ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ ਹੈ – ਬਾਲੀ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੱਜ ਅੰਬੇਡਕਰ ਭਵਨ, ਅੰਬੇਡਕਰ ਮਾਰਗ, ਜਲੰਧਰ, ਵਿਖੇ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਦੇ ਜਨਮ ਦਿਨ ਸਬੰਧੀ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਹਰਮੇਸ਼ ਜੱਸਲ, ਟਰੱਸਟੀ ਅੰਬੇਡਕਰ ਭਵਨ ਟਰੱਸਟ ਵੱਲੋਂ ਬੁੱਧ ਵੰਦਨਾ ਨਾਲ ਕੀਤੀ ਗਈ। ਸਮਾਗਮ ਵਿੱਚ ਸ੍ਰੀ ਅਸ਼ੋਕ ਸਹੋਤਾ (ਐਮ. ਏ. ਰਾਜਨੀਤੀ ਸ਼ਾਸਤਰ, ਅੰਗਰੇਜ਼ੀ, ਪੰਜਾਬੀ) ਮੁੱਖ ਬੁਲਾਰੇ ਸਨ। ਸ੍ਰੀ ਸਹੋਤਾ ਨੇ ਸਮਾਜਿਕ ਲੋਕਤੰਤਰ ‘ਤੇ ਬੋਲਦਿਆਂ ਕਿਹਾ ਕਿ ਭਾਰਤ ਇੱਕ ਮਹਾਨ ਲੋਕਤੰਤਰੀ ਦੇਸ਼ ਹੈ। ਬਾਬਾ ਸਾਹਿਬ ਨੇ ਵੋਟ ਦਾ ਅਧਿਕਾਰ, ‘ਇੱਕ ਵੋਟ ਇੱਕ ਮੁੱਲ’ ਦੇ ਕੇ ਸਾਰੇ ਭਾਰਤੀਆਂ ਨੂੰ ਰਾਜਨੀਤਿਕ ਤੌਰ ‘ਤੇ ਬਰਾਬਰ ਬਣਾਇਆ।
ਪਰ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਰਤ ਦੇ ਲੋਕ ਆਰਥਿਕ ਅਤੇ ਸਮਾਜਿਕ ਤੌਰ ‘ਤੇ ਬਰਾਬਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ‘ਤੇ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਗੈਰ ਸਮਾਨਤਾ ਖਤਰਨਾਕ ਸਾਬਤ ਹੋ ਸਕਦੀ ਹੈ। ਸ੍ਰੀ ਆਨੰਦ ਬਾਲੀ ਕੈਨੇਡਾ ਅਤੇ ਸ੍ਰੀ ਓ ਪੀ ਆਜ਼ਾਦ ਯੂ.ਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ । ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਅੰਬੇਡਕਰਵਾਦੀ, ਲੇਖਕ ਅਤੇ ਚਿੰਤਕ, ਭੀਮ ਪੱਤਰਿਕਾ ਦੇ ਸੰਪਾਦਕ ਸ਼੍ਰੀ ਐਲ ਆਰ ਬਾਲੀ ਨੇ ਕੀਤੀ। ਸ੍ਰੀ ਬਾਲੀ ਨੇ ਕਿਹਾ ਕਿ ਜੇਕਰ ਅਨੁਸੂਚਿਤ ਜਾਤੀ ਦੇ ਦੋ ਭਾਈਚਾਰਿਆਂ ਦੇ ਲੋਕ ਇਕੱਠੇ ਹੋ ਜਾਣ ਤਾਂ ਉਨ੍ਹਾਂ ਨੂੰ ਭਾਰਤ ਦਾ ਹਾਕਮ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਦਲਿੱਤਾਂ ਤੇ ਅਤਿਆਚਾਰ ਦਿਨੋ ਦਿਨ ਵੱਧ ਰਹੇ ਹਨ ਜੋ ਅੱਛੇ ਸੰਕੇਤ ਨਹੀਂ ਹਨ। ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ.ਜੀ.ਸੀ.ਕੌਲ ਐੱਮ.ਏ.ਪੀ.ਐੱਚ.ਡੀ. ਅਤੇ ਸ਼੍ਰੀ ਜਸਵਿੰਦਰ ਵਰਿਆਣਾ, ਸੂਬਾ ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਸ਼੍ਰੀ ਸੋਹਣ ਲਾਲ ਸਾਬਕਾ ਡੀਪੀਆਈ (ਕਾਲਜਾਂ) ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਸੁਸਾਇਟੀ ਦੇ ਮੀਤ ਪ੍ਰਧਾਨ ਡਾ: ਰਵੀ ਕਾਂਤ ਪਾਲ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰੀ ਜਗਤਾਰ ਵਰਿਆਣਵੀ ਐਂਡ ਪਾਰਟੀ ਨੇ ਮਿਸ਼ਨਰੀ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਐਡਵੋਕੇਟ ਕੁਲਦੀਪ ਭੱਟੀ ਅਤੇ ਚਰਨ ਦਾਸ ਸੰਧੂ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਸ਼੍ਰੀ ਐਲ ਆਰ ਬਾਲੀ ਦੁਆਰਾ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਪੁਸਤਕ ‘ਡਾ. ਬੀ ਆਰ ਅੰਬੇਡਕਰ ਲਾਈਫ ਐਂਡ ਮਿਸ਼ਨ’ , ਹਰਬੰਸ ਵਿਰਦੀ ਦੁਆਰਾ ਲਿਖੀ ਗਈ ਪੁਸਤਕ ‘ਆਜ਼ਾਦੀ ਦਾ ਮਾਰਗ’ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੁਆਰਾ ‘ਭਾਰਤੀ ਨੌਜਵਾਨਾਂ ਦੀਆਂ ਸਮੱਸਿਆਵਾਂ’ ਵਿਸ਼ੇ ‘ਤੇ ਪ੍ਰਕਾਸ਼ਿਤ ਕੀਤਾ ਗਿਆ ਸੋਵੀਨਾਰ ਵੀ ਰਿਲੀਜ ਕੀਤੇ ਗਏ। ਮੰਚ ਤੋਂ ਤਿੰਨ ਰੇਸੋਲੂਸ਼ਨ ਜਾਰੀ ਕਰ ਕੇ ਸਰਕਾਰ ਨੂੰ ਬੇਨਤੀ ਕੀਤੀ ਗਈ : (1)- ਜੋ ਪੰਜਾਬ ਵਿਚ ਪ੍ਰੀਤਮ ਫਿਲਮ ਪ੍ਰੋਡਕਸ਼ਨ ਦੁਆਰਾ ਬਾਬਾਸਾਹਿਬ ਡਾ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ਾਂ ਤੇ ਐਨੀਮੇਟਡ ਫਿਲਮ “ਜੈ ਭੀਮ” ਰਿਲੀਜ ਹੋਈ ਹੈ, ਉਸਦਾ ਟੈਕਸ ਮਾਫ ਕਰਕੇ ਟੈਕਸ ਫ੍ਰੀ ਕੀਤੀ ਜਾਵੇ। (2) – ਪੰਜਾਬ ਵਿਚ ਮਿਨੋਰਟੀ ਕਮਿਸ਼ਨ ਬਣਾ ਕੇ ਉਸਦੀਆਂ ਮੀਟਿੰਗਾਂ ਕੀਤੀਆਂ ਜਾਣ। (3 ) – ਬਾਬਾ ਸਾਹਿਬ ਡਾ. ਅੰਬੇਡਕਰ ਦਾ ਸਾਹਿਤ ‘ਬਾਬਾ ਸਾਹਿਬ ਡਾ. ਅੰਬੇਡਕਰ ਰਈਟਿੰਗਜ਼ ਐਂਡ ਸਪੀਚੇਜ’ ਕਾਫੀ ਸਮੇਂ ਤੋਂ ਆਊਟ ਆਫ ਸਟਾਕ ਹੈ, ਉਸਨੂੰ ਤੁਰੰਤ ਛਾਪਿਆ ਜਾਵੇ। .
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਭਾਰਦਵਾਜ, ਡਾ: ਰਾਹੁਲ ਕੁਮਾਰ, ਡਾ: ਮਹਿੰਦਰ ਸੰਧੂ, ਪਿਸ਼ੋਰੀ ਲਾਲ ਸੰਧੂ, ਮਲਕੀਅਤ ਖਾਂਬਰਾ, ਚਮਨ ਸਾਂਪਲਾ, ਗੁਰਦਰਸ਼ਨ ਬੰਗੜ, ਬਲਵੰਤ ਭਾਟੀਆ, ਪਿ੍ੰਸੀਪਲ ਪਰਮਜੀਤ ਜੱਸਲ, ਸਤ ਪਾਲ ਸੁਮਨ, ਪਿਆਰਾ ਲਾਲ ਚਾਹਲ ਏ.ਸੀ.(ਆਈ.ਟੀ. ), ਡਾ. ਆਰ ਐਲ ਜੱਸੀ ਸਾਬਕਾ ਏ.ਡੀ.ਜੀ.ਪੀ (ਜੰਮੂ-ਕਸ਼ਮੀਰ), ਪ੍ਰਿੰਸੀਪਲ ਤੀਰਥ ਬਸਰਾ, ਪ੍ਰਿੰਸੀਪਲ ਚੰਦਰ ਕਾਂਤਾ, ਡਾ.ਕੇਵਲ, ਕ੍ਰਿਸ਼ਨ ਕਲਿਆਣ, ਮੈਡਮ ਸੁਦੇਸ਼ ਕਲਿਆਣ, ਦਰਸ਼ਨ ਲਾਲ ਜੇਠੂਮਜਾਰਾ, ਪ੍ਰੋ: ਬਲਬੀਰ, ਡੀ.ਪੀ. ਭਗਤ, ਪਰਮ ਦਾਸ ਹੀਰ, ਮਲਕੀਤ ਸਿੰਘ ਦਿਓਲ ਨਗਰ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ , ਪ੍ਰੋ: ਅਸ਼ਨੀ ਜੱਸਲ, ਰਾਜ ਕੁਮਾਰ ਵਰਿਆਣਾ, ਵਿਪਨ ਕੁਮਾਰ ਸਾਬਕਾ ਕੌਂਸਲਰ,ਨਿਰਮਲ ਬਿੰਜੀ, ਐਡਵੋਕੇਟ ਰਜਿੰਦਰ ਬੋਪਾਰਾਏ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਮਧੂ ਰਚਨਾ, ਮਿਸ ਪ੍ਰੀਤਿ ਕੌਲਧਾਰ , ਮਿਸ ਬੁੱਧ ਪ੍ਰਿਆ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿਚ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly