ਜਲੰਧਰ (ਸਮਾਜਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੱਜ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੋਹਣ ਲਾਲ ਸਾਬਕਾ ਡੀ.ਆਈ.ਪੀ.ਆਈ. ਕਾਲਜਿਜ਼ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ‘ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦਾ ਯੋਗਦਾਨ’ ਅਤੇ ‘ਸੰਵਿਧਾਨ: ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਾਸਤੇ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ’ ਵਿਸ਼ਿਆਂ ’ਤੇ ਅੰਬੇਡਕਰ ਭਵਨ ਵਿਖੇ 9 ਜਨਵਰੀ, 2022 ਐਤਵਾਰ ਨੂੰ ਸਵੇਰੇ 11.00 ਵਜੇ ਵਿਚਾਰ ਗੋਸ਼ਟੀ ਕਰਨ ਦਾ ਫੈਸਲਾ ਕੀਤਾ ਗਿਆI ‘ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦਾ ਯੋਗਦਾਨ’ ਵਿਸ਼ੇ ਤੇ ਸ਼੍ਰੀ ਚਰਨ ਦਾਸ ਸੰਧੂ ਅਤੇ ‘ਸੰਵਿਧਾਨ: ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਾਸਤੇ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ’ ਵਿਸ਼ੇ ’ਤੇ ਮਸ਼ਹੂਰ ਅੰਬੇਡਕਰਵਾਦੀ, ਲੇਖਕ ਅਤੇ ਚਿੰਤਕ ਸ਼੍ਰੀ ਲਾਹੌਰੀ ਰਾਮ ਬਾਲੀ ਮੁੱਖ ਬੁਲਾਰੇ ਹੋਣਗੇ. ਮੀਟਿੰਗ ਵਿੱਚ ਬਾਬਾ ਸਾਹਿਬ ਡਾ: ਅੰਬੇਡਕਰ ਦਾ ਜਨਮ ਦਿਨ 14 ਅਪ੍ਰੈਲ 2022 ਨੂੰ ਅੰਬੇਡਕਰ ਭਵਨ ਵਿਖੇ ਉੱਚ ਪੱਧਰ ‘ਤੇ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਲਾਹੌਰੀ ਰਾਮ ਬਾਲੀ, ਡਾ. ਰਵੀ ਕਾਂਤ ਪਾਲ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਐਡਵੋਕੇਟ ਹਰਭਜਨ ਸਾਂਪਲਾ, ਮੈਡਮ ਸੁਦੇਸ਼ ਕਲਿਆਣ, ਹਰਭਜਨ ਨਿਮਤਾ ਆਦਿ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)