ਅੰਮ੍ਰਿਤਸਰ ਹਵਾਈ ਅੱਡੇ ਨੇ ਜੁਲਾਈ 2024 ਲਈ ਏਅਰ ਏਸ਼ੀਆ ਐਕਸ ਦਾ ‘ਬੈਸਟ ਸਟੇਸ਼ਨ ਅਵਾਰਡ’ ਜਿੱਤਿਆ

(ਸਮਾਜ ਵੀਕਲੀ)  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਮਾਣ ਵਾਲੀ ਗੱਲ ਹੈ, ਮਲੇਸ਼ੀਆ ਦੀ ਏਅਰਲਾਈਨ ਏਅਰ ਏਸ਼ੀਆ ਐਕਸ ਨੇ ਜੁਲਾਈ 2024 ਦੇ ਮਹੀਨੇ ਲਈ ਹਵਾਈ ਅੱਡੇ ਨੂੰ ‘ਬੈਸਟ ਸਟੇਸ਼ਨ ਅਵਾਰਡ’ ਨਾਲ ਸਨਮਾਨਿਤ ਕੀਤਾ ਹੈ। ਏਅਰ ਏਸ਼ੀਆ ਐਕਸ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਵਿੱਚੋ ਇਕ ਹੈ, ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਹਫਤੇ ‘ਚ ਚਾਰ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਹ ਐਵਾਰਡ ਦੁਨੀਆ ਭਰ ਦੇ ਏਅਰ ਏਸ਼ੀਆ ਐਕਸ ਨੈੱਟਵਰਕ ਦੇ 24 ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਅੰਮ੍ਰਿਤਸਰ ਏਅਰਪੋਰਟ ਨੂੰ ਸਮੇਂ ‘ਤੇ ਉਡਾਣਾਂ ਦਾ ਸੰਚਾਲਨ ਕਰਨ, ਬਹੁਤ ਹੀ ਘੱਟ ਗਿਣਤੀ ‘ਚ ਯਾਤਰੀਆਂ ਦੇ ਬੈਗਾਂ ਦਾ ਖਰਾਬ ਹੋਣ, ਅਤੇ ਸਭ ਤੋਂ ਵੱਧ ਨੈੱਟ ਪ੍ਰਮੋਟਰ ਸਕੋਰ ਪ੍ਰਾਪਤ ਕਰਨ ‘ਤੇ ਮਿਲਿਆ ਹੈ।

ਅੰਮ੍ਰਿਤਸਰ ਵਿਖੇ ਏਅਰ ਏਸ਼ੀਆ ਐਕਸ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, “ਇਹ ਪ੍ਰਾਪਤੀ ਸਾਡੀ ਮਿਹਨਤ ਦਾ ਪ੍ਰਮਾਣ ਹੈ। ਇਹ ਟੀਮ ਵਰਕ ਦਾ ਹੀ ਨਤੀਜਾ ਹੈ ਜਿਸ ਨਾਲ ਅਜਿਹੀਆਂ ਸਫਲਤਾਵਾਂ ਸੰਭਵ ਹੁੰਦੀਆਂ ਹਨ।” ਬੱਗਾ ਨੇ ਆਪਣੀ ਟੀਮ ਦੇ ਹਰੇਕ ਮੈਂਬਰ ਦੀ ਮਿਹਨਤ ਨੂੰ ਸਵੀਕਾਰ ਕਰਦੇ ਹੋਏ ਅੰਮ੍ਰਿਤਸਰ ਏਅਰਪੋਰਟ ਦੀ ਆਪਣੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਗੈਰ-ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ, ਜਿਨ੍ਹਾਂ ਨੇ ਅਗਸਤ 2018 ਵਿੱਚ ਇਹਨਾਂ ਉਡਾਣਾਂ ਨੂੰ ਸ਼ੁਰੂ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਉਹਨਾਂ ਨੇ ਵੀ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਏਅਰਪੋਰਟ ਸਟਾਫ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਇਹਨਾਂ ਸੰਸਥਾਵਾਂ ਦੇ ਇੱਕ ਵਫਦ, ਜਿਸ ਵਿੱਚ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਰਾਜਵਿੰਦਰ ਸਿੰਘ ਗਿੱਲ, ਯੋਗੇਸ਼ ਕਾਮਰਾ ਅਤੇ ਜੇਪੀ ਸਿੰਘ ਸ਼ਾਮਲ ਸਨ, ਨੇ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਹਵਾਈ ਅੱਡੇ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਅਤੇ ਮੁੱਖ ਸੁਰੱਖਿਆ ਅਫ਼ਸਰ ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ।

ਯੋਗੇਸ਼ ਕਾਮਰਾ, ਕਨਵੀਨਰ (ਭਾਰਤ) ਫਲਾਈ ਅੰਮ੍ਰਿਤਸਰ ਇਨੀਸ਼ੀਏਟਵਿ ਅਤੇ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਇਹ ਪੁਰਸਕਾਰ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਏਅਰਪੋਰਟ ਟੀਮ ਦੇ ਸਮਰਪਣ ਅਤੇ ਸਮੂਹਿਕ ਯਤਨਾਂ ਨੂੰ ਉਜਾਗਰ ਕਰਦਾ ਹੈ। ਇਹ ਏਅਰਲਾਈਨ ਦੱਖਣ ਪੂਰਬੀ ਏਸ਼ੀਆ ਦੇ ਵੱਖ-ਵੱਖ ਮੁਲਕਾਂ ਤੋਂ ਪੰਜਾਬੀ ਭਾਈਚਾਰੇ ਨੂੰ ਕੁਆਲਾਲੰਪੁਰ ਰਾਹੀਂ ਅੰਮ੍ਰਿਤਸਰ, ਪੰਜਾਬ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਮੈਲਬੋਰਨ, ਸਿਡਨੀ, ਪਰਥ ਅਤੇ ਹੋਰਨਾਂ ਮੁਲਕਾਂ ਤੋਂ ਬੈਂਕਾਕ, ਫੁਕੇਟ, ਮਨੀਲਾ, ਹਾਂਗਕਾਂਗ ਅਤੇ ਬਾਲੀ ਦੇ ਹਵਾਈ ਅੱਡੇ ਸ਼ਾਮਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਬਾਂ ਵਾਲੀ ਬੰਬੀ
Next articleਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ‘ਮੇਲਾ ਪੰਜਾਬੀਆਂ ਦਾ’ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