੂੰ ਛੱਡ ਕੇ ਬਹੁ-ਗਿਣਤੀ ਆਪਣੇ ਦਾਦੇ-ਪੜਦਾਦੇ ਦੀ ਵਿਰਾਸਤ ਦੀਆਂ ਅਣ-ਮੁੱਲੀਆਂ ਵਸਤਾਂ ਤੋਂ ਅੱਜ ਵਿਰਵੀ ਹੋ ਚੁੱਕੇ ਹਨ।ਥੋੜ੍ਹਾ ਪਿਛਾਂਹ ਝਾਤ ਮਾਰੀਏ ਤਾਂ ਅਸੀਂ ਅਕਸਰ ਪਿੰਡਾਂ ਵਿੱਚ ਪ੍ਰਵਾਸੀ ਔਰਤਾਂ ਦੇ ਹੋਕੇ ਸੁਣਦੇ ਸਾਂ।ਇਹ ਔਰਤਾਂ ਸਟੀਲ ਦੇ ਭਾਂਡਿਆਂ ਬਦਲੇ ਪੁਰਾਣੇ ਕੱਪੜਿਆਂ ਦੀ ਮੰਗ ਕਰਦੀਆਂ ਸਨ।ਪੁਰਾਣੇ ਕੱਪੜਿਆਂ ‘ਚ ਇਹ ਅਕਸਰ ਬਾਗ਼,ਫੁਲਕਾਰੀਆਂ ਬਦਲੇ ਸਟੀਲ ਦੇ ਭਾਂਡਿਆਂ ਦਾ ਸੌਦਾ ਕਰਦੀਆਂ ਸਨ।ਪਿੰਡਾਂ ਦੀਆਂ ਭੋਲੀਆਂ ਔਰਤਾਂ ਚਮਕਦੇ ਸਟੀਲ ਦੇ ਭਾਂਡੇ ਖਰੀਦਣ ਲਈ ਸੌਦਾ ਲਾਹੇਵੰਦ ਸਮਝ ਕੇ ਝੱਟ ਆਪਣੇ ਕੀਮਤੀ ਬਾਗ਼, ਫੁਲਕਾਰੀਆਂ ਇਹਨਾਂ ਦੇ ਹਵਾਲੇ ਕਰ ਦਿੰਦੀਆਂ ਸਨ।ਇਹ ਬਾਗ਼,ਫੁਲਕਾਰੀਆਂ ਪੀੜ੍ਹੀ ਦਰ ਪੀੜ੍ਹੀ ਨਾਨੀਆਂ-ਦਾਦੀਆਂ ਦੀ ਵਿਰਾਸਤ ਹੁੰਦੀ ਸੀ।ਉਸ ਵਕਤ ਉਹਨਾਂ ਨੂੰ ਇਹਨਾਂ ਦੀ ਅਹਿਮੀਅਤ ਦਾ ਗਿਆਨ ਨਾ ਹੋਣ ਕਰਕੇ ਸੌਦਾ ਸਸਤਾ ਲਗਦਾ ਸੀ।ਪਰ ਅੱਜ ਉਹਨਾਂ ਹੀ ਬਾਗ਼-ਫੁਲਕਾਰੀਆਂ ਨੂੰ ਅਸੀਂ ਬਜ਼ਾਰੋਂ ਮਹਿੰਗੇ ਭਾਅ ਖਰੀਦ ਰਹੇ ਹਾਂ।ਜਿਉਂ ਹੀ ਸਾਡੇ ਬੱਚੇ/ ਬੱਚੀਆਂ ਨੇ ਬਾਹਰਲੇ ਮੁਲਕਾਂ ਦਾ ਰੁੱਖ ਕੀਤਾ ਤਾਂ ਇਹਨਾਂ ਵਿਰਾਸਤੀ ਵਸਤਾਂ ਪ੍ਰਤੀ ਉਹਨਾਂ ‘ਚ ਮੋਹ ਜਾਗਿਆ ਤੇ ਇਧਰ ਬੈਠੇ ਮਾਪੇ ਹਜ਼ਾਰਾਂ ਰੁਪਏ ਖਰਚ ਕੇ ਅੱਜ ਆਪਣੇ ਬੱਚੇ/ਬੱਚੀਆਂ ਦੇ ਚਾਅ ਪੂਰੇ ਕਰ ਰਹੇ ਹਨ। ਦੂਜਾ ਹੱਲਾ ਇਹਨਾਂ ਪ੍ਰਵਾਸੀ ਔਰਤਾਂ ਨੇ ਸਾਡੇ ਘਰਾਂ ‘ਚ ਸੈਕੜੇ ਸਾਲਾਂ ਤੋਂ ਵਰਤੇ ਜਾਂਦੇ ਪਿੱਤਲ ਦੇ ਭਾਂਡਿਆ ਤੇ ਕੀਤਾ।ਇਹਨਾਂ ਚਲਾਕ ਔਰਤਾਂ ਨੇ ਸਾਡੀਆਂ ਭੋਲੀਆਂ-ਭਾਲੀਆਂ ਬੀਬੀਆਂ ਦੀ ਅਗਿਆਨਤਾ ਦਾ ਖੂਬ ਫਾਇਦਾ ਉਠਾਇਆ ਤੇ ਅਸੀਂ ਹੱਥ ਮਲਦੇ ਰਹਿ ਗਏ।ਸਾਡੇ ਘਰਾਂ ਵਿੱਚੋਂ ਇੱਕ-ਇੱਕ ਕਰਕੇ ਸਾਡੇ ਪਿਤਾ ਪੁਰਖੀ ਭਾਂਡੇ ਜਿੰਨ੍ਹਾਂ ਵਿੱਚ ਦੇਗਾਂ, ਟੋਕਣੀਆਂ,  ਬਾਲਟੀਆਂ,ਪਤੀਲੇ,ਵਲਟੋਹੀਆਂ,ਗਾਗਰਾਂ,ਜੱਗ,ਥਾਲ,ਗਲਾਸ, ਕੌਲੀਆਂ ਚਮਚੇ,ਡੋਲੂ,ਗੜਬੀਆਂ,ਗੜਬੇ ਤੇ  ਬੱਚਿਆਂ ਦੀਆਂ ਪਿੱਤਲ ਦੀਆਂ ਚੁੰਘਣੀਆਂ ਤੱਕ ਹਰ  ਤਰ੍ਹਾਂ ਦੇ ਪਿੱਤਲ  ਦੇ ਭਾਂਡੇ ਕਦੋਂ ਘਟੀਆਂ ਮਿਆਰ ਦੇ  ਸਟੀਲ ਦੇ ਬਰਤਨਾਂ ‘ਚ ਤਬਦੀਲ ਹੋ ਗਏ ਸਾਨੂੰ ਭਿਣਕ ਤੱਕ ਨਹੀਂ ਪਈ।ਅੱਜ ਜਦੋਂ ਬੀਤੇ ਵਕਤ ਤੇ ਝੁਰਦੇ ਲੋਕ ਆਪਣਾ ਮਨ ਫਰੋਲਦੇ ਹਨ ਤਾਂ ਉਹ ਅਕਸਰ ਦੱਸਦੇ ਹਨ ਕਿ ਉਹ ਤਾਂ ਸਟੀਲ ਦੀ ਥਾਂ ਸਸਤੇ ਲੋਹੇ ਦੇ ਭਾਂਡੇ ਦੇ ਕੇ ਸਾਡੇ ਬਹੁਮੁੱਲੇ ਖਜ਼ਾਨੇ ਤੇ ਡਾਕਾ ਮਾਰ ਗਏ। ਸਮੇਂ ਦਾ ਪਹੀਆ ਫੇਰ ਪੁੱਠਾ ਗਿੜਨ ਲੱਗਿਆ ਹੈ ਤੇ ਲੋਕ ਮੁੜ ਮਹਿੰਗੇ ਭਾਅ ਬਜ਼ਾਰੋ ਪਿੱਤਲ ਦੇ ਭਾਂਡਿਆਂ ਦੀ ਖਰੀਦਦਾਰੀ ਕਰਦੇ ਨਜ਼ਰੀ ਪੈਂਦੇ ਹਨ।ਪਰ ਸਿਆਣੇ ਕਹਿੰਦੇ ਹਨ ਕਿ ਕਿਸੇ ਚੀਜ਼ ਦਾ ਬੀਜ਼ ਨਾਸ਼ ਨਹੀਂ ਹੁੰਦਾ।ਸੋ ਅੱਜ ਵੀ ਕੁੱਝ ਘਰਾਂ ‘ਚ ਇਹਨਾਂ ਪੁਰਾਤਨ ਭਾਂਡਿਆਂ ਦੇ ਦਰਸ਼ਨ ਹੋ ਜਾਂਦੇ ਹਨ।ਭਾਵੇਂ ਉਹ ਲੋਕ ਇਹਨਾਂ ਦੀ ਵਰਤੋਂ ਨਾ ਕਰਦੇ ਹੋਣ ਪਰ ਘਰ ਦੀ ਕਾਨਸ ਦਾ ਸਿੰਗਾਰ ਜਰੂਰ ਬਣੇ ਹੋਏ ਹਨ। ਜਿਵੇਂ-ਜਿਵੇਂ ਅਸੀਂ ਸ਼ਹਿਰਾਂ ਦੀ ਰੀਸ ਕਰਨ ਲੱਗੇ ਸਾਡੇ ਘਰਾਂ ‘ਚੋਂ ਖੱਡੀਆਂ ਅਲੋਪ ਹੋਣ ਲੱਗੀਆਂ।ਪਹਿਲਾਂ ਹਰ ਘਰ ‘ਚ ਖੱਡੀ ਹੁੰਦੀ ਸੀ ਤੇ ਸੁਆਣੀਆਂ ਆਪਣੀ ਲੋੜ੍ਹ ਅਨੁਸਾਰ ਕੱਪੜਾ ਘਰੇ ਹੀ ਤਿਆਰ ਕਰਦੀਆਂ ਸਨ।