ਅੰਬੇਡਕਰਵਾਦੀਆਂ ਲਈ ਵੰਗਾਰ ਹੈ-ਮੌਜੂਦਾ ਰਾਜਨੀਤੀ

ਐਸ ਐਲ ਵਿਰਦੀ ਐਡਵੋਕੇਟ
ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ) ‘ਅੰਬੇਡਕਰਵਾਦ’ ਕੀ ਹੈ? ਇੱਕ ਵਾਰ ਡਾ.ਅੰਬੇਡਕਰ ਨੂੰ ਪੁੱਛਿਆ ਗਿਆ ਕਿ ਦੋ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਤੁਹਾਡਾ ਵਾਦ ਜਾਂ ਫ਼ਲਸਫ਼ਾ ਕੀ ਹੈ? ਉਹਨਾਂ ਕਿਹਾ ਕਿ ਦੋ ਸ਼ਬਦਾਂ ਵਿੱਚ ਮੇਰਾ ਫ਼ਲਸਫ਼ਾ ਜਾਂ ਵਾਦ ‘ਉਪਯੋਗਤਾ ਅਤੇ ਨਿਆਂ’ ’ਤੇ ਅਧਾਰਤ ਹੈ। ਉਪਯੋਗਤਾ ਤੋਂ ਮੇਰਾ ਭਾਵ-ਇਹ ਹੈ ਕਿ ਮਨੁੱਖ ਜਨਮ ਤੋਂ ਮੌਤ ਤੱਕ, ਸਵੇਰ ਤੋਂ ਸ਼ਾਮ ਤਕ, ਸਮਾਜ ਵਿੱਚ ਆਪਣੇ ਜੀਵਨ ਦਾ ਉਪਯੋਗ ਇਸ ਤਰ੍ਹਾਂ ਕਰੇ ਕਿ ਉਸ ਦੀ ਮੇਹਨਤ ਦਾ ਫ਼ਲ ਸਮੂਹਿਕ ਹੋਵੇ। ਭਾਵ ਸਮਾਜ ਦੇ ਭਲੇ ਵਿੱਚ ਹੋਵੇ ਕਿਉਂੁਕ ਉਹ ਵੀ ਸਮਾਜ ਦਾ ਹੀ ਇੱਕ ਹਿੱਸਾ ਹੈ। ਦੂਜਾਨਿਆਂ ਜਮਹੂਰੀਅਤ ਦਾ ਮੁਢਲਾ ਸਿਧਾਂਤ ਨਿਆਂ ਹੈ।
ਜਮਹੂਰੀਅਤ ਉਹ ਵਿਵਸਥਾ ਹੈ ਜੋ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨੂੰ ਜੀਵਨ ਦੇ ਅਸੂਲਾਂ ਦੇ ਤੌਰ ’ਤੇ ਮੰਨਦਾ ਹੈ। ਇਹ ਤਿੰਨੇ ਇੰਝ ਇੱਕ ਮਿੱਕ ਹਨ ਕਿ ਇੱਕ ਨੂੰ ਦੂਜੇ ਤੋਂ ਅਲੱਗ ਕਰਨਾ, ਜਮਹੂਰੀਅਤ ਦੇ ਮੂਲ ਨੂੰ ਹੀ ਖਤਮ ਕਰਦਾ ਹੈ। ਆਜ਼ਾਦੀ ਨੂੰ ਬਰਾਬਰੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਨਾ ਹੀ ਆਜ਼ਾਦੀ ਅਤੇ ਬਰਾਬਰੀ ਨੂੰ ਭਾਈਚਾਰੇ ਤੋਂ ਜੁਦਾ ਕੀਤਾ ਜਾ ਸਕਦਾ ਹੈ। ਬਰਾਬਰੀ ਤੋਂ ਬਗੈਰ ਆਜ਼ਾਦੀ ਕੁਝ ਲੋਕਾਂ ਨੂੰ ਬਹੁਤਿਆਂ ਤੋਂ ਬੇਹਤਰ ਬਣਾਵੇਗੀ। ਆਜ਼ਾਦੀ ਤੋਂ ਬਗੈਰ ਬਰਾਬਰੀ ਨਿੱਜੀ ਉਤਸ਼ਾਹ ਨੂੰ ਖਤਮ ਕਰੇਗੀ। ਸਮਾਨਤਾ ਬਗੈਰ ਭਾਈਚਾਰਾ ਸੰਭਵ ਨਹੀ। ਭਾਈਚਾਰੇ ਤੋਂ ਬਿਨਾਂ ਆਜ਼ਾਦੀ ਤੇ ਬਰਾਬਰੀ ਸੁਭਾਵਕ ਨਹੀਂ ਹੋ ਸਕਦੀਆਂ। ਸਮਾਜ ਵਿੱਚ ਹਰ ਇੱਕ ਨਾਲ ਨਿਆਂ ਹੋਣਾ ਚਾਹੀਦਾ ਹੈ।
