ਪੀੜਤ ਅਧਿਆਪਕ ਨੂੰ ਇਨਸਾਫ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗਾ – ਡੀ ਟੀ ਐੱਫ
ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਦੀ ਹੈਡ ਮਿਸਟਰੈਸ ਡਿੰਪਲ ਪੰਨੂ ਦੇ ਤਾਨਾਸ਼ਾਹੀ ਰਵਈਏ ਖਿਲਾਫ ਪਿੰਡ ਅੰਮ੍ਰਿਤਪੁਰ, ਰਾਜੇਵਾਲਾ ਤੇ ਮੁੰਡੀ ਛੰਨਾ ਦੀਆਂ ਪੰਚਾਇਤਾਂ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੂੰ ਸਾਂਝੇ ਤੌਰ ਤੇ ਸਰਪੰਚ ਸ਼ਿੰਗਾਰਾ ਸਿੰਘ ਅੰਮ੍ਰਿਤਪੁਰ, ਸਰਪੰਚ ਬਲਵੰਤ ਸਿੰਘ ਰਾਜੇਵਾਲ ,ਤੇ ਤਰਸੇਮ ਸਿੰਘ ਬੰਨੇ ਮੱਲ ਕਿਰਤੀ ਕਿਸਾਨ ਯੂਨੀਅਨ ਬਲਵਿੰਦਰ ਸਿੰਘ ਭੁੱਲਰ, ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਡੀ ਟੀ ਐਫ, ਗੁਰਮੇਲ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਆਦਿ ਦੀ ਅਗਵਾਈ ਹੇਠ ਸਕੂਲ ਦੇ ਗੇਟ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ ਗਿਆ।ਜਥੇਬੰਦੀਆਂ ਦੇ ਆਗੂਆਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਮੁਖੀ ਵੱਲੋਂ ਸਕੂਲ ਦੇ ਅਧਿਆਪਕ ਸੁਰਿੰਦਰ ਸਿੰਘ ਮੈਥ ਮਾਸਟਰ ਨੂੰ ਲਗਾਤਾਰ ਤੰਗ ਪਰੇਸ਼ਾਨ ਅਤੇ ਅਪਮਾਨਿਤ ਕੀਤਾ ਜਾ ਰਿਹਾ ਹੈ ਤੇ ਅਧਿਆਪਕ ਹਰ ਰੋਜ਼ ਨਿਜ਼ਮਤ ਤੌਰ ਤੇ ਸਕੂਲ ਵਿੱਚ ਹਾਜ਼ਰ ਹੋ ਰਿਹਾ ਹੈ। ਸਕੂਲ ਮੁਖੀ ਵੱਲੋਂ ਜਾਣ ਬੁਝ ਕੇ ਹਾਜ਼ਰੀ ਰਜਿਸਟਰ ਵਿੱਚ ਉਸਦੀ ਹਾਜਰੀ ਨਹੀਂ ਲਗਵਾਈ ਜਾ ਰਹੀ । ਸਾਰਾ ਮਸਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਕਪੂਰਥਲਾ ਕੋਲ ਭੇਜਿਆ ਗਿਆ ਅਤੇ ਵਾਰ-ਵਾਰ ਸੰਪਰਕ ਕਰਨ ਤੇ ਬਾਵਜੂਦ ਕੇਸ ਨੂੰ ਹੱਦੋ ਵੱਧ ਲਮਕਾਇਆ ਗਿਆ। ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅਧਿਆਪਕ ਨੇ ਆਪਣਾ ਮਾਮਲਾ ਪਿੰਡ ਅੰਮ੍ਰਿਤਪੁਰ, ਰਾਜੇਵਾਲ ਅਤੇ ਮੁੰਡੀ ਛੰਨਾ ਦੀਆਂ ਪੰਚਾਇਤਾਂ ਕੋਲ ਰੱਖਿਆ। ਤਿੰਨਾ ਪਿੰਡਾਂ ਦੇ ਸਰਪੰਚ, ਪੰਚ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਜਦੋਂ ਸਕੂਲ ਮੁਖੀ ਨਾਲ ਗੱਲਬਾਤ ਕਰਨ ਲਈ ਸਕੂਲ ਪੁੱਜੇ ਤਾਂ ਸਕੂਲ ਮੁਖੀ ਵੱਲੋਂ ਦੁਰਵਿਹਾਰ ਕੀਤਾ ਗਿਆ ਅਤੇ ਕਿਸੇ ਵੀ ਤਰ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦੇ ਹੋਏ ਕਹਿ ਦਿੱਤਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਤੋਂ ਲਿਖਵਾ ਕੇ ਲਿਆਓ ਨਹੀਂ ਤਾਂ ਹਾਜ਼ਰੀ ਨਹੀਂ ਲੱਗੇਗੀ। ਅਗਲੇ ਦਿਨ 24 ਜਨਵਰੀ ਨੂੰ ਸਕੂਲ ਮੁਖੀ ਵੱਲੋਂ ਪੀੜਤ ਅਧਿਆਪਕ ਸੁਰਿੰਦਰ ਸਿੰਘ ਨੂੰ ਸਕੂਲ ਵਿੱਚੋਂ ਸ਼ਰੇਆਮ ਅਪਮਾਨਿਤ ਕਰਕੇ ਸਕੂਲ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਸਕੂਲ ਮੈਨੇਜਮੈਂਟ ਕਮੇਟੀਆਂ ਤੇ ਭਰਾਤਰੀ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਤਾਂ ਸਕੂਲ ਮੁਖੀ ਵੱਲੋਂ ਹੈਂਕੜਬਾਜ ਰਵੱਈਆ ਅਖਤਿਆਰ ਕਰਦੇ ਹੋਏ ਖੁੱਲੀ ਧਮਕੀ ਦਿੱਤੀ ਗਈ ਕਿ ਜਦ ਤੱਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਹੀਂ ਕਹੇਗਾ। ਪੀੜਿਤ ਅਧਿਆਪਕ ਨੂੰ ਸਕੂਲ ਵਿੱਚ ਵੜਨ ਲਈ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਕੂਲ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਦੀ ਇਹ ਸਕੂਲ ਮੁਖੀ ਸਕੂਲ ਵਿੱਚ ਆਈ ਹੈ ਸਕੂਲ ਦਾ ਮਾਹੌਲ ਬਹੁਤ ਵਿਗੜ ਗਿਆ ਹੈ। ਸਕੂਲ ਵਿੱਚ ਪੜ੍ਹਾਈ ਦਾ ਵਾਤਾਵਰਨ ਨਹੀਂ ਰਿਹਾ । ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਜਥੇਬੰਦੀਆਂ ,ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਸਕੂਲ ਦੇ ਅਧਿਆਪਕ ਸੁਰਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। 27 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਕਪੂਰਥਲਾ ਦੇ ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਡੀ ਟੀ ਐਫ ਦੇ ਆਗੂ ਤਜਿੰਦਰ ਸਿੰਘ ਅਲੌਦੀਪੁਰ ,ਜੈਮਲ ਸਿੰਘ ,ਪਵਨ ਕੁਮਾਰ ਜੋਸ਼ੀ ,ਬਲਵੀਰ ਸਿੰਘ ,ਗੁਰਦੀਪ ਸਿੰਘ ਧੰਮ ,ਰਸ਼ਪਾਲ ਸਿੰਘ ਵੜੈਚ, ਅਵਤਾਰ ਸਿੰਘ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਗੌਰਵ ਗਿੱਲ ,ਮਲਕੀਤ ਸਿੰਘ, ਬਲਵਿੰਦਰ ਭੰਡਾਲ ,ਸੁਰਿੰਦਰਪਾਲ ਸਿੰਘ, ਨਰਿੰਦਰ ਔਜਲਾ, ਨੱਥਾ ਸਿੰਘ ਮੈਂਬਰ , ਮਹਿੰਦਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਦੇਸਲ , ਮੁਖਤਿਆਰ ਸਿੰਘ ਸਾਬਕਾ ਸਰਪੰਚ, ਬੱਗਾ ਸਿੰਘ, ਸੰਤੋਖ ਸਿੰਘ ,ਪ੍ਰੀਤਮ ਸਿੰਘ, ਸੁਰਜੀਤ ਸਿੰਘ, ਰਾਜਵੰਤ ਕੌਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