ਇਹਨਾਂ ਕੱਪੜਿਆਂ ‘ਚ ਚਿੱਟਾ ਖੱਦਰ,ਖੇਸ,ਚਤੱਈਆਂ,ਦੋੜੇ,ਦਰੀਆਂ ਆਦਿ ਸਾਮਲ ਹੁੰਦੇ ਸਨ।ਘਰ ਕੱਪੜਾ ਤਿਆਰ ਕਰਨ ਦਾ ਭਾਵ ਆਤਮ-ਨਿਰਭਰ ਹੋਣਾ ਤੇ ਘਰ ਦੀਆਂ ਲੜਕੀਆਂ ਨੂੰ ਖੱਡੀ ਦਾ ਕੰਮ ਸਿਖਾਉਣਾ ਵੀ ਹੁੰਦਾ ਸੀ।ਸਿਆਣੀਆਂ ਸੁਆਣੀਆਂ ਕੁੜੀਆਂ ਦਾ ਦਾਜ ਕਈ-ਕਈ ਸਾਲ ਪਹਿਲਾਂ ਹੀ ਤਿਆਰ ਕਰਨ ‘ਚ ਰੁੱਝ ਜਾਂਦੀਆਂ ਸਨ।ਪਰ ਸਮੇਂ ਨੇ ਕਰਵੱਟ ਲਈ ਤੇ ਪਿੰਡਾਂ ‘ਚ ਸ਼ਹਿਰੋਂ ਖੱਡੀਆਂ ਵਾਲੇ ਫੇਰਾ ਪਾਉਣ ਲੱਗੇ।ਉਹ ਥੋੜ੍ਹੇ ਬਹੁਤੇ ਫਰਕ ਨਾਲ ਰੰਗਦਾਰ ਪਰ ਹਲਕੇ ਪੱਧਰ ਦਾ ਕੱਪੜਾ ਪਿੰਡਾਂ ‘ਚ ਵੇਚਣ ਲੱਗੇ।ਪੇਂਡੂ ਸੁਆਣੀਆਂ ਨੂੰ ਰੰਗਦਾਰ ਖੇਸ,ਚਾਦਰਾਂ ਆਦਿ ਅਕਰਸ਼ਕ ਕਰਨ ਲੱਗੀਆਂ ਤੇ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤੇ ਕੱਪੜੇ ਇਹਨਾਂ ਨਾਲ ਵਟਾਉਣੇ ਸੁਰੂ ਕਰ ਦਿੱਤੇ ਤੇ ਨਵੇਂ ਬਣਨੇ ਲਗਭਗ ਬੰਦ ਹੋ ਗਏ ।ਸੋ ਇਸ ਵਟਾਂਦਰੇ ਦੇ ਚਲਦਿਆਂ ਉਹਨਾਂ ਦਾ ਇਹ ਘਰੇਲੂ ਕਿੱਤਾ ਅੱਜ ਪੂਰਨ ਤੌਰ ਤੇ ਅਲੋਪ ਹੋ ਗਿਆ। ਆਉ ਹੁਣ ਅਖੀਰ ਤੇ ਆਪਾ ਅਜਾਇਬ ਘਰਾਂ ‘ਚ ਜਾਂ ਕਿਸੇ ਵਿਆਕਤੀ ਦੁਆਰਾ ਆਪਣੇ ਯਤਨਾਂ ਨਾਲ ਸੰਭਾਲੇ ਪੁਰਾਤਨ ਖੇਤੀ ਸੰਦਾਂ ਦੀ ਗੱਲ ਕਰਦੇ ਹਾਂ।ਮਸ਼ੀਨਰੀ ਯੁੱਗ ਦੇ ਸੁਰੂ ਹੁੰਦਿਆਂ ਹੀ ਪਿੰਡਾਂ ਚੋਂ ਸੈਕੜੇ ਸਾਲ ਪੁਰਾਣੇ ਖੇਤੀ ਸੰਦ ਜਿਵੇਂ ਕਾਠ ਦਾ ਹਲ਼, ਤੰਗਲੀ,ਸਲੰਘ, ਜੱਫਾ,ਦੋਸਾਂਗਾ,ਪਲਾਣਾ,ਗੱਡੇ,ਸਦਵਾਈ ਆਦਿ ਜਾਂ ਤਾਂ ਚੁੱਲ੍ਹਿਆਂ ਦੀ ਭੇਂਟ ਚੜ੍ਹ ਗਏ ਜਾਂ ਸੰਭਾਲ ਖੁਣੋ ਵਰਤੋਂ ਯੋਗ ਨਹੀਂ ਰਹੇ।ਪਰ ਬਹੁਤ ਹੀ ਅਜੀਬ ਗੱਲ ਇਹ ਹੈ ਕਿ ਇਹੋ ਸੰਦ-ਸੰਦੇੜਾ ਅਸੀਂ ਅਜਾਇਬ ਘਰਾਂ ‘ ਦੀਆਂ ਟਿਕਟਾਂ ਲੈ ਕੇ ਆਪ ਵੀ ਦੇਖਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਉਂਦੇ ਹਾਂ।