ਅੰਬੇਡਕਰਵਾਦ ਦਾ ਮੰਤਵ ਹਜ਼ਾਰਾਂ ਸਾਲਾਂ ਤੋਂ ਜਾਨਵਰ ਤੇ ਗੁਲਾਮ ਬਣਾਏ ਗਏ ਮਨੁੱਖ ਨੂੰ ਮੁੜ ਇਨਸਾਨ ਬਣਾਉਣਾ, ਉਸ ਵਿੱਚ ਆਸਾਂ ਜਗਾਉਣਾਹੈ। ਉਸ ਵਿੱਚ ਮਸਲ ਦਿੱਤੀਆਂ ਕਲਾਵਾਂ ਨੂੰ ਮੁੜ ਸੁਰਜੀਤ ਕਰਨਾ ਹੈ ਅਤੇ ਉਸ ਨੂੰ ਨਿੱਜ ਤੋਂ ਨਿਜਾਤ ਦਵਾ ਕੇ ਸਮਾਜੀ ਹਮਦਰਦ ਬਣਾਉਣਾਹੈ। ਮਨੁੱਖ ਨੂੰ ਪੂੰਜੀਵਾਦ ਤੇ ਮਨੂੰਵਾਦ ਵਿਰੁੱਧ ਇਨਕਲਾਬ ਦਾ ਮੋਹਰੀ ਬਣਾ ਕੇ ਉਸ ਤੋਂ ਸਮਾਜਵਾਦ (ਬੇਗ਼ਮਪੁਰਾ) ਦੀ ਸਿਰਜਣਾ ਕਰਾਉਣਾ ਹੈ।
ਜਦਕਿ ਇਸ ਤੋਂ ਉਲਟ ਮਨੂੰਵਾਦੀਆਂ ਦਾ ਮੂਲ ਮਨੋਰਥ ਵੱਧ ਤੋਂ ਵੱਧ ਪੈਸਾ ਕਮਾਉਣਾ ਹੈ। ਇਸ ਦੀ ਪੂਰਤੀ ਲਈ ਕਦੇ ਉਹ ਰਾਜਨੀਤੀ ਵੱਲ੍ਹ, ਕਦੇ ਮੁਨਾਫੇ ਵੱਲ੍ਹ ਭਜਦਾ ਹੈ, ਭ੍ਰਿਸ਼ਟਾਚਾਰ ਕਰਦਾ ਹੈ, ਬੇਈਮਾਨ ਤੇ ਅਡੰਬਰ ਰਚਦਾ ਹੈ। ਉਸ ਦੇ ਮਨ ’ਚ ਮਨੁੱਖੀ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੁੰਦੀ ਬਸ ਵੱਧ ਤੋਂ ਵੱਧ ਚੌਧਰ ਤੇ ਧੰਨ ਇਕੱਠਾ ਕਰਨਾ ਹੀ ਉਸ ਦਾ ਧਰਮ ਹੁੰਦਾ ਹੈ। ਇਸ ਲਈ ਉਹ ਜੋ ਮਰਜੀ ਕਰ ਸਕਦਾ ਹੈ, ਆਪਣੇ ਵਿਰੋਧੀਆਂ ਨੂੰ ਮਰਵਾ ਸਕਦਾ ਹੈ। ਦੁਸ਼ਮਣ ਨਾਲ ਸਮਝੌਤਾ ਕਰ ਸਕਦਾ ਹੈ, ਕੋਈ ਮਨਮੱਤੀ ਸਿਧਾਂਤ ਬਣਾ ਸਕਦਾ ਹੈ। ਸਹੀ ਰਾਹ ਉਤੇ ਚਲ ਰਹੇ ਲੋਕਾਂ ਨੂੰ ਕੁਰਾਹੇ ਪਾ ਸਕਦਾ ਹੈ।
ਮਨੂੰਵਾਦ ਦਾ ਸਿਧਾਂਤ ਹੈ ਕਿ ਜਦੋਂ ਕਿਸੇ ਸਹੀ ਵਿਚਾਰ, ਸੰਘਰਸ਼, ਅੰਦੋਲਨ ਨੂੰ ਖ਼ਤਮ ਕਰਨਾ ਹੋਵੇ, ਜਾਂ ਘਟੀਆ ਦਰਜੇ ਦਾ ਬਣਾ ਕੇ ਰੱਖਣਾ ਹੋਵੇ, ਜ਼ਾਂ ਗੁਲਾਮ ਬਣਾਕੇ ਰੱਖਣਾ ਹੋਵੇ ਤਾਂ ਪਹਿਲਾ, ਜਿਹੜਾ ਉਹਨਾਂ ਦਾ ਸਿਰਕੱਢ ਲੀਡਰ ਆ, ਜਿਹੜਾ ਕੋਈ ਅੰਦੋਲਨ ਕਰਦਾ ਹੈ, ਜਾਂ ਡਰਦਾ ਨਹੀਂ, ਉਸ ਨੂੰ ਬੁਲਾਉ, ਫਿਰ ਆਪਣੇ ਸਾਮ ਦਾਮ ਭੇਦ ਦੰਡ ਰਾਂਹੀ ਉਸ ਨੂੰ ਬਾਰ-ਬਾਰ ਲਿਤਾੜੋ, ਫਿਰ ਲਤਾੜੋ, ਤਾਂ ਜੋ ਕਿ ਉਸ ਨੂੰ ਦੇਖ ਕੇ ਬਾਕੀ ਸਭ ਭੈ-ਭੀਤ ਹੋ ਜਾਣਗੇ।
ਡਾ. ਅੰਬੇਕਰ ਕਹਿੰਦੇ, ਉਹ ਲੋਕ ਭੁਲੇਖੇ ’ਚ ਹਨ ਜੋ ਇਹ ਸੋਚਦੇ ਹਨ ਕਿ ਉਹ ਚਲਾਕੀ ਨਾਲ ਮਨੂੰਵਾਦੀਆਂ ਕੋਲੋਂ ਸੱਤਾ ਹਥਿਆ ਲੈਣਗੇ। ਸਾਂਝੇ ਸਮਝੌਤਿਆਂ ਦੀ ਚੋਣ ਰਾਹੀਂ ਉਹ ਦੋ-ਚਾਰ ਤੋਂ ਵੱਧ ਆਪਣੇ ਮੈਂਬਰ ਭੇਜ ਨਹੀਂ ਸਕਦੇ। ਉਹਨਾਂ ਦੋਂਹ-ਚਹੁੰ ਮੈਂਬਰਾਂ ਨੂੰ ਵੀ ਖੁੱਲ੍ਹੀ ਤੇ ਨਿਰਭੈ ਹੋ ਕੇ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਪਿਛਲੇਰੇ ਸਮਝੌਤਿਆਂ ਵਿੱਚ ਹੀ ਦੇਖਣ ਵਿੱਚ ਆਇਆ ਹੈ ਕਿ ਘੱਟ-ਗਿਣਤੀ ਦੇ ਮੈਂਬਰਾਂ ਨੂੰ ਬਿਨਾਂ ਸੁਣੇ ਤੇ ਬਿਨਾਂ ਵਿਚਾਰੇ ਹੀ ਲੋਕ-ਸਭਾ ਵਿੱਚੋਂ ਖ਼ਾਰਜ ਕਰ ਦਿੱਤਾ ਜਾਂਦਾ ਹੈ ਅਤੇ ਪਿੱਛੋਂ ਵੀ ਆਪਣਾ ਦੁੱਖ ਰੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੂੰ ਮੇਰਾ ਇਹੋ ਕਹਿਣਾ ਹੈ ਕਿ ਜੇ ਅਸੀਂ ਮਨੂੰਵਾਦੀਆਂ ਨਾਲ ਮਿਲਕੇ ਕੁਝ ਝੂਠੀਆਂ ਪ੍ਰਾਪਤੀਆਂ ਕਰ ਵੀ ਲਈਏ ਤਾਂ ਉਹ ਲਾਭ ਦੀ ਬਜਾਏ ਹਾਨੀਕਾਰਕ ਜ਼ਿਆਦਾ ਸਿੱਧ ਹੋਣਗੀਆਂ।
ਜਿਨ੍ਹਾਂ ਲੋਕਾਂ ਦੇ ਹੱਥ ਰਾਜਨੀਤਕ ਸ਼ਕਤੀ ਆ ਜਾਂਦੀ ਹੈ, ਉਹ ਆਪਣੀ ਮਨਮਰਜੀ ਦਾ ਇਤਿਹਾਸ ਵੀ ਆਪ ਹੀ ਘੜ ਲੈਂਦੇ ਹਨ। ਆਪਣੇ ਨਿੱਜੀ ਸਵਾਰਥਾਂ ਜਾਂ ਗਲਤੀਆਂ ਦੇ ਖਮਿਆਜੇ ਭੁਗਤਣ ਤੋਂ ਬਚਣ ਲਈ ਆਪਣੀ ਸ਼ਕਤੀ ਨੂੰ ਬਿਨਾਂ ਸ਼ਰਤ ਦੁਸ਼ਮਣਾਂ ਦੇ ਹਵਾਲੇ ਕਰ ਦੇਣਾ, ਕੋਈ ਅੰਬੇਡਕਰਵਾਦੀ ਰਾਜਨੀਤੀ ਨਹੀਂ, ਬਲਕਿ ਮਨੂੰਵਾਦੀਆਂ ਨੂੰ ਮਨ-ਆਈਆਂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸਾਡੇ ਸਾਹਮਣੇ ਹਨ।
ਜਿਹੜੇ ਲੋਕ, ਸੰਸਥਾ ਜਾਂ ਪਾਰਟੀ, ਆਪਣੇ ਨਿੱਜੀ ਸਵਾਰਥਾਂ ਤੇ ਲੁੱਟ-ਖਸੁੱਟ ਲਈ ਸਿਆਣਿਆਂ ਨੂੰ ਸਲਾਹੁਣ ਦੀ ਬਨਿਸਬਤ, ਧੱਕੇ ਮਾਰਨ, ਬਦਮਾਸ਼ੀ ਤੇ ਸੀਨਾਜ਼ੋਰੀ ਨੂੰ ਤਰਜੀਹ ਦੇਣ ਲੱਗ ਪੈਣ, ਉਹ ਕਦੇ ਵੀ ਰਾਜ ਜਾਂ ਤਰੱਕੀ ਨਹੀਂ ਕਰ ਸਕਦੇ, ਕਿਉਂਕਿ ਸਭ ਕੁਝ ਸਿੱਖਿਆ/ਗਿਆਨ ਅਧਾਰਤ ਹੈ। ਗਿਆਨ ਇਨਸਾਨ ਦੀ ਜ਼ਿੰਦਗੀ ਦੀ ਨੀਂਅ ਹੈ ਅਤੇ ਆਪਣੀ ਬੌਧਿਕ ਸਹਿਣ ਸ਼ਕਤੀ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ, ਆਪਣੀ ਬੁੱਧੀ ਨੂੰ ਵਧਾਓ। ਅੰਗਰੇਜ਼ਾਂ, ਯੁਨਾਨੀਆਂ, ਮੁਗਲਾਂ ਤੇ  ਹੋਰ ਕੌਮਾਂ ਨੇ ਸਿਆਣਪ ਨਾਲ ਹੀ ਦੁਨੀਆਂ ’ਤੇ ਰਾਜ ਕੀਤਾ ਹੈ।
ਸਵਾਰਥੀ ਆਗੂਆਂ ਦਾ ਫਲਸਫਾ ਕੁਝ ਹੋਰ ਹੁੰਦਾ ਹੈ ਅਤੇ ਪ੍ਰਚਾਰ ਕੁਝ ਹੋਰ ਹੀ ਕੀਤਾ ਜਾਂਦਾ ਹੈ ਅਤੇ ਲੋਕ ਪ੍ਰਚਾਰੀ ਝੂਠੀ ਗੱਲ ਨੂੰ ਹੀ ਸੱਚਾ ਫਲਸਫਾ ਮੰਨ ਲੈਂਦੇ ਹਨ ਤਾਂ ਮਿਥਿਹਾਸ ਚੱਲ ਪੈਂਦਾ ਹੈ ਅਤੇ ਸੱਚਾ ਇਤਿਹਾਸ ਦੱਬ ਜਾਂਦਾ ਹੈ। ਝੂਠਾ ਸੱਚ ਸਾਬਤ ਹੋ ਜਾਂਦਾ ਹੈ, ਸੱਚਾ ਬਦਨਾਮ ਹੋ ਜਾਂਦਾ ਹੈ। ਸੱਚ ਅਤੇ ਝੂਠ ਦੀ ਜੰਗ ਦੁਨੀਆਂ ਵਿੱਚ ਚੱਲਦੀ ਰਹੀ ਹੈ ਤੇ ਚਲਦੀ ਰਹਿਣੀ ਹੈ। ਪਰ ਸੱਚ ਦਾ ਕਾਰਵਾਂ ਅੱਗੇ ਤੋਂ ਅੱਗੇ ਵੱਧਦਾ ਰਹਿੰਦਾ ਹੈ।
ਸਾਡੇ ਆਗੂਆਂ ਨੇ ਆਮ ਲੋਕਾਂ ਵਿੱਚ ਖੜ੍ਹਕੇ ਮੰਚਾਂ ਤੋਂ ਵਾਰ-ਵਾਰ ਕਿਹਾ ਕਿ ਮੇਰੇ ਟੱਬਰ ਵਿੱਚੋਂ ਕੋਈ ਵੀ ਸਿਆਸਤ ਵਿੱਚ ਨਹੀਂ ਆਵੇਗਾ। ਪਰ ਹੋਇਆ ਉਸਦੇ ਉਲਟ। ਮਨੂੰਵਾਦੀ ਸਾਮਰਾਜੀ, ਆਪਣੇ ਸਾਮ-ਦਾਮ, ਭੇਦ ਦੰਡ ਦੇ ਛੜਯੰਤਰਾਂ ਰਾਹੀਂ ਲਹਿਰਾਂ ਵਿੱਚੋਂ ਇਹੋ ਜਿਹੇ ਕਈ ਸਵਾਰਥੀ ਆਗੂਆਂ ਨੂੰ ਖਰੀਦਦੇ ਹਨ, ਫਿਰ ਆਪਣਾ ਮਤਲਬ ਕੱਢ ਕੇ ਪੁੱਛਦੇ ਨਹੀਂ।ਬੱਸ ਐਮਰਜੈਂਸੀ ਮੌਕੇ ਵਰਤੋਂ ਲਈ ਸਿਰਫ ਸਟਿੱਪਨੀ ਬਣਾ ਕੇ ਰੱਖਦੇ ਹਨ। ਜ਼ਿਉਦੇ ਰੱਖਣ ਲਈ ਕਦੇ-ਕਦੇ ਮਾੜੀ ਮੋਟੀ ਬੁਰਕੀ ਸੁੱਟ ਦਿੰਦੇ ਹਨ।  ਕਿਉਕਿ ਵਿਚੋਲਿਆਂ ਦੇ ਹੱਥ ਬੜੇ ਲੰਬੇ ਹੁੰਦੇ ਹਨ।
ਇੰਨਾ ਹੀ ਨਹੀ ਸਵਾਰਥੀ ਰਾਜਨੀਤੀ ਨੇ ਮਨੂੰਵਾਦੀਆਂ ਦੇ ਇਸ਼ਾਰੇ ਉਤੇ ਸਮਾਜ ਵਿੱਚੋਂ, ਅੰਬੇਡਕਰਵਾਦੀ ਤੇ ਅਧੁਨਿਕ ਰਾਜਨੀਤੀ ਅਤੇ ਸਿਆਸਤ ਨੂੰ ਸਮਝਣ ਵਾਲੇ, ਚੁਣ-ਚੁਣ ਕੇ ਕੁੱਝ ਬਾਹਰ, ਤੇ ਕੁੱਝ ਹਾਸ਼ੀਏ ਉਤੇ ਸੁੱਟ ਦਿੱਤੇ ਹਨ। ਇਹੀ ਕਾਰਨ ਹੈ ਕਿ ਹੁਣ ਅੰਬੇਡਕਰਵਾਦੀ ਕੋਈ ਰਾਜਨੀਤੀ ਤੇ ਅੰਦੋਲਨ ਨਹੀਂ ਉਠ ਰਿਹਾ ਹੈ। ਸਾਡੀ ਰਾਜਨੀਤੀ ਦਾ ਹਸ਼ਰ ਸਾਹਮਣੇ ਹੈ।
ਲੀਡਰ ਬਾਰ-ਬਾਰ ਨੌਜੁਆਨਾਂ/ਵਿਦਿਆਰਥੀਆਂ ਨੂੰ ਭੜਕਾਉਂਦੇ ਤੇ ਉਕਸਾਉਂਦੇ ਹਨ। ਜਦ ਇਹ ਨੌਜੁਆਨ ਆਪਣੇ ਮਾਨ-ਸਨਮਾਨ ਦੀ ਗੱਲ ਕਰਦੇ ਹਨ ਤਾਂ ਆਪੇ ਖੁਦਾ ਬਣੇ ਲੀਡਰ ਇਨ੍ਹਾਂ ਨੂੰ ਸੰਸਥਾ/ਪਾਰਟੀ ’ਚੋਂ ਬਾਹਰ ਕੱਢ ਦਿੰਦੇ ਹਨ। ਇਹੋ ਜਿਹੇ ਮਕਾਰੀ ਲੀਡਰ ਦੁਨੀਆਂ ਦੇ ਹੋਰ ਕਿਸੇ ਸਮਾਜ/ਪਾਰਟੀ ਵਿੱਚ ਦੇਖਣ ਨੂੰ ਨਹੀਂ ਮਿਲਦੇ। ਇਹਨਾਂ ਸਵਾਰਥੀ ਆਗੂਆਂ ਲੱਖਾਂ ਨੌਜੁਆਨਾਂ/ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਟੱਬਰਾਂ ਦੇ ਟੱਬਰ ਬਰਬਾਦ ਕਰ ਦਿੱਤੇ ਹਨ।
ਡਾ. ਅੰਬੇਡਕਰ ਕਹਿੰਦੇ ਤਾਕਤ ਉਦੋਂ ਵਰਤਨੀ ਚਾਹੀਦੀ ਹੈ, ਜਦੋਂ ਲੋੜ ਹੋਵੇ। ਮੂਰਖਤਾ, ਮਕਾਰੀ, ਮੌਕਾ ਪ੍ਰਸਤੀ ਮਨੁੱਖ ਨੂੰ ਮਸਲ ਕੇ ਰੱਖ ਦਿੰਦੀ ਹੈ। ਬੇਵਕਤ ਤਾਕਤ, ਹਉਮੈ ਅਤੇ ਆਕੜ ਮਨੁੱਖ ਨੂੰ ਲੈ ਡੁੱਬਦੀ ਹੈ। ਅਜਿਹੇ ਆਗੂ ਵਿਕੇ ਹੋਏ ਹੁੰਦੇ ਹਨ, ਇਹ ਮਨੂੰਵਾਦੀਆਂ ਦੇ ਏਜੰਟ ਹਨ। ਮਨੂੰਵਾਦੀ ਸਿਰਫ਼ ਇਹਨਾਂ ਦੀਆਂ ਲਾਲਸਾਵਾਂ ਦੀ ਹੀ ਪੂਰਤੀ ਕਰਦੇ ਹਨ। ਸੰਘਰਸ਼ ਤੇ ਸੰਘਰਸ਼ ਕੀਤੇ ਬਿਨਾਂ ਕੋਈ ਵੀ ਦੱਬਿਆ ਕੁਚਲਿਆ ਆਦਮੀ ਮਹਾਨਤਾ ਪ੍ਰਾਪਤ ਨਹੀਂ ਕਰ ਸਕਦਾ। ਦਲਿਤਾਂ ਨੂੰ ਅੰਦੋਲਨ ਖੜਾ ਕਰਨ ਲਈ ਆਪਣੇ ਆਰਾਮ ਨੂੰ ਤਿਆਗਣਾ ਪਵੇਗਾ।
ਡਾ. ਅੰਬੇਕਰ ਕਹਿੰਦੇ ਤੁਹਾਡੇ ਕੋਲ ਯੋਗ ਨੇਤਾ ਹੋਣਾ ਚਾਹੀਦਾ ਹੈ। ਤੁਹਾਡੇ ਨੇਤਾ ਵਿੱਚ ਕਿਸੇ ਵੀ ਪਾਰਟੀ ਦੇ ਨੇਤਾ ਦੀ ਬਰਾਬਰੀ ਦੀ ਹਿੰਮਤ ਅਤੇ ਕਾਬਲੀਅਤ ਹੋਣੀ ਚਾਹੀਦੀ ਹੈ। ਨਾਕਾਬਿਲ (ਨਲਾਇਕ) ਲੀਡਰਸ਼ਿਪ ਦੀ ਵਜ੍ਹਾ ਕਰਕੇ ਪਾਰਟੀ ਖ਼ਤਮ ਹੋ ਜਾਂਦੀ ਹੈ। ਕਿਸੇ ਵੀ ਪਾਰਟੀ ਦੀ ਸਫਲਤਾ ਲਈ ਕਦੇ ਵੀ ਨਾ ਵਿੱਕਣ ਵਾਲੇ ਇਮਾਨਦਾਰ ਨੇਤਾ ਜ਼ਰੂਰੀ ਹਨ।
ਦਲਿਤ ਸ਼ੋਸ਼ਿਤ ਮਜ਼ਦੂਰ ਮਨੁੱਖ ਨੂੰ ਵਡਿਆਈ ਤੇ ਗੌਰਵ ਤਦ ਹੀ ਮਿਲ ਸਕਦਾ ਹੈ ਜਦੋਂ ਉਹ ਆਪਣਾ ਐਸ਼-ਅਰਾਮ ਤਿਆਗਕੇ ਦਿ੍ਰੜ੍ਹਤਾ ਨਾਲ ਦੁਖੀ ਲੋਕਾਂ ਦੀ ਅਗਵਾਈ ਕਰੇੇਗਾ। ਜੇ ਅਸੀਂ, ਆਪਣੀਆਂ ਸੁਆਰਥੀ  ਰੁਚੀਆਂ ਨੂੰ ਮੁੱਖ ਰੱਖਕੇ ਕੇ, ਮਹਾਂਪੁਰਸ਼ਾਂ ਦੇ ਨਾਮ ਉਤੇ ਆਪਣੀ ਸੌੜੀ ਰਾਜਨੀਤੀ ਚਲਾਵਾਂਗੇ, ਤਾਂ ਸਾਨੂੰ ਪਤਨ ਵੱਲ ਜਾਣ ਤੋਂ ਕੋਈ ਨਹੀਂ ਬਚਾ ਸਕਦਾ।
ਇਹ ਹੀ ਗਲਤੀਆਂ/ਚਲਾਕੀਆਂ ਹਨ, ਜਿਨ੍ਹਾਂ ਕਾਰਨ ਸਾਡੀ ਇਹ ਦੁਰਦਸ਼ਾ ਹੋਈ ਤੇ ਲਹਿਰ ਦਾ ਪਤਨ ਹੋਇਆ, ਤੇ ਹੋ ਰਿਹਾ ਹੈ। ਅੱਜ ਅਸੀਂ ਆਪਣਿਆਂ, ਆਪਣੇ ਸਮਾਜ ਤੇ ਵਿਰੋਧੀੱਆਂ ਸਾਹਮਣੇ ਠੱਠੇ-ਮਖੌਲ ਬਣਕੇ ਰਹਿ ਗਏ ਹਾਂ ਤੇ ਆਪਣੇ ਘਰ ਵਿੱਚ ਹੀ ਜ਼ਲੀਲ ਹੋ ਰਹੇ ਹਾਂ। ਇਸ ਸਭ ਕੁੱਝ ਦੇ ਬਾਵਜੂਦ ਵੀ ਅਸੀਂ ਅਜੇ ਵੀ ਆਪਣੀਆਂ ਸਵਾਰਥੀ ਰੁਚੀਆਂ ਤੇ ਅੰਨ੍ਹੇ ਹੱਠ ਨੂੰ ਲਗਾਤਾਰ ਵਧਾਈ ਜਾ ਰਹੇ ਹਾਂ।
ਜੇ ਕੋਈ ਅੰਬੇਡਕਰਵਾਦ ਦੀ ਸਹੀ ਗੱਲ ਸਾਹਮਣੇ ਰੱਖੇ ਤਾਂ ਉਸ ਨੂੰ ‘ਨੀਤੀ-ਹੀਣ’ ‘ਸਿਆਸਤ ਤੋਂ ਕੋਰਾ’ ‘ਪਾਲਿਟਿਕਸ ਦੀ ਸਮਝ ਨਾ ਰੱਖਣ ਵਾਲਾ’ ‘ਪੜ੍ਹਿਆ ਲਿਖਿਆ ਬੇਵਕੂਫ’ ਕਹਿ ਕਹਿ ਕੇ ਭੰਡਦੇ ਹਾਂ, ਦੁਰਕਾਰਦੇ ਹਾਂ,  ਸਾਡੀ ਸਵਾਰਥੀ ਤੇ ਸੌੜੀ ਰਾਜਨੀਤੀ ਦਾ ਸਿੱਟਾ ਇਹ ਨਿਕਲਿਆ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਰਾਜ ਕਰ ਰਹੀ ਹੈ।