ਸੋਸ਼ਲ ਮੀਡੀਆ ਤੇ ਜਦੋਂ ਕੋਈ ਇਹਨਾਂ ਦੀ ਤਸਵੀਰ ਸਾਂਝੀ ਕਰਦਾ ਹੈ ਤਾਂ ਅਸੀਂ ਇਹਨਾਂ ਨੂੰ ਬਹੁਤ ਹੀ ਉਤਸੁਕਤਾ ਨਾਲ ਦੇਖਦੇ ਹਾਂ ਤੇ ਆਪਣੀ ਖੁੱਸ਼ੀ ਵਿਰਾਸਤ ਦੀ ਗੱਲ ਕਰਦੇ ਹਾਂ ।ਪਰ ਸਮਾਂ ਰਹਿੰਦੇ ਇਹਨਾਂ ਨੂੰ ਸੰਭਾਲਣ ਲਈ ਸਾਡੇ ਕੋਲ ਸਮਾਂ ਤੇ ਥਾਂ ਨਹੀਂ ਸੀ।ਅਸੀਂ ਆਪਣੇ-ਆਪ ਨੂੰ ਪੇਂਡੂ ਤੇ ਪਿਛਾਂਹ ਖਿੱਚੂ ਸੋਚ ਤੋਂ ਬਚਾਉਂਦੇ-ਬਚਾਉਂਦੇ ਅੱਜ ਇਸ ਸਟੇਜ ਤੇ ਪਹੁੰਚ ਚੁੱਕੇ ਹਾਂ ਕਿ ਆਪਣੀਆਂ ਸੁੰਦਰ ਕੋਠੀਆਂ ਨੂੰ ਸਜਾਉਣ ਲਈ ਇਹਨਾਂ ਚੀਜ਼ਾਂ ਦੇ ਮਾਡਲਾਂ ਦਾ ਸਹਾਰਾ ਤਾਂ ਲੈਂਦੇ ਹਾਂ ਪਰ ਇਹਨਾਂ ਤੋਂ ਬੇਮੁੱਖ ਹੋਣ ਵੇਲੇ ਅਸੀਂ ਜ਼ਰਾ ਨਹੀਂ ਸੋਚਿਆ।ਸੋ ਅਖੀਰ ਤੇ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਭਾਵੇਂ ਸਾਨੂੰ ਸਮੇਂ ਦੇ ਬਦਲਾਅ ਸੰਗ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ ।ਪਰ ਅਸੀਂ ਆਪਣੀ  ਅਮੀਰ ਵਿਰਾਸਤ ਚੋਂ ਬਹੁਤ ਕੁੱਝ ਖੋ ਚੁੱਕੇ ਹਾਂ ਜਿਸ ਦੀ ਭਰਪਾਈ ਸੌਖਿਆ ਪੂਰੀ ਨਹੀਂ ਕੀਤੀ ਜਾ ਸਕਦੀ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਗਰਾਉਂ ਵਿੱਚ ਤੇਜਪਾਲ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਨੂੰ ਮਿਲੇ ਵੜਿੰਗ
Next articleਇੰਜੀ: ਪੰਧੇਰ ਬਣੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦੇ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