ਮਨੂੰਵਾਦੀ ਤਾਕਤਾਂ ਡਾ. ਅੰਬੇਡਕਰ ਦੀ ਅਹਿਮੀਅਤ ਨੂੰ ਇਸ ਕਰਕੇ ਖ਼ਤਮ ਕਰਨਾ ਚਾਹੁੰਦੀਆਂ ਹਨ, ਕਿਉਕਿ ਇੱਕ ਤਾਂ ਉਹਨਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਮਨੂੰਵਾਦ ਦੇ ਕਾਲਪਨਿਕ ਸਿਧਾਂਤ ਦਾ ਮਲੀਆ-ਮੇਟ ਕਰਦੀਆਂ ਹਨ, ਦੂਜਾ ਦਲਿਤ ਸ਼ੋਸ਼ਿਤ, ਮਜ਼ਦੂਰ ਔਰਤਾਂ ਨੂੰ ਹਿੰਦੂ-ਤਵ ਤੋਂ ਨਿਖੇੜਕੇ ਅੰਬੇਡਕਰਵਾਦੀ ਇੱਕ ਅਲੱਗ ਵਰਗ ਵਿੱਚ ਇਕੱਠਾ ਕਰਦਾ ਹੈ, ਤੀਜਾ ਸਭ ਤੋਂ ਮਹੱਤਵਪੂਰਨ ਲੋਕਤੰਤਰੀ ਵਿਵਸਥਾ ਹੈ।
ਡਾ. ਅੰਬੇਡਕਰ ਕਹਿੰਦੇ, ਸਾਨੂੰ ਲੋਕਤੰਤਰ ਪ੍ਰਤੀ ਕੇਵਲ ਪ੍ਰਤੀਬਧ ਹੀ ਨਹੀਂ ਰਹਿਣਾ ਹੈ, ਸਗੋਂ ਲੋਕਤੰਤਰ ਦੇ ਦੁਸ਼ਮਣਾਂ (ਮਨੂੰਵਾਦੀਆਂ) ਨੂੰ ਜਿਹੜੇ ਅਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਸਿਧਾਂਤ ਨੂੰ ਨਸ਼ਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਨਹੀਂ ਕਰਨੀ ਹੈ। ਬਲਕਿ ਲੋਕਤੰਤਰਿਕ ਤਾਕਤਾਂ/ਦੇਸ਼ਾਂ ਨਾਲ ਮਿਲ ਕੇ ਸੰਘਰਸ਼ ਕਰਨਾ ਹੈ। ਜੇਕਰ ਲੋਕਤੰਤਰ ਬਚਿਆ ਰਹਿੰਦਾ ਹੈ, ਤਾਂ ਜ਼ਰੂਰ ਸਾਨੂੰ ਇਸ ਦਾ ਫਲ ਮਿਲੇਗਾ। ਜੇਕਰ ਲੋਕਤੰਤਰ ਮਰਦਾ ਹੈ, ਤਾਂ ਇਸ ਵਿੱਚ ਸਾਡਾ ਸਰਵਨਾਸ਼ ਤੈਅ ਹੈ।
ਬੱਸ ਇਹ ਹੀ ਦੁੱਖ ਸੀ ਜੋ ਡਾ. ਬਾਬਾ ਸਾਹਿਬ ਅੰਬੇਡਕਰ ਜੀ ਨੇ 18 ਮਾਰਚ 1956 ਨੂੰ ਆਗਰਾ ਦੇ ਲੱਖਾਂ ਲੋਕਾਂ ਸਾਹਮਣੇ ਰੋਇਆ ਸੀ, ਪਰ ਸਵਾਰਥੀ ਆਗੂਆਂ ਨੇ ਦਲਿਤ ਸ਼ੋਸ਼ਿਤ ਮਜ਼ਦੂਰ ਔਰਤਾਂ ਦੇ ਹੰਝੂ ਤਾਂ ਕੀ ਪੋਚਣੇ ਸੀ, ਸਗੋਂ ਉਹਨਾਂ ਸਮਾਜ ਨੂੰ ਹੀ ਰੋਣ ਲਾ ਦਿੱਤਾ ਹੈ।
ਮਨੂੰਵਾਦੀ ਪਹਿਲਾਂ ਸਿੱਖਾਂ ਪ੍ਰਤੀ ਸਖ਼ਤ ਹੋਏ, ਅਸੀਂ ਚੁੱਪ ਰਹੇ, ਮਨੂੰਵਾਦੀ ਫਿਰ ਕਮਿਊਨਿਸਯਾਂ ਪ੍ਰਤੀ ਸਖ਼ਤ ਹੋਏ, ਤਾਂ ਅਸੀਂ ਚੁੱਪ ਰਹੇ, ਮਨੂੰਵਾਦੀ ਫਿਰ ਇਸਾਈਆਂ ਪ੍ਰਤੀ ਸਖ਼ਤ ਹੋਏ, ਤਾਂ ਅਸੀਂ ਚੁੱਪ ਰਹੇ, ਮਨੂੰਵਾਦੀ ਫਿਰ ਮੁਸਲਮਾਨਾਂ ਪ੍ਰਤੀ ਸਖ਼ਤ ਹੋਏ, ਤਾਂ ਅਸੀਂ ਚੁੱਪ ਰਹੇ, ਜਦ ਮਨੂੰਵਾਦੀ ਦਲਿਤ-ਮਜ਼ਦੂਰਾਂ ਪ੍ਰਤੀ ਸਖ਼ਤ ਹੋਏ, ਤਾਂ ਕੋਈ ਬੋਲਣ ਵਾਲਾ ਰਿਹਾ ਹੀ ਨਹੀਂ।
ਪਰ ਅੰਬੇਡਕਰਵਾਦ ਦੇ ਹਿੱਤੂ ਅਤੇ ਪ੍ਰੀਵਰਤਨ ਦਾ ਝੰਡਾ ਬੁਲੰਦ ਰੱਖਣ ਵਾਲੇ, ਜਿਹੜੇ ਸਾਥੀ ਅਜੇ ਵੀ ਦਬੇ ਹੋਏ ਜਾਂ ਦੜ ਵੱਟੀ ਆਪਣੇ ਘਰਾਂ ਵਿੱਚ, ਚੰਗੇ ਸਮੇਂ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਦੀ ਇਹ ਸੋਚ ਅੰਬੇਡਕਰਵਾਦੀ ਨਹੀਂ, ਕਿਉਂਕਿ ਸਵਾਰਥ ਤੇ ਅਡੰਬਰਾਂ ਦੇ ਪਰਦਿਆਂ ਪਿੱਛੇ ਪਨਪੀ ਸਵਾਰਥੀ ਰਾਜਨੀਤੀ ਮਨੁੱਖਤਾ ਦਾ ਭਲਾ ਨਹੀ ਕਰ ਰਹੀ ਬਲਕਿ ਆਪਣੇ ਨਿੱਜੀ ਸੁਆਰਥਾਂ ਦੀ ਸਿੱਧੀ ਲਈ ਸਾਜ਼ਿਸ਼ਾਂ ਦੇ ਛੜਯੰਤਰ ਰਚ ਰਹੀ ਹੈ। ਬੱਸ ਇਹੋ ਜਿਹੀ ਰਾਜਨੀਤੀ ’ਚ ਅਸੀ ਪਿਛਲੇ 25-30 ਸਾਲਾਂ ਤੋਂ ਮਜ਼ੂਸ  ਹੋਈ ਬੈਠੇ ਆ।
ਪ੍ਰਸਿੱਧ ਇਤਿਹਾਸਕਾਰ ਆਕਟਨ ਨੇ ਠੀਕ ਹੀ ਕਿਹਾ ਕਿ ਜਦੋਂ ਸਮੇਂ ਦੀ ਚਾਲ ਨਾਲ ਕਿਸੇ ਘਟਨਾ ਸੰਬੰਧੀ ਉਠੀ ਧੂੜ ਬਹਿ ਜਾਵੇ, ਤਾਂ ਹੀ ਉਸ ਘਟਨਾ ਦਾ ਇਤਿਹਾਸਕ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।
ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਬਹੁ-ਗਿਣਤੀ ਅੰਬੇਡਕਰੀ ਅੱਜ ‘‘ਮੈਨੂੰ ਕੀ’’ ਵਾਲਾ ਵਤੀਰਾ ਅਪਣਾ ਰਹੇ ਹਨ। ਅਤੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਵਿਅਕਤੀ ਕੇਵਲ ਆਪਣੇ ਦੁਆਰਾ ਕੀਤੇ ਕੰਮਾਂ-ਕਾਰਜਾਂ ਲਈ ਹੀ ਜ਼ਿੰਮੇਵਾਰ ਨਹੀਂ ਹੁੰਦਾ ਸਗੋਂ, ਜੋ ਕਾਰਜ ਉਹ ਨਹੀਂ ਕਰਦਾ ਉਸ ਲਈ ਵੀ ਉਤਰਦਾਈ ਹੁੰਦਾ ਹੈ। ਇਕ ਅੰਬੇਡਕਰੀ ਨੂੰ ਗਲਤ ਨੂੰ ਗਲਤ ਕਹਿੰਦੇ ਰਹਿਣਾ ਚਾਹੀਦਾ ਹੈ।
ਡਾ. ਅੰਬੇਕਰ ਕਹਿੰਦੇ, ਹੁਣ ਤੱਕ ਇਹਨਾਂ ਲੀਡਰਾਂ ਦੀ ਕਾਰਗੁਜ਼ਾਰੀ ਰਾਜਨੀਤਕ ਜੀਵਨ ਨੂੰ ਕਾਇਮ ਰੱਖਣ ਤਕ ਹੀ ਸੀਮਤ ਰਹੀ ਹੈ। ਹੋਰ ਵੀ ਕਈ ਖੇਤਰ ਹਨ, ਜਿੱਥੇ ਉਹਨਾਂ ਨੂੰ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕਰਨਾ ਚਾਹੀਦਾ ਹੈ। ਪਿੰਡਾਂ ਕਸਬਿਆਂ ਵਿੱਚ ਦਲਿਤ ਮਜ਼ਦੂਰ, ਔਰਤਾਂ ਤੇ ਅੱਤਿਆਚਾਰ ਹੋ ਰਹੇ ਹਨ। ਇਹ ਉਹ ਮੈਦਾਨ ਹਨ, ਜਿੱਥੇ ਤੁਹਾਨੂੰ ਲੋਕਾਂ ਨੂੰ ਸੰਗਠਤ ਕਰਨਾ ਚਾਹੀਦਾ ਹੈ। ਇਹ ਕੰਮ ਐਨਾ ਵੱਡਾ ਹੈ ਕਿ ਸਾਰੇ ਦਲਿਤ ਸ਼ੋਸ਼ਿਤ ਮਜ਼ਦੂਰ ਔਰਤਾਂ ਸੰਗਠਤ ਹੋਕੇ ਇੱਕ ਸਾਥ ਸੰਘਰਸ਼ ਕਰਨਾ ਹੋਵੇਗਾ।
ਅੱਜ ਅੰਬੇਡਕਰੀ ਅੰਦੋਲਨ ਵਿੱਚ ਤਿੰਨ ਤਰ੍ਹਾਂ ਦੇ ਲੋਕ ਹਨ। ਇੱਕ ਵਰਕਰ ਹਨ, ਦੂਜੇ ਮਿਸ਼ਨਰੀ ਹਨ, ਤੀਜੇ ਕਮਿਸ਼ਨਰੀ ਹਨ। ਭਾਵੇਂ ਬਹੁਤ ਸਾਰੇ ਸਵਾਰਥੀ ਰਾਜਨੀਤਕ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਅੰਬੇਡਕਰਵਾਦ ਨੂੰ ਖਤਮ ਕਰਨ, ਜਾਂ ਕੁਰਾਹੇ ਪਾਉਣ ਲਈ ਸਰਗਰਮ ਹਨ, ਪਰ ਅਸੀਂ ਅੰਬੇਡਕਰਵਾਦੀ, ਸੋਸ਼ਣ ਮੁਕਤ ਸਮਾਜ ਦੀ ਸਿਰਜਨਾ ਲਈ ਆਖ਼ਰੀ ਦਮ ਤੱਕ ਲੜਦੇ ਆ ਰਹੇ ਹਾਂ ਤੇ ਲੜਦੇ ਰਹਾਂਗੇ।
ਡਾ. ਅੰਬੇਡਕਰ ਲਿੱਖਦੇ, ਤਥਾਗਤ ਬੁੱਧ ਕਹਿੰਦੇ ਕਿ ਅਸੀ ਉਚ, ਉਦਮ, ਮਹਾਨਤਾ ਤੇ ਤਰੱਕੀ ਜਾਫਤਾ ਵਿਵਸਥਾ ਲਈ ਲੜ ਰਹੇ ਹਾਂ, ਕਿਉਂਕਿ ਅਸੀਂ ਲੜਾਈ ਕਰਦੇ ਹਾਂ, ਇਸ ਲਈ ਅਸੀਂ ਯੋਧਾ ਹਾਂ। ਅੰਬੇਡਕਰਵਾਦ ਪ੍ਰਤੀ ਨਫਰਤ, ਸਾਨੂੰ ਰਾਹੋਂ ਨਹੀਂ ਭਟਕਾ ਸਕਦੀ। ਅਸੀਂ ਲੜਦੇ ਰਹਿਣਾ ਹੈ ਤੇ ਬੁਰਾਈ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰਨਾ ਹੈ।
ਅੰਬੇਡਕਰਵਾਦ ਦੇ ਹਿਤੈਸ਼ੀ ਬੁੱਧੀਜੀਵੀ ਅਤੇ ਚੇਤਨ ਦਿਮਾਗ਼ ਲੋਕ ਆਪਣੀ ਸਮੂਹਿਕ ਚੇਤਨਾ ਰਾਹੀਂ, ਅੰਬੇਡਕਰ ਅੰਦੋਲਨ ਨੂੰ ਦਰਪੇਸ਼ ਸਮੱਸਿਆਂਵਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਸਾਹਮਣੇ ਰੱਖਣ ਤਾਂ ਕਿ ਇੱਕ ਮਜ਼ਬੂਤ ਸਮਾਜਿਕ ਲਹਿਰ ਦੇ ਸਾਥ ਸਾਥ  ਆਰਥਿਕ ਤੇ ਰਾਜਨੀਤਕ ਲਹਿਰ ਵੀ ਖੜ੍ਹੀ ਹੋਵੇ ਜੋ ਰਾਜਸੱਤਾ ਤੇ ਕਾਬਜ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਦਲਿਤ,ਸੋਸ਼ਿਤ, ਮਜ਼ਦੂਰ, ਔਰਤਾਂ ਦੇ ਬੁਨਿਆਦੀ ਮਸਲਿਆਂ ਪ੍ਰਤੀ ਸੰਜੀਦਗੀ ਨਾਲ ਸੋਚਣ ਅਤੇ ਹੱਲ ਕਰਨ ਲਈ ਮਜਬੂਰ ਕਰ ਸਕੇ। ਇਸ ਲਈ ਇੱਕ ਸਰਬਸਾਂਝਾ ਫੋਰਮ ਬਣਾਕੇ ਅੰਦੋਲਨ ਖੜ੍ਹਾ ਕਰਨਾ ਸਮੇਂ ਦੀ ਲੋੜ ਹੈ।
ਮੋ. 98145 17499 
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੋਨ ਖੇਡਾਂ ਵਿੱਚ ਸ.ਸ.ਸ ਸ ਹਸਨਪੁਰ( ਲੁਧਿ:)ਦੀ ਝੰਡੀ
Next articleਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੀ ਪੁਸਤਕ ਜੜ੍ਹ – ਮੂਲ ਤੇ ਗੋਸ਼ਟੀ ਕਾਰਵਾਈ